ਅੰਮ੍ਰਿਤਸਰ, 27 ਫ਼ਰਵਰੀ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਦੇ ਬਾਨੀ ਪ੍ਰਧਾਨ ਸ. ਹਰਮੋਹਨ ਸਿੰਘ ਬੇਦੀ ਜੋ ਕਿ 23 ਫ਼ਰਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ ਦੀ ਅੰਤਿਮ ਅਰਦਾਸ ਪਹਿਲੀ ਮਾਰਚ ਦਿਨ ਐਤਵਾਰ ਦੁਪਹਿਰ 1 ਤੋਂ 2 ਵਜੇ ਤੀਕ ਗੁਰਦੁਆਰਾ ਡੀ ਬਲਾਕ ਰਣਜੀਤ ਐਵਿਨਿਊ ਅੰਮ੍ਰਿਤਸਰ ਜੋ ਕਿ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਸਾਹਮਣੇ ਹੈ ਵਿਖੇ ਹੋਏਗੀ। ਗੁਰਬਾਣੀ ਦੇ ਮਨੋਹਰ ਕੀਰਤਨ ਉਪਰੰਤ ਉਨ੍ਹਾਂ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਅੰਮ੍ਰਿਤਸਰ ਵਿਕਾਸ ਮੰਚ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਵਰੋਸਾਈ ਹੋਈ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਖੂਬਸੂਰਤ ਬਨਾਉਣ ਅਤੇ ਇਸ ਦੇ ਸਰਬਪੱਖੀ ਵਿਕਾਸ ਲਈ 1992 ਵਿਚ ਅੰਮ੍ਰਿਤਸਰ ਵਿਕਾਸ ਮੰਚ ਬਣਾਇਆ ਗਿਆ।ਸ. ਹਰਮੋਹਨ ਸਿੰਘ ਬੇਦੀ ਨੂੰ ਬਤੌਰ ਪ੍ਰਧਾਨ ਤੇ ਉਨ੍ਹਾਂ ਨੂੰ ਬਤੌਰ ਜਨਰਲ ਸਕੱਤਰ ਸੇਵਾ ਕਰਨ ਦਾ ਕੰਮ ਸੌਂਪਿਆ ਗਿਆ।
ਉਨ੍ਹਾਂ ਦੀ ਅਗਵਾਈ ਵਿਚ ਦੋ ਜਨਹਿਤ ਪਟੀਸ਼ਨਾਂ ਹਾਈਕੋਰਟ ਵਿਚ ਪਾਈਆਂ ਗਈਆਂ। ਇਨ੍ਹਾਂ ਵਿਚੋਂ ਇਕ ਦਾ ਸਬੰਧ ਕਾਰਪੋਰੇਸ਼ਨ ਦੀ ਹਦੂਦ ਅੰਦਰੋਂ ਪਸ਼ੂਆਂ ਦੀਆਂ ਡੇਅਰੀਆਂ ਨੂੰ ਝਬਾਲ ਰੋਡ ਵਿਖੇ ਤਬਦੀਲ ਕਰਨਾ ਤੇ ਦੂਜੀ ਦਾ ਸਬੰਧ ਰਾਮ ਬਾਗ ਵਿਚ ਚਲ ਰਹੇ ਕਲਬਾਂ ਬਾਰੇ ਸੀ ਕਿਉਂਕਿ ਇਨ੍ਹਾਂ ਦੀ ਲੀਜ ਕਈ ਸਾਲ ਪਹਿਲਾਂ ਖਤਮ ਹੋ ਚੁੱਕੀ ਸੀ । ਅੰਮ੍ਰਿਤਸਰ ਨੂੰ ਰਾਜਧਾਨੀ ਬਣਾਉਣ ਅਤੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਸਹੀ ਅਰਥਾਂ ਵਿਚ ਅੰਤਰ-ਰਾਸ਼ਟਰੀ ਹਵਾਈ ਅੱਡਾ ਬਨਾਉਣ ਦੀ ਮੁਹਿੰਮ ਚਲਾਈ ਗਈ। ਅੰਮ੍ਰਿਤਸਰ ਸ਼ਹਿਰ ਦਾ ਸਥਾਪਨਾ ਦਿਵਸ ਮਨਾਉਣ ਅਤੇ ਬਹੁ-ਰੰਗੀ ਸੋਵੀਨੀਅਰ ਪ੍ਰਕਾਸ਼ਿਤ ਕਰਨ ਦੀ ਪਿਰਤ ਪਾਈ ਗਈ। ਸ਼ਹਿਰ ਦੀਆਂ ਸੜਕਾਂ ਦੇ ਵਿਸਥਾਰ ਲਈ ਯੋਜਨਾਵਾਂ ਪੇਸ਼ ਕੀਤੀਆਂ ਗਈਆਂ। ਅੰਮ੍ਰਿਤਸਰ ਦੇ ਵਿਰਸੇ ਦੀ ਸੰਭਾਲ ਸੰਬੰਧੀ ਸੈਮੀਨਾਰ ਕਰਾਉਣੇ, ਅੰਮ੍ਰਿਤਸਰ ਦੀ ਯੋਜਨਾਬੰਦੀ ਸੰਬੰਧੀ ਸੈਮੀਨਾਰ ਕਰਾਉਣਾ ਅਤੇ ਹਰ ਸਾਲ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਵਰਗੀਆਂ ਸਰਗਰਮੀਆਂ ਵੀ ਸ਼ੂਰੂ ਕੀਤੀਆਂ ਗਈਆਂ।
ਉਹ ਇਕ ਚੰਗੇ ਅਧਿਆਪਕ ਸਨ। ਉਹ ਸਰਕਾਰੀ ਹਾਈ ਸਕੂਲ ਚੱਬੇ ਤੋਂ 1988 ਵਿਚ ਬਤੌਰ ਮੁੱਖ-ਅਧਿਆਪਕ ਸੇਵਾ ਮੁਕਤ ਹੋਏ। ਸੇਵਾ ਮੁਕਤੀ ਪਿੱਛੋਂ ਕਈ ਸੰਸਥਾਵਾਂ ਨਾਲ ਜੁੜੇ।ਵਿਕਾਸ ਮੰਚ ਦੇ 12 ਸਾਲ ਪ੍ਰਧਾਨ ਰਹੇ। ਉਹ ਗੁਰੂ ਨਾਨਕ ਗੁਰਪੁਰਬ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ, ਸ੍ਰੀ ਸੰਤ ਸਿੰਘ ਮਸਨੀਕ ਵੱਲੋਂ ਬਣਾਈ ਵਿਸ਼ਵ ਪ੍ਰਚਾਰਕ ਸੰਸਥਾ ਦੇ ਦਫ਼ਤਰ ਸਕੱਤਰ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਵਿਦਿਅਕ ਕਮੇਟੀ ਦੇ ਮੈਂਬਰ, ਸ੍ਰੀ ਗੁਰੂ ਰਾਮਦਾਸ ਗੁਰਪੁਰਬ ਕਮੇਟੀ ਅਤੇ ਰਣਜੀਤ ਐਵੀਨਿਊ ਵੈਲਫੇਅਰ ਸੋਸਾਇਟੀ ਦੇ ਸਰਗਰਮ ਮੈਂਬਰ ਰਹੇ। ਉਨ੍ਹਾਂ 10 ਸਾਲ ਗੁਰਦੁਆਰਾ ਟੋਭਾ ਭਾਈ ਸਾਲੋ ਜੀ ਦੀ ਲੰਗਰ ਕਮੇਟੀ ਦੇ ਮੈਂਬਰ ਬਣ ਕੇ ਸੇਵਾ ਕੀਤੀ। ਉਹ ਇਕ ਨੇਕ ਦਿਲ, ਸਭ ਨੂੰ ਪਿਆਰ ਕਰਨ ਵਾਲੀ ਹਰਮਨ ਪਿਆਰੀ ਸ਼ਖ਼ਸ਼ੀਅਤ ਦੇ ਮਾਲਕ ਸਨ।
ਉਨ੍ਹਾਂ ਦਾ ਜਨਮ 8 ਅਗਸਤ 1930 ਨੂੰ ਪਿੰਡ ਧਾਰੋਵਾਲੀ ਤਹਿਸੀਲ ਡੇਰਾ ਬਾਬਾ ਨਾਨਕ,ਜਿਲਾ ਗੁਰਦਾਸਪੁਰ ਵਿਖੇ ਸ. ਗੁਰਬਚਨ ਸਿੰਘ ਬੇਦੀ ਦੇ ਗ੍ਰਹਿ ਵਿਖੇ ਹੋਇਆ ਜੋ ਸੇਵਾ ਮੁਕਤ ਜਿਲਾ ਸਿੱਖਿਆ ਅਫ਼ਸਰ ਸਨ।ਉਹ ਆਪਣੇ ਪਿੱਛੇ ਸਪਤਨੀ ਤੇ 2 ਬੇਟੇ ਛਡ ਗਏ ਹਨ।ਉਨ੍ਹਾਂ ਦੀ ਸਪਤਨੀ ਪਿ੍ਰੰਸੀਪਲ ਦਵਿੰਦਰ ਕੌਰ, ਗੁਰੂ ਨਾਨਕ ਕੰਨਿਆ ਸੀ. ਸੈ. ਸਕੂਲ,ਟਾਊਨ ਹਾਲ,ਅੰਮ੍ਰਿਤਸਰ ਤੋਂ 1992 ਵਿਚ ਸੇਵਾ ਮੁਕਤ ਪ੍ਰਿੰਸੀਪਲ ਹਨ। ਉਨ੍ਹਾਂ ਦਾ ਵੱਡਾ ਬੇਟਾ ਸ. ਹਰਵਿੰਦਰ ਸਿੰਘ ਬੇਦੀ ਇੰਡੀਅਨ ਆਇਲ ਕਾਰਪੋਰੇਸ਼ਨ ,ਮੁਬੰਈ ਵਿਖੇ ਕਾਰਜਕਾਰੀ ਡਾਇਰੈਕਟਰ ਹੈ ਤੇ ਛੋਟਾ ਬੇਟਾ ਸ. ਗੁਰਬਖਸ਼ ਸਿੰਘ ਬੇਦੀ ਪੋਲਟਰੀ ਬਿਜਨੈਸ ਦਾ ਵਪਾਰੀ ਹੈ। ਸਭ ਨੂੰ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media