Saturday, May 31, 2025
Breaking News

ਖਾਮੋਸ਼ ਤੂਫਾਨ

ਕਹਾਣੀ


– ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਗੁੱਡੀ ਇੱਕ ਤਾਲ ਵਿੱਚ ਵਾਰੀ ਵਾਰੀ ਆਪਣੀਆਂ ਬਾਹਾਂ ਹਿਲਾ ਰਹੀ ਸੀ। ਹੈਪੀ ਡੇ (ਖੁਸ਼ ਦਿਨ) ਰਹਿ ਰਹੀ ਸੀ। ਗ਼ਾਜ਼ਾ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਬੇਹੋਸ਼ ਪਈ ਚਾਰ ਸਾਲਾ ਫਲਸਤੀਨੀ ਬੱਚੀ ਸ਼ਿਆਮਾ ਅਲ-ਮਸਰੀ ਦੀ ਬਾਂਹ ਗੁੱਡੀ ਦੀ ਲੱਤ ਉੱਤੇ ਟਿਕੀ ਹੋਈ ਸੀ। ਅਮਰੀਕਾ ਦੀ ਸ਼ਹਿ ਅਤੇ ਸਹਾਇਤਾ ਨਾਲ ਇਸਰਾਈਲ ਨਿੱਕੀ ਜਿਹੀ  ਗਾਜ਼ਾਪੱਟੀ ਦੀ ਹਮਾਸ ਸਰਕਾਰ ਦੀ ਅਜ਼ਾਦ ਹਸਤੀ ਖਤਮ ਕਰਨਾ ਚਾਹੁੰਦਾ ਸੀ। ਇੱਕ ਵਾਰ ਫਿਰ ਉਸਨੇ ਹਵਾਈ ਤੇ ਜ਼ਮੀਨੀ ਹਮਲਾ ਕਰ ਦਿੱਤਾ ਸੀ। ਇਸਰਾਈਲ ਦੀ ਬੰਬਾਰੀ ਨਾਲ ਗ਼ਾਜ਼ਾ ਪੱਟੀ ਦੇ ਕਰੀਬ ੧੫੦੦  ਨਾਗਰਿਕ ਮਾਰੇ ਗਏ ਸਨ। ਬਿਜਲੀ ਘਰ, ਸਕੂਲ, ਹਸਪਤਾਲ ਤਬਾਹ ਕਰ ਦਿੱਤੇ ਸਨ। ਮਾਨਵ ਪੱਖੀ ਅੱਧੀ ਦੁਨੀਆਂ ਇਸਰਾਈਲ ਦੇ ਹੈਂਕੜੀ ਵਤੀਰੇ ਵਿਰੁੱਧ ਖਫਾ ਸੀ, ਪਰ ਬੇਵੱਸ।  ਸ਼ਿਆਮਾ ਅਲ-ਮਸਰੀ ਦੀ ਮਾਂ ਤੇ ਵੱਡੀ ਭੈਣ ਘਰ ਉੱਤੇ ਡਿੱਗੇ ਬੰਬ ਦੇ ਧਮਾਕੇ ਕਾਰਨ ਮਾਰੀਆਂ ਗਈਆਂ ਸਨ।
ਹਸਪਤਾਲ ਜ਼ਖਮੀਆਂ ਨਾਲ ਭਰਿਆ ਪਿਆ ਸੀ। ਡਾਕਟਰਾਂ ਤੇ ਨਰਸਿੰਗ ਅਮਲਾ ਤੇਜ਼ੀ ਨਾਲ ਮਰੀਜ਼ਾਂ ਦੀ ਮਲਮਪੱਟੀ ਕਰ ਰਹੇ ਸਨ। ਗੰਭੀਰ ਜ਼ਖਮੀ ਸ਼ਿਆਲਾ ਅਲ-ਮਸਰੀ ਬੇਹਰਦਤ ਪਈ ਸੀ। ਸੋਹਣੀ ਗੁਲਾਬੀ ਫਰਾਕ ਪਈ ਗੁੱਡੀ ਹਰਕਤ ਵਿੱਚ ਸੀ। ਹੈਪੀ ਡੇ ਕਹਿ ਰਹੀ ਸੀ।
– ਬਾਪੂ ਜੀ ਮੈਂ ਵੇਖ ਰਹੀ ਹਾਂ, ਕਾਫੀ ਦੇਰ ਤੋਂ ਤੁਹਾਡੀ ਨਿਗਾਹ ਅਖਬਾਰ ਦੀ ਇਕ ਹੀ ਖਬਰ ਉਤੇ ਟਿਕੀ ਹੋਈ ਹੈ। ਕੀ ਸੋਚ ਰਹੇ ਹੋ?
– ਇਹ ਤਸਵੀਰ ਵੇਖ ਰਿਹਾ ਹਾਂ। ਬਸ ਏਥੇ ਹੀ ਨਿਗਾਹ ਅਟਕ ਗਈ ਹੈ।
ਮੈਂ ਅਖਬਾਰ ਦੀ ਤਸਵੀਰ ਤੇ ਖਬਰ ਵਾਲਾ ਸਫਾ ਖੁਸ਼ੀ ਦੇ ਸਾਹਮਣੇ ਕਰ ਦਿੱਤਾ।
ਖੁਸ਼ੀ ਹਾਲੀ ਅੰਗ੍ਰੇਜ਼ੀ ਪੂਰੀ ਤਰ੍ਹਾਂ ਨਹੀਂ ਸੀ ਪੜ੍ਹ ਸਕਦੀ। ਮੋਟੇ ਮੋਟੇ ਅੱਖਰ ਪੜ੍ਹ ਲੈਂਦੀ ਸੀ। ਖੁਸ਼ੀ ਦੀ ਨਿਗਾਹ ਬੇਹਰਕਤ ਪਈ ਜ਼ਖਮੀ ਬੱਚੀ ਤੋਂ ਵਧ ਨੇੜੇ ਪਈ ਗੁੱਡੀ ਉਤੇ ਸੀ। ਕਿੰਨੀ ਖੂਬਸੂਰਤ ਗੁੱਡੀ ਹੈ। ਚਮਕਦਾਰ ਗੁਲਾਬੀ ਫਰਾਕ। ਬੋਲ ਰਹੀ ਹੈ- ਹੈਪੀ ਡੇ!
ਮੇਰੀਆਂ ਦੋ ਬੇਟੀਆਂ ਹਨ ਨਵਸੰਗੀਤ ਤੇ ਨਵਕਵਿਤਾ। ਦੋਵੇਂ ਆਪਣੇ ਆਪਣੇ ਫਲੈਟ ਵਿੱਚ ਚੰਡੀਗੜ੍ਹ ਰਹਿੰਦੀਆਂ ਹਨ।
ਮੇਰੀਆਂ ਦੋ ਬੇਟੀਆਂ ਹਨ- ਖੁਸ਼ੀ ਤੇ ਜਾਮਨੀ। ਦੋਵੇਂ ਮੇਰੇ ਨੇੜੇ ਰਹਿੰਦੀਆਂ ਹਨ।
ਮੈਂ ਬੇਟੀਆਂ ਨੂੰ ਸਕੂਲ ਦਾਖਲ ਕਰਵਾਣਾ ਸੀ। ਸਰਕਾਰੀ ਪ੍ਰਾਇਮਰੀ ਸਕੂਲ ਹੀ ਠੀਕ ਹੈ। ਮੈਂ ਪਤਾ ਕਰਨ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਦੀ ਮੁਖ ਅਧਿਆਪਕਾ ਮਧੂ, ਮੇਰੀ ਪੁਰਾਣੀ ਵਿਦਿਆਰਥਣ ਸੀ। ਉਸ ਨੇ ਮੈਨੂੰ ਦੱਸਿਆ, ਸਕੂਲ ਵਿੱਚ ਹਾਲੀ ਕੁਝ ੪੫ ਵਿਦਿਆਰਥੀ ਸਨ। ਵੀਹ ਬੱਚੇ ਹਾਜ਼ਰ ਸਨ। ਵੀਹ ਬੱਚੇ ਛੱਟ ਪੂਜਾ ਲਈ ਆਪਣੇ ਮਾਪਿਆਂ ਨਾਲ ਬਿਹਾਰ ਗਏ ਹੋਏ ਹਨ। ਸਾਰੇ ਕਿਰਤੀ ਕਾਮਿਆਂ, ਛੋਟੇ ਕਿਸਾਨਾਂ, ਮਜ਼ਦੂਰਾਂ, ਦਿਹਾੜੀਦਾਰਾਂ ਦੇ ਬੱਚੇ ਸਨ।
ਸਾਰੀਆਂ ਪੰਜ ਜਮਾਤਾਂ ਦੇ ਬੱਚੇ, ਬਾਹਰ ਸਕੂਲ ਦੇ ਨਿੱਕੇ ਨਿੱਕੇ ਜਿਹੇ ਵਿਹੜੇ ਵਿੱਚ, ਰੁੱਖਾਂ ਦੀ ਡਬਖੜੱਬੀ ਛਾਂ ਹੇਠਾਂ ਬੈਠੇ ਹੋਏ ਸਨ। ਸਕੂਲ ਦੀ ਮੁਖੀ ਮਧੂ ਤੋਂ ਇਲਾਵਾ ਦੋ ਹੋਰ ਅਧਿਆਪਕਾਂਵਾਂ ਸਨ। ਇਕ ਅਧਿਆਪਕਾ ਕਿਸੇ ਸੈਮੀਨਾਰ ਉਤੇ ਗਈ ਹੋਈ ਸੀ। ਇਕ ਹੀ ਅਧਿਆਪਕਾ ਪੰਜ ਜਮਾਤਾਂ ਨੂੰ ਇਕੱਠੇ ਕਰੀ ਬੈਠੀ ਸੀ। ਬੱਚਿਆਂ ਨੇ ਆਪਣੇ ਬੰਦ ਹੋਠਾਂ ਉਤੇ ਖੱਬੇ ਹੱਥ ਦੀ ਇਕ ਉਂਗਲ ਰੱਖੀ ਹੋਈ ਸੀ। ਸੱਜੇ ਹੱਥ ਨਾਲ ਉਹ ਕੁਝ ਲਿਖ ਰਹੇ ਸਨ। ਆਸੇ ਪਾਸੇ ਝਾਕ ਰਹੇ ਸਨ।
ਮੈਂ ਸਕੂਲ ਮੁਖੀ ਮਧੂ ਨਾਲ ਫਿਰ ਤੁਰ ਕੇ ਸਕੂਲ ਵੇਖ ਰਿਹਾ ਸਾਂ। ਸਕੂਲ ਦੇ ਚਾਰੇ ਪਾਸੇ ਕਮਰੇ ਸਨ। ਸਕੂਲ ਅੰਦਰ ਸਫੈਦੇ ਤੇ ਨਿੰਮਾਂ ਦੇ ਰੁੱਖ ਸਨ। ਖੇਡ ਗਰਾਊਂਡ ਹੈ ਨਹੀਂ ਸੀ। ਬਾਹਰਲਾ ਗੇਟ ਪਿਛਲੀ ਸਦੀ ਦਾ, ਡਾਟਾਂ ਨਾਲ ਬਣਿਆ ਅਰਧ ਕਮਾਨ ਦਾ ਵੱਡਾ ਸਾਰਾ ਦਰਵਾਜ਼ਾ ਸੀ। ਲੱਕੜ ਦਾ ਵੱਡਾ ਸਾਰਾ ਦੋ ਤਖਤਿਆਂ ਵਾਲਾ ਦਰਵਾਜ਼ਾ ਸੀ। ਦਰਵਾਜ਼ੇ ਵਿੱਚ ਇਕ ਨਿੱਕੀ ਜਿਹੀ ਖਿੜਕੀ ਸੀ। ਦਰਵਾਜ਼ੇ ਵਿੱਚ ਥਾਂ ਥਾਂ ਵਿਰਲਾਂ ਸਨ। ਸਕੂਲ ਇਕ ਸਦੀ ਪਹਿਲਾਂ ਦਾ ਬਣਿਆ ਲੱਗਦਾ ਸੀ। ਨਿੱਕੀਆਂ ਨਾਨਕਸ਼ਾਹੀ ਇੱਟਾਂ ਵਿੱਚੋਂ ਕੱਲਰ ਡਿੱਗ ਰਿਹਾ ਸੀ। ਕਈ ਥਾਂ ਕਮਰਿਆਂ ਦੀਆਂ ਕੰਧਾਂ ਵਿੱਚ ਮਘੋਰ, ਵੱਡੀਆਂ ਇੱਟਾਂ ਨਾਲ ਭਰੇ ਹੋਏ ਸਨ। ਕਮਰਿਆਂ ਦੇ ਲੱਕੜ ਦੇ ਦਰਵਾਜ਼ੇ ਸਨ। ਕਿਤੇ ਕਿਤੇ ਲੋਹੇ ਦੇ ਦਰਵਾਜ਼ੇ ਵੀ ਸਨ। ਖਿੜਕੀਆਂ ਵਿੱਚ ਸਿਰਫ ਸਰੀਏ ਹੀ ਸਨ। ਤਖਤੇ ਨਹੀਂ ਸਨ। ਕਮਰਿਆਂ ਅੰਦਰ ਇੱਟਾਂ ਦੀ ਫਰਸ਼ ਵਿੱਚ ਥਾਂ ਥਾਂ ਡੂੰਘੇ ਕੁਭ ਪੈ ਹੋਏ ਸਨ। ਬਿਲ ਨਾ ਦੇਣ ਕਰਕੇ ਸਕੂਲ ਦਾ ਬਿਜਲੀ ਕੁਨੈਕਸ਼ਨ ਕਈ ਸਾਲ ਪਹਿਲਾਂ ਕੱਟਿਆ ਗਿਆ ਸੀ। ਸਕੂਲ ਦੀਆਂ ਦੀਵਾਰਾਂ ਨਾਲ ਖੇਤ ਲਗਦੇ ਸਨ। ਝੋਨਾ ਲਗਾਇਆ ਜਾ ਰਿਹਾ ਸੀ। ਹੁੰਮਸ ਸੀ-ਘੁਟਨ ਸੀ।
ਸਕੂਲ ਦੀ ਸੱਜੀ ਬਾਹੀ ਦੇ ਚਾਰ ਕਮਰੇ ਬੱਚਿਆਂ ਲਈ ਵਰਜਿਤ ਸਨ। ਕਈ ਸਾਲਾਂ ਤੋਂ ਮੁਰੰਮਤ ਨਾ ਹੋਣ ਕਰਕੇ ਕਮਰੇ ਖ਼ਤਰਨਾਕ ਘੋਸ਼ਤ ਕੀਤੇ ਗਏ ਸਨ। ਛੱਤ ਜਾਂ ਦੀਵਾਰ ਕਿਸੇ ਵੇਲੇ ਵੀ ਡਿੱਗ ਸਕਦੀ ਸੀ। ਤਖਤੇ ਹੀਣੇ ਦਰਵਾਜ਼ਿਆਂ ਵਿੱਚ ਕੰਡਿਆਲੀਆਂ ਝਾੜੀਆਂ, ਰੁੱਖਾਂ ਦੀਆਂ ਸੁੱਕੀਆਂ ਟਾਹਣੀਆਂ ਫਸਾਈਆਂ ਹੋਈਆਂ ਸਨ।
ਸ਼ਹਿਰ ਵਿੱਚ ਨਿੱਜੀ ਅਖੌਤੀ ਮਾਡਲ ਸਕੂਲ ਕਈ ਸਨ। ਬਹੁਤੇ ਸਕੂਲਾਂ ਵਿੱਚ ਇੱਕ ਹੀ ਪਰਿਵਾਰ ਦੀ ਮਾਲਕੀ ਹੇਠ ਸਨ। ਪ੍ਰਿੰਸੀਪਲ ਨੇ ਆਪਣੇ ਘਰ ਦੇ ਮੈਂਬਰ ਹੀ ਅਧਿਆਪਕ ਰੱਖੇ ਹੋਏ ਸਨ। ਮੈਂ ਇਕ ਐਸੇ ਨਿੱਜੀ ਸਕੂਲ ਵਿੱਚ ਗਿਆ, ਜਿਸ ਦੀ ਮਾਲਕ ਨਿਰੋਲੀ ਨਿੱਜੀ ਨਹੀਂ ਸੀ। ਇਕ ਧਨਾਢ ਕਮੇਟੀ ਇਸ ਸਕੂਲ ਦਾ ਪ੍ਰਬੰਧ ਕਰ ਰਹੀ ਸੀ। ਮੈਂ ਦੋਹਾਂ ਬੱਚੀਆਂ – ਖੁਸ਼ੀ ਤੇ ਜਾਮਨੀ ਨੂੰ ਲੈ ਕੇ ਇਸ ਸਕੂਲ ਵਿੱਚ ਗਿਆ। ਮੇਰੇ ਨਾਲ ਵਿਨੀਤ ਸਿੰਘ ਵੀ ਸੀ। ਮੈਡਮ ਪ੍ਰਿੰਸੀਪਲ ਨੇ ਮੈਨੂੰ ਸਕੂਲ ਫੀਸਾਂ ਦਾ ਵੇਰਵਾ ਦੱਸਿਆ। ਦਾਖਲਾ ਫੀਸ, ਦਸ ਕਿਸਮ ਦੇ ਹੋਰ ਚਾਰਜਿਜ਼, ਡੋਨੇਸ਼ਨ ਬਾਰੇ ਦੱਸਿਆ। ਸਕੂਲ ਦੇ ਪ੍ਰਾਸਪੈਕਟਸ ਮੈਂ ਪਹਿਲਾਂ ਹੀ ਪੰਜ ਸੌ ਰੁਪਏ ਦੇ, ਖਰੀਦ ਕੇ ਲੈ ਗਿਆ ਸਾਂ। ਪ੍ਰਿੰਸੀਪਲ ਨੇ ਦੋਹਾਂ ਬੇਟੀਆਂ ਖੁਸ਼ੀ ਤੇ ਜਾਮਨੀ ਨੂੰ ਉਹਨਾਂ ਦਾ ਨਾਮ ਪੁੱਛਿਆ। ਪਿਤਾ ਦਾ ਨਾਮ ਪੁੱਛਿਆ। ਦੋਹਾਂ ਬੇਟੀਆਂ ਨੇ ਆਪਣੇ ਡੈਡੀ ਦਾ ਨਾਮ ਸ੍ਰੀ ਵਿਨੀਤ ਸਿੰਘ ਦੱਸਿਆ। ਪ੍ਰਿੰਸੀਪਲ ਨੂੰ ਖੁਸ਼ੀ ਹੋਈ ਕਿ ਬੇਟੀਆਂ ਨੂੰ ਵੱਡਿਆਂ ਦੀ ਇੱਜ਼ਤ ਮਾਣ ਕਰਨ ਦਾ ਪਤਾ ਸੀ। ਡੈਡੀ ਦੇ ਨਾਮ ਨਾਲ ਸ੍ਰੀ ਲਾਇਆ ਸੀ।  ਪ੍ਰਿੰਸੀਪਲ ਨੇ ਦੱਸਿਆ ਇਹ ਅੰਗ੍ਰੇਜ਼ੀ ਮੀਡਿਅਮ ਸਕੂਲ ਹੈ- ਪਰ ਪੰਜਾਬੀ ਲਾਜ਼ਮੀ ਹੈ।
ਮੈਂ ਸੋਚਿਆ ਸੀ- ਅਰਬਾਂ ਰੁਪਇਆਂ ਦੀ ਸਲਾਨਾ ਬਜਟ ਵਾਲੀ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਇਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਫੀਸਾਂ ਘਟ ਹੋਣਗੀਆਂ। ਹੋਰ ਖਰਚੇ ਵੀ ਘਟ ਹੋਣਗੇ। ਪਰ ਐਸਾ ਨਹੀਂ ਸੀ। ਦੋ ਸਕੀਆਂ ਭੈਣਾਂ ਹੋਣ ਕਰਕੇ, ਨੇਮਾਂ ਅਨੁਸਾਰ, ਇਕ ਭੈਣ ਦੀ ਅੱਧੀ ਫੀਸ ਮਾਫ਼ ਹੋਣੀ ਸੀ। ਦੂਸਰੀ ਭੈਣ ਦੀ ਫੀਸ ਮਾਫ ਕਰਵਾਣ ਲਈ ਤਿੰਨ ਮਹੀਨੇ ਬਾਅਦ ਅਰਜ਼ੀ ਦਿੱਤੀ ਜਾ ਸਕਦੀ ਸੀ। ਦਾਹਾਂ ਬੇਟੀਆਂ ਦਾ ਕੁਲ ਦਾਖਲਾ ਫੀਸਾਂ ਤੇ ਹੋਰ ਅਰੰਭਿਕ ਖਰਚੇ ਮਿਲਾ ਕੇ ਕੁਝ ੨੫ ਹਜ਼ਾਰ ਰੁਪਏ ਬਣਦਾ ਸੀ। ਬਿਜਲੀ ਫੀਸ, ਸਪੋਰਟਸ ਫੀਸ, ਕੂਲਰ ਫੀਸ, ਡਾਕਟਰੀ ਫੀਸ, ਮੈਗਜ਼ੀਨ ਫੀਸ, ਸਕੂਲ ਬਸ ਫੀਸ, ਬਿਲਡਿੰਗ ਫੰਡ ਆਦਿ ਫੀਸਾਂ ਸਨ।
ਵਿਨੀਤ ਸਿੰਘ ਦੀ ਤਨਖਾਹ ਬਹੁਤ ਥੋੜੀ ਸੀ। ਇਕ ਨਿੱਜੀ ਕੰਪਨੀ ਵਿੱਚ ਨਿਗਰਾਨ ਦਾ ਕੰਮ ਕਰਦਾ ਸੀ। ਇਹ ਕੰਪਨੀ ਇਲਾਕੇ ਦੇ ਮੁਰਗੀ ਖਾਨਿਆਂ ਨੂੰ ਪੋਲਟਰੀ ਫੀਡ ਸਪਲਾਈ ਕਰਦੀ ਸੀ।
ਸਕੂਲ ਦੀ ਪ੍ਰਿੰਸੀਪਲ ਮੈਨੂੰ ਜਾਣਦੀ ਹੋਣ ਕਰਕੇ, ਮੇਰੀ ਬੰਨਵੀ ਉਤੇ ਬੱਚੀਆਂ ਦੀਆਂ ਫੀਸਾਂ ਤਿੰਨ ਕਿਸ਼ਤਾਂ ਵਿੱਚ ਲੈਣਾ ਪਰਵਾਨ ਕਰ ਲਿਆ। ਖੁਸ਼ੀ ਨੂੰ ਪਹਿਲੀ ਜਮਾਤ ਵਿੱਚ, ਜਾਮਨੀ ਨੂੰ ਦੂਜੀ ਜਮਾਤ ਵਿੱਚ ਦਾਖਲਾ ਮਿਲ ਗਿਆ।
ਮੇਰੇ ਘਰ ਵਿੱਚ ਪਿਛਲੇ ਦੋ ਵੱਖਰੇ ਕਮਰਿਆਂ ਵਿੱਚ ਬੱਚੀਆਂ ਖੁਸ਼ ਸਨ। ਇਹਨਾਂ ਦੇ ਮੰਮੀ ਡੈਡੀ ਵੀ ਖੁਸ਼ ਸਨ। ਭਾਵੇਂ ਉਹ ਆਰਥਕ ਤੰਗੀ ਵਿੱਚ ਜੀ ਰਹੇ ਸਨ।
ਬੱਚੀਆਂ ਨੂੰ ਸਕੂਲ ਪਸੰਦ ਸੀ। ਘਰ ਦੇ ਨੇੜੇ ਹੀ ਸੀ। ਬੱਚੀਆਂ ਪੈਦਲ ਹੀ ਸਕੂਲ ਜਾਂਦੀਆਂ ਆਉਂਦੀਆਂ ਸਨ। 
ਛੇਤੀ ਹੀ ਬੱਚੀਆਂ ਨੂੰ ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ ਆ ਗਈ।
ਵਿਨੀਤ ਸਿੰਘ ਮੋਟਰਸਾਈਕਲ ਉਤੇ ਰੋਜ਼ ਇਲਾਕੇ ਦੇ ਨਿਰਧਾਰਤਕ ਮੁਰਗੀ ਖਾਨਿਆਂ ਵਿੱਚ ਜਾਂਦਾ। ਮੁਰਗੀਆਂ ਚੂਚਿਆਂ ਤੇ ਬਰਾਲਰਾਂ ਨੂੰ ਰੋਜ਼ ਚੈਕ ਕਰਦਾ;। ਫੀਡ ਦੇਖਦਾ। ਰੋਜ਼ ਉਸ ਨੂੰ ਖੰਨਾ, ਫਤਿਹਗੜ੍ਹ ਸਾਹਿਬ, ਖਮਾਣੋਂ, ਨਵਾਂ ਸ਼ਹਿਰ, ਦੋਰਾਹਾ, ਕੁਹਾੜਾ, ਲੁਧਿਆਣਾ ਜਾਣਾ ਪੈਂਦਾ ਸੀ। ਸਵੇਰੇ ਅੱਠ ਵਜੇ ਦਾ ਗਿਆ ਰਾਤ ਨੌਂ ਵਜੇ ਤੋਂ ਬਾਅਦ ਘਰ ਮੁੜਦਾ ਸੀ। ਕਈ ਵਾਰ ਵਿਨੀਤ ਰਾਤ ਦਸ ਵਜੇ ਤੱਕ ਵੀ ਨਾ ਮੁੜਦਾ। ਬੱਚੀਆਂ ਜਾਗਦੀਆਂ ਰਹਿੰਦੀਆਂ। ਬੱਚੀਆਂ ਦੀ ਮੰਮੀ ਗੁੜੀਆਂ ਦੀ ਕਈ ਵਾਰ ਅੱਖ ਲਗ ਜਾਂਦੀ।
ਮੇਰੀ ਬੈਠਕ ਦੀ ਪਿਛਲੇ ਪਾਸੇ ਰਾਤ ਨੂੰ ਵਿਨੀਤ ਗਲੀ ਵਾਲਾ ਦਰਵਾਜ਼ਾ ਖੜਕਾਉਂਦਾ। ਖੁਸ਼ੀ ਅੰਦਰੋਂ ਹੀ ਬੋਲਦੀ- ਆਈ ਪਾਪਾ ਜੀ। ਰੋਟੀ ਗਰਮ ਕਰਕੇ ਕਮਰੇ ਦੀ ਫਰਸ਼ ਉਤੇ ਸਫ ਵਿਛਾ ਕੇ ਇਕੱਠੇ ਬੈਠ ਕੇ ਰੋਟੀ ਖਾਂਦੇ। ਬੇਟੀਆਂ ਤੇ ਉਹਨਾਂ ਦੀ ਮੰਮੀ ਕਦੀ ਵੀ ਵਿਨੀਤ ਸਿੰਘ ਦੇ ਆਉਂਣ ਤੋਂ ਪਹਿਲਾਂ ਖਾਣਾ ਨਾ ਖਾਂਦੀਆਂ।
ਵਿਨੀਤ ਸਿੰਘ ਚਾਹੁੰਦਾ ਸੀ ਕਿ ਉਹ ਹਰ ਰੋਜ਼ ਆਪਣੀਆਂ ਬੱਚੀਆਂ ਲਈ ਕੋਈ ਖਾਣ ਵਾਲੀ ਚੀਜ਼ ਲਿਆਵੇ। ਪਰ ਐਸਾ ਬਹੁਤ ਘਟ ਹੁੰਦਾ ਸੀ। ਜਦੋਂ ਉਹ ਆਪਣੀਆਂ ਬੱਚੀਆਂ ਲਈ ਖਾਣ ਵਾਲੀ ਚੀਜ਼ਾ ਲਿਆਉਂਦਾ। ਵਕਤ ਹੀ ਨਹੀਂ ਸੀ ਮਿਲਦਾ। ਜੇਬ ਵਿੱਚ ਪੈਸੇ ਹੀ ਬਹੁਤ ਹੁੰਦੇ ਸਨ।
ਕਦੀ ਕਦੀ ਵਿਨੀਤ ਸਿੰਘ ਬੱਚੀਆਂ ਲਈ ਟਾਫੀਆਂ, ਮੁਰਮੁਰਾ ਚਾਕਲੇਟ, ਮਿੱਠੀਆ ਗੋਲੀਆਂ ਲਿਆ ਕੇ ਦਿਆ ਕਰਦਾ ਸੀ। ਟਾਫੀ ਖਾਂਦੀ ਖਾਂਦੀ ਖੁਸ਼ੀ ਮੇਰੇ ਕਮਰੇ ਵਿੱਚ ਆ ਜਾਇਆ ਕਰਦੀ ਸੀ। ਬਾਪੂ ਜੀ, ਬੜੀ ਸਵਾਦ ਹੈ ਟਾਫੀ। ਲੌ ਇਕ ਟਾਫੀ ਮੈਂ ਤੁਹਾਡੇ ਲਈ ਲਿਆਈ ਹਾਂ।
ਖੁਸ਼ੀ ਪਾਸੋਂ ਮੈਂ ਟਾਫੀ ਫੜ ਲੈਂਦਾ। ਪਰ ਫੇਰ ਉਸ ਨੂੰ ਵਾਪਸ ਮੋੜ ਦਿੰਦਾ- ਬੜੀ ਵਧੀਆ ਹੈ ਰੰਗਦਾਰ ਟਾਫੀ।
ਕਦੀ ਕਦੀ ਮੈਂ ਵੀ ਬਾਜ਼ਾਰ ਗਿਆ, ਬੱਚੀਆਂ ਲਈ ਕੋਈ ਮੌਸਮੀ ਫਲ ਲੈ ਆਉਂਦਾ- ਕਿੰਨੂ, ਕੇਲੇ, ਅੰਬ ਆਦਿ। ਬੱਚੀਆਂ ਬਹੁਤ ਖੁਸ਼ ਹੁੰਦੀਆਂ।
ਜਦੋਂ ਮੈਨੂੰ ਕਿਸੇ ਮਿੱਤਰ ਪਰਿਵਾਰ ਵਿੱਚੋਂ ਵਿਆਹ ਸ਼ਾਦੀ ਸਮੇਂ ਮਠਿਆਈ ਦਾ ਡੱਬਾ ਆਉਂਦਾ- ਮੈਂ ਦੋਹਾਂ ਬੇਟੀਆਂ ਨੂੰ ਬੁਲਾ ਲੈਂਦਾ ਦੋ ਦੋ ਪੀਸ ਬਰਫ਼ੀ, ਗੁਲਾਬ ਜ਼ਾਮਨ ਦੇ ਦਿੰਦਾ। ਅਤੇ ਕਹਿੰਦਾ ਕਿ ਪਹਿਲਾਂ ਆਪਣੀ ਮੰਮੀ ਨੂੰ ਇਕ ਇਕ ਪੀਸ ਦੇ ਕੇ ਆਓ। ਬੱਚੀਆਂ ਦੀ ਖੁਸ਼ੀ ਵਿੱਚ ਮੈਂ ਵੀ ਸ਼ਾਮਲ ਹੋ ਜਾਂਦਾ।
ਦੋਹਾਂ ਬੱਚੀਆਂ ਨੇ ਆਪਣੀ ਆਪਣੀ ਜਮਾਤ ਪਾਸ ਕਰ ਲਈ। ਖੁਸ਼ੀ ਆਪਣੀ ਜਮਾਤ ਵਿੱਚੋਂ ਪੰਜਾਬੀ ਵਿੱਚੋਂ ਸਭ ਤੋਂ ਵੱਧ ਅੰਕ ਲੈ ਕੇ ਪਾਸ ਹੋਈ ਸੀ। ਜਾਮਨੀ ਆਪਣੀ ਜਮਾਤ ਵਿੱਚੋਂ ਪੰਜਾਬੀ ਵਿੱਚੋਂ ਦੂਜੇ ਸਥਾਨ ਉਤੇ ਰਹੀ ਸੀ। ਸਾਰਿਆਂ ਵਿਸ਼ਿਆਂ ਵਿੱਚੋਂ ਦੋਹਾਂ ਦੇ ਵਧੀਆ ਅੰਕ ਆਏ ਸਨ।
ਵਿਨੀਤ ਸਿੰਘ ਤੇ ਗੁੜੀਆਂ ਖੁਸ਼ ਸਨ ਕਿ ਉਹਨਾਂ ਦੀਆਂ ਬੇਟੀਆਂ ਪੰਜਾਬ ਤੋਂ ਬਾਹਰ ਉਤਰ ਪ੍ਰਦੇਸ਼ ਵਿੱਚ ਜੰਮੀਆਂ ਪਲੀਆਂ, ਪਰ ਪੰਜਾਬੀ ਬੋਲੀ ਵਿਚ ਏਨੀ ਛੇਤੀ ਮੁਹਾਰਤ ਹਾਸਲ ਕਰਨ ਵਿੱਚ ਸਫ਼ਲ ਰਹੀਆਂ ਸਨ। 
ਇੱਕ ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਬੱਚੀਆਂ ਨੂੰ ਨਵੀਂ ਜਮਾਤ ਵਿੱਚ ਦਾਖਲ ਕਰਵਾਣਾ ਸੀ। ਪੈਸਿਆਂ ਦੀ ਚਿੰਤਾ ਸੀ। ਵਿਨੀਤ ਸਿੰਘ ਨੇ ਮੇਰੇ ਨਾਲ ਗੱਲ ਕੀਤੀ। ਮੈਂ ਕਿਹਾ- ਫੜ ਫੜਾਕੇ ਸਾਰ ਲਵਾਂਗੇ। ਕੁਝ ਪੈਸੇ ਮੈਂ ਪਾ ਦਿਆਂਗਾ। ਦਾਖਲਾ ਹੋ ਜਾਵੇਗਾ।
ਦੋਵੇਂ ਬੇਟੀਆਂ ਅਗਲੀ ਜਮਾਤ ਵਿੱਚ ਦਾਖਲ ਹੋ ਗਈਆਂ। ਪਿਛਲੇ ਸਾਲ ਨਾਲੋਂ ਵੱਧ ਦਾਖਲਾ ਫੀਸ ਦੁਬਾਰਾ ਭਰਨੀ ਪਈ। ਕਰੀਬ ਚਾਲੀ ਹਜ਼ਾਰ ਰੁਪਏ ਲੱਗ ਗਏ। ਵਿਨੀਤ ਪਾਸ ਵੀਹ ਹਜ਼ਾਰ ਰੁਪਏ ਹੀ ਸਨ। ਬਾਕੀ ਪੈਸੇ ਮੈਂ ਪਾ ਦਿੱਤੇ। ਮੈਂ ਵਿਨੀਤ ਨੂੰ ਕਿਹਾ- ਜਦੋਂ ਤੁਹਾਡਾ ਗੁਜ਼ਾਰਾ ਕੁਝ ਸੁਖਾਲਾ ਹੋ ਗਿਆ। ਕੁਝ ਰਕਮ ਜਮਾਂ ਹੋ ਜਾਵੇ, ਤੁਸੀਂ ਮੇਰੇ ਪੈਸੇ ਵਾਪਸ ਮੋੜ ਦੇਣਾ। ਬੋਝ ਨਹੀਂ ਸਮਝਣਾ।
ਵਿਨੀਤ ਦੇ ਸਿਰ ਉਤਲਾ ਆਰਥਕ ਬੋਝ ਵਧਦਾ ਹੀ ਜਾ ਰਿਹਾ ਸੀ। ਫੀਡ ਕੰਪਨੀ ਦੀ ਨੌਕਰੀ ਛੱਡਣੀ ਪਈ। ਸਬੰਧਤ ਮੈਨੇਜਰ ਬੇਈਮਾਨੀ ਕਰਨ ਲਈ ਮਜਬੂਰ ਕਰ ਰਿਹਾ ਸੀ। ਮਾਲ ਵਧ ਵੇਚੋ ਦਰਜ ਘੱਟ ਵਿਖਾਓ। ਉਤਲੀ ਆਮਦਨੀ ਅੱਧੋ ਅੱਧ। ਵਿਨੀਤ ਤਿੰਨ ਰੋਟੀਆਂ ਦੀ ਥਾਂ ਦੋ ਰੋਟੀਆਂ ਤਾਂ ਖਾ ਸਕਦਾ ਸੀ- ਪਰ ਹੇਰਾਫੇਰੀ ਨਹੀਂ ਕਰ ਸਕਦਾ।
ਵਿਨੀਤ ਪਾਸ ਹੁਣ ਮੁਰਗਾ ਮੀਟ ਦੀ ਨਿੱਕੀ ਜਹੀ ਦੁਕਾਨ ਹੀ ਸੀ। ਇਕ ਨੌਕਰ ਰੱਖਿਆ ਹੋਇਆ ਸੀ। ਗਰਮੀਆਂ ਦਾ ਮੌਸਮ ਸੀ। ਚਿਕਨ ਦੀ ਵਿਕਰੀ ਹੋਰ ਵੀ ਘਟ ਹੋ ਗਈ। ਘਰ ਦਾ ਖਰਚ ਤੇ ਬੱਚੀਆਂ ਦੀ ਸਕੂਲ ਫੀਸ ਦੇਣੀ ਵੀ ਮੁਸ਼ਕਲ ਹੋ ਰਹੀ ਸੀ। ਪਰ ਬੇਟੀਆਂ ਨੂੰ ਪੜ੍ਹਾਉਣਾ ਜ਼ਰੂਰੀ ਸੀ।
ਨਿਤੀਨ ਯੂ. ਪੀ. ਵਿਖੇ ਆਪਣੇ ਪਿੰਡ ਗਿਆ। ਆਪਣੇ ਡੈਡੀ ਨਾਲ ਗੱਲ ਕੀਤੀ। ਆਪਣੇ ਡੈਡੀ ਪਾਸੋਂ ਕੁਝ ਪੈਸੇ ਮੰਗ ਕੇ ਲੈ ਆਇਆ। ਇਕ ਹਿੱਸੇਦਾਰ ਨਾਲ ਮਿਲ ਕੇ ਬਲੈਰੋ ਮਿੰਨੀ ਟਰੱਕ ਖਰੀਦ ਲਿਆ। ਮਾਸਿਕ ਕਿਸ਼ਤਾਂ ਅਦਾ ਕਰਨੀਆਂ ਸਨ। ਸ਼ਾਮ ਨੂੰ ਬਲੈਰੋ ਗੱਡੀ ਬਰਾਲਰਾਂ ਦੀ ਭਰ ਕੇ ਲੁਧਿਆਣਾ ਲੈ ਜਾਂਦਾ। ਤੁਰੰਤ ਅਦਾਇਗੀ ਹੋ ਜਾਂਦੀ। ਕੁਝ ਮਹੀਨੇ ਕੰਮ ਠੀਕ ਚਲਦਾ ਰਿਹਾ। ਕੁਝ ਪੈਸੇ ਜੇਬ ਵਿੱਚ ਹੁੰਦੇ। ਰਸੋਈ ਲਈ ਪਕਾਣ-ਖਾਣ ਵਸਤਾਂ ਆਉਂਦੀਆਂ। ਪਰ ਛੇਤੀ ਹੀ ਹਿੱਸੇਦਾਰ ਪੂਰੀ ਅਦਾਇਗੀ ਲੈ ਕੇ ਫਰਾਰ ਹੋ ਗਿਆ। ਬਲੈਰੋ ਗੱਡੀ ਵਿਨੀਤ ਦੇ ਨਾਮ ਉਤੇ ਸੀ। ਕਿਸ਼ਤਾਂ ਤਾਂ ਵਿਨੀਤ ਨੂੰ ਭਰਨੀਆਂ ਹੀ ਪੈਣੀਆਂ ਸਨ। ਵਿਨੀਤ ਗੱਡੀ ਚਲਾਉਂਣ ਵਿੱਚ ਹਾਲੀ ਪੂਰਾ ਮਾਹਰ ਨਹੀਂ ਸੀ। ਡਰਾਈਵਰ ਰੱਖਣਾ ਪੈਂਦਾ ਸੀ। ਗੱਡੀ ਸਵੇਰੇ ਹੀ ਟਿਕਾਣੇ ਉਤੇ ਖੜੀ ਕਰਨੀ ਹੁੰਦੀ ਸੀ।
ਮਾਲ ਢੋਣ ਲਈ ਗੱਡੀ ਕਿਰਾਏ ਉਤੇ ਚਲੀ ਜਾਂਦੀ। ਅਕਸਰ ਗੱਡੀ ਸਾਰਾ ਦਿਨ ਅੱਡੇ ਉਤੇ ਖੜੀ ਰਹਿੰਦੀ। ਮਾਲ ਨਾ ਮਿਲਦਾ। ਪਰ ਡਰਾਈਵਰ ਨੂੰ ਤਾਂ ਰੋਜ਼ਾਨਾ ਤਿੰਨ ਸੌ ਰੁਪਏ ਦਿਹਾੜੀ ਦੇਣੀ ਹੀ ਹੁੰਦੀ ਸੀ। ਗੱਡੀ ਦੀ ਮਾਸਿਕ ਬੈਂਕ ਕਿਸ਼ਤ ਵੀ ਨਹੀਂ ਸੀ ਪੂਰੀ ਹੁੰਦੀ।
ਵਿਨੀਤ ਕਦੀ ਕਦੀ ਬੇਟੀਆਂ ਨੂੰ ਬਾਜ਼ਾਰ ਘੁਮਾਣ ਲੈ ਜਾਇਆ ਕਰਦਾ ਸੀ। ਹੁਣ ਉਹ ਵੀ ਸਭਵ ਨਾ ਰਿਹਾ ਪੈਸੇ ਹੀ ਨਹੀਂ ਸਨ। ਗੱਡੀ ਨੂੰ ਜਦੋਂ ਮਾਲ ਮਿਲ ਜਾਂਦਾ। ਡਰਾਈਵਰ ਨੂੰ ਦਿਹਾੜੀ ਤੇ ਤੇਲ ਖਰਚ ਕਢ ਕੇ ਕੁਝ ਪੈਸੇ ਬਚ ਜਾਂਦੇ।
ਵਿਨੀਤ ਸਿੰਘ ਆਪਣੀ ਮੀਟ ਸ਼ਾਪ ਸਾਹਮਣੇ, ਸਬਜ਼ੀ ਦੀ ਰੇਹੜੀ ਲਾਉਂਣ ਲੱਗ ਪਿਆ। ਤੜਕੇ ਉੱਠ ਕੇ ਸਬਜ਼ੀ ਮੰਡੀ ਵਿੱਚੋਂ ਸਬਜ਼ੀ ਖਰੀਦ ਲਿਆਉਂਦਾ। ਸਾਰਾ ਦਿਨ ਸਬਜ਼ੀ ਵੇਚਦਾ। ਮੀਟ ਸ਼ਾਪ ਨੌਕਰ ਸਾਂਭਦਾ। ਵਿਨੀਤ ਦਾ ਧਿਆਨ ਦੋਹੇ ਪਾਸੇ ਹੁੰਦਾ। ਜਾਂ ਕਹੋ ਕਿ ਧਿਆਨ ਤਿੰਨ ਪਾਸੇ ਹੁੰਦਾ- ਸਬਜ਼ੀ ਰੇਹੜੀ, ਮੀਟ ਸ਼ਾਪ ਤੇ ਮਿੰਨੀ ਬਲੈਰੋ। ਵਿਨੀਤ ਇਕੱਲਾ ਹੀ ਤਿੰਨ ਮੋਰਚਿਆਂ ਉੱਤੇ ਲੜ ਰਿਹਾ ਸੀ। ਨੌਕਰ ਦੀਆਂ ਹਰਕਤਾਂ, ਗੱਡੀ ਦੇ ਡਰਾਈਵਰ ਦੀਆਂ ਹਰਕਤਾਂ ਵੀ ਨਿਗਾਹ ਹੇਠ ਰੱਖਦਾ। ਕਿਧਰੇ ਫੇਰ ਕੋਈ ਧੋਖਾ ਨਾ ਹੋ ਜਾਵੇ। ਕਿਵੇਂ ਨਾ ਕਿਵੇਂ ਤੰਗੀਆਂ ਤੁਰਸ਼ੀਆਂ ਵਿੱਚ ਗੁੜੀਆ ਰਸੋਈ ਵਿੱਚ ਅੱਗ ਬਲਦੀ ਰੱਖਦੀ-ਚਾਵਲ ਰੋਟੀ ਪਕਦੀ ਰੱਖਦੀ। ਗੈਸ ਸਾਈਲੈਂਡਰ ਖਤਮ ਹੋ ਜਾਂਦਾ ਤਾਂ ਚੁੱਲ੍ਹਾ ਤਪਾਈ ਰੱਖਦੀ। ਮੇਰੇ ਘਰ ਵਿੱਚ ਰੁੱਖਾਂ ਦੀ ਭਰਮਾਰ ਸੀ। ਹਰ ਸਾਲ ਮੈਂ ਦਿਹਾੜੀਦਾਰ ਮੰਗਵਾ ਕੇ ਰੁੱਖਾਂ ਦੀ ਸ਼ੰਗਾਈ ਕਰਵਾਂਦਾ। ਗੁੜੀਆ ਬਾਲਣ ਸਾਂਭ ਲੈਂਦੀ, ਸੁਕਾ ਲੈਂਦੀ, ਰੱਦੀ ਗੱਤੇ ਵੀ ਸਾਂਭ ਕੇ ਰੱਖ ਲੈਂਦੀ। ਪਤੀ ਵਿਨੀਤ ਨੂੰ ਕਦੀ ਡੋਲਣ ਨਾ ਦਿੰਦੀ।
ਖੁਸ਼ੀ ਤੇ ਜਾਮਨੀ ਆਪਣੇ ਮੰਮੀ ਪਾਪਾ ਦਾ ਪੂਰਾ ਸਾਥ ਦਿੰਦੀਆਂ। ਕਦੀ ਕੁਝ ਨਾ ਮੰਗਦੀਆਂ। ਜੋ ਰਸੋਈ ਵਿੱਚ ਪਕਦਾ, ਉਸੇ ਨਾਲ ਸਬਰ ਕਰ ਲੈਂਦੀਆਂ। ਕਦੀ ਜ਼ਿਦ ਨਾ ਕਰਦੀਆਂ। ਸਕੂਲ ਦੀ ਵਰਦੀ ਸਾਂਭ ਸਾਂਭ ਰੱਖਦੀਆਂ। ਇਕੋ ਵਰਦੀ, ਧੋ ਕੇ, ਪ੍ਰੈਸ ਕਰਕੇ, ਪਹਿਨ ਕੇ ਸਕੂਲ ਜਾਂਦੀਆਂ। ਦਿਲ ਨਾਲ ਪੜ੍ਹਦੀਆਂ। ਅਧਿਆਪਕਾਂ ਦਾ ਪੂਰਾ ਸਤਿਕਾਰ ਕਰਦੀਆਂ। ਜੇ ਕਿਸੇ ਪ੍ਰਸ਼ਨ ਦੀ ਸਮਝ ਨਾ ਲੱਗਦੀ ਤਾਂ ਅਧਿਆਪਕਾਂ ਪਾਸੋਂ ਪੁੱਛ ਲੈਂਦੀਆਂ। ਖੇਡਾਂ ਵਿੱਚ ਵੀ ਭਾਗ ਲੈਂਦੀਆਂ। ਸਕੂਲ ਦੀਆਂ ਸਭਿਆਚਾਰਕ ਸਰਗਰਮੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੀਆਂ। ਸ਼ਬਦ ਗਾਇਨ ਵਿੱਚ ਵੀ ਭਾਗ ਲੈਂਦੀਆਂ। ਇਨਾਮ ਜਿੱਤ ਕੇ ਘਰ ਲਿਆਉਂਦੀਆਂ। ਮੈਨੂੰ ਆਪਣੀਆਂ ਟਰਾਫੀਆਂ, ਸਨਮਾਨ ਚਿੰਨ੍ਹ ਵਿਖਾਉਂਦੀਆਂ। ਫੇਰ ਦੌੜ ਕੇ ਆਪਣੀ ਮੰਮੀ ਨੂੰ ਜੱਫੀ ਪਾ ਲੈਂਦੀਆਂ। ਘਰ ਦਾ ਸਾਰਾ ਕੰਮ ਆਪ ਹੀ ਕਰਦੀਆਂ।ਗੁੜੀਆ ਖਾਣਾ ਤਿਆਰ ਕਰਦੀ ਸੀ। ਖੁਸ਼ੀ ਤੇ ਜਾਮਨੀ ਸਵੇਰੇ ਝਾੜੂ ਫੇਰਦੀਆਂ, ਬਰਤਨ ਸਾਫ਼ ਕਰਦੀਆਂ, ਨਹਾ ਕੇ, ਵਰਦੀ ਪਹਿਨ ਕੇ ਸਕੂਲ ਲਈ ਤਿਆਰ ਹੁੰਦੀਆਂ। ਆਪਣੀ ਮੰਮੀ ਗੁੜੀਆ ਨੂੰ ਨਵੀਂ ਵਰਦੀ ਸਵਾ ਕੇ ਦੇਣ ਲਈ ਕਦੀ ਨਾ ਕਹਿੰਦੀਆਂ।
ਮੇਰੀ ਬੇਟੀ ਨਵਸੰਗੀਤ ਚੰਡੀਗੜ੍ਹ ਤੋਂ ਜਦੋਂ ਵੀ ਮੈਨੂੰ ਮਿਲਣ ਆਉਂਦੀ ਬਹੁਤ ਸਾਰੇ ਖਾਣ ਵਾਲੇ ਪਦਾਰਥ ਲਿਆਉਂਦੀ। ਅਗਲੀ ਵਾਰ ਮੇਰੀ ਬੇਟੀ ਨਵਸੰਗੀਤ ਆਈ। ਏਕਤਾ ਤੇ ਨਮਰਤਾ ਦੇ ਕਿੰਨੇ ਸਾਰੇ ਕੱਪੜੇ, ਸੂਟ, ਚੁੰਨੀਆਂ ਨਾਲ ਲਿਆਈ। ਕੱਪੜੇ ਬਿਲਕੁਲ ਨਵਿਆਂ ਵਰਗੇ ਹੀ ਸਨ। ਇਹ ਕੱਪੜੇ ਮੇਰੀ ਬੇਟੀ ਨੇ ਖੁਸ਼ੀ ਤੇ ਜਾਮਨੀ ਨੂੰ ਦੇਣੇ ਚਾਹੇ। ਕੱਪੜੇ ਲੈ ਜਾਣ ਤੋਂ ਪਹਿਲਾਂ ਉਹ ਆਪਣੀ ਮੰਮੀ ਨੂੰ ਪੁੱਛਣ ਗਈਆਂ। ਮੰਮੀ ਕਹਿੰਦੇ ਨੇ- ਅਸੀਂ ਪਹਿਨੇ ਕਪੜੇ ਨਹੀਂ ਪਹਿਨਦੇ। ਗੁੜੀਆ ਮੇਰੀ ਬੇਟੀ ਨੂੰ ਮਿਲਣ ਅੰਦਰ ਆ ਗਈ। ਮੈਂ ਕਿਹਾ- ਗੁੜੀਆ, ਆ ਦੇਖ, ਮੇਰੀ ਪੈਂਟ। ਸੋਹਣੀ ਹੈ। ਪਰ ਰੈਗਜ਼ ਦੀ ਹੈ। ਅੱਧਾ ਭਾਰਤ ਰੈਗਜ਼ ਦੇ ਕਪੜੇ ਹੀ ਪਹਿਨਦਾ ਹੈ। ਲੱਥੇ ਹੋਏ, ਪਰ ਵਧੀਆ।
– ਨਹੀਂ ਪਿਤਾ ਜੀ, ਹਮਾਰੇ ਖਾਨਦਾਨ ਮੇਂ, ਪਹਿਨੇ ਹੂਏ ਕੱਪੜੇ ਕੋਈ ਨਹੀਂ ਪਹਿਨਤਾ। ਗੁੜੀਆ, ਮੈਨੂੰ ਮੇਰੀ ਬੇਟੀ ਵਾਂਗ ਹੀ ਪਿਤਾ ਕਹਿ ਕੇ ਬੁਲਾਂਦੀ ਸੀ।
ਮੇਰੇ ਘਰ ਦੇ ਇੱਕ ਵਖਰੇ ਹਿੱਸੇ ਵਿੱਚ ਵਿਨੀਤ ਸਿੰਘ, ਗੁੜੀਆ, ਖੁਸ਼ੀ ਤੇ ਜਾਮਨੀ ਰਹਿੰਦੇ ਸਨ। ਬਾਹਰਲਾ ਗੇਟ ਵੀ ਵੱਖਰਾ ਸੀ- ਪਿਛਲੀ ਗਲੀ ਵਿੱਚ ਖੁਲ੍ਹਦਾ ਸੀ। ਦੋ ਕਮਰੇ ਤੇ ਇੱਕ ਨਿੱਕੀ ਜਹੀ ਰਸੋਈ ਉਹਨਾਂ ਪਾਸ ਸਨ। ਵੈਸੇ ਤਾਂ ਕਿਰਾਏ ਉਤੇ ਸਨ। ਪਰ ਪਿਛਲੇ ਦੋ ਸਾਲ ਤੋਂ ਵਿਨੀਤ ਸਿੰਘ, ਗੁੜੀਆ ਕਿਰਾਇਆ ਨਹੀਂ ਸਨ ਦੇ ਸਕੇ। ਮੈਂ ਕਿਵੇਂ ਪੁਛਦਾ, ਉਹਨਾਂ ਪਾਸ ਕਿਰਾਇਆ ਦੇਣ ਲਈ ਪੈਸੇ ਬਚਦੇ ਹੀ ਨਹੀਂ ਸਨ। ਕਮਰਿਆਂ ਦੀ ਸਤਹਿ ਬਹੁਤ ਨੀਵੀਂ ਹੋ ਗਈ ਸੀ। ਵਿਹੜੇ ਵਿੱਚ ਭਰਤ ਪਾਉਂਣੀ ਪਈ ਸੀ। ਕਮਰਿਆਂ ਦੀ ਫਰਸ਼ ਦੋ ਤਿੰਨ ਫੁੱਟ ਨੀਵੀਂ ਹੋ ਗਈ ਸੀ। ਬਾਹਰਲੇ ਗੇਟ ਲਾਗੇ ਬਾਥਰੂਮ ਸੀ- ਬਹੁਤ ਨੀਵਾਂ ਸੀ। ਨਗਰਪਾਲਿਕਾ ਦਾ ਨਲਕੇ ਵਿੱਚ ਪਾਣੀ ਨਹੀਂ ਸੀ ਆਉਂਦਾ। ਘਰ ਦੇ ਮੇਰੇ ਵਾਲੇ ਪਾਸੇ ਪਾਣੀ ਦੀ ਮੋਟਰ ਲੱਗੀ ਹੋਈ ਸੀ। ਗੁੜੀਆ ਨੂੰ, ਖੁਸ਼ੀ ਤੇ ਜਾਮਨੀ ਨੂੰ ਪਾਣੀ ਏਥੋਂ ਹੀ ਲੈ ਕੇ ਜਾਣਾ ਪੈਂਦਾ ਸੀ। ਬਹੁਤ ਔਖ ਸੀ। ਪਰ ਮਜਬੂਰੀ ਸੀ।
ਸਕੂਲ ਦਾ ਨਤੀਜਾ ਘੋਸ਼ਿਤ ਹੋਇਆ। ਖੁਸ਼ੀ ਤੇ ਜਾਮਨੀ ਵਧੀਆ ਅੰਕ ਲੈ ਕੇ ਪਾਸ ਸਨ। ਆਪਣੀ ਆਪਣੀ ਜਮਾਤ ਵਿੱਚੋਂ ਦੋਵੇਂ ਪੰਜਾਬੀ ਵਿੱਚੋਂ ਅੱਵਲ ਰਹੀਆਂ ਸਨ। ਜਾਮਨੀ ਦੀ ਸ਼੍ਰੇਣੀ ਦਾ ਪੰਜਾਬੀ ਮਾਪਿਆਂ ਦਾ, ਪੰਜਾਬ ਵਿੱਚ ਜਮਿਆਂ ਪਲਿਆ ਵਿਦਿਆਰਥੀ ਅਤਿੰਦਰ ਸਿੰਘ, ਪੰਜਾਬੀ ਵਿੱਚੋਂ ਮੁਸ਼ਕਲ ਨਾਲ ਹੀ ਪਾਸ ਸੀ। 
ਅਗਲੀ ਜਮਾਤ ਵਿੱਚ ਦਾਖਲੇ ਦਾ ਸਵਾਲ ਫੇਰ ਖੜਾ ਸੀ। ਮੋਟੀ ਰਕਮ ਚਾਹੀਦੀ ਸੀ। ਹਰ ਸਾਲ ਨਵੇਂ ਸਿਰੇ ਤੋਂ ਦਾਖਲਾ ਫੀਸ ਲਈ ਜਾਂਦੀ ਸੀ। ਕਿਤਾਬਾਂ ਕਾਪੀਆਂ ਵੀ ਸਕੂਲ ਦੀ ਦੁਕਾਨ ਤੋਂ ਖਰੀਦਣੀਆਂ ਲਾਜ਼ਮੀ ਸਨ।
ਕਈ ਵਾਰ ਵਿਨੀਤ ਸੋਚਦਾ ਕਿ ਬੱਚੀਆਂ ਨੂੰ ਪੜ੍ਹਨੋ ਹਟਾ ਲਵੇ। ਪਰ ਗੁੜੀਆ ਨਾ ਮੰਨਦੀ। ਘਰ ਬੈਠ ਕੇ ਕਰਨਗੀਆਂ ਕੀ? ਹੋਰ ਤਾਂ ਇਹਨਾਂ ਪਾਸ ਕੋਈ ਗਹਿਣਾ ਹੋਣਾ ਨਹੀਂ- ਪੜ੍ਹਾਈ ਹੀ ਗਹਿਣਾ ਹੈ। ਸਿੱਖਿਆ ਨਾਲ ਪਰਿਵਾਰ ਹੈ। ਸਿੱਖਿਆ ਨਾਲ ਸੰਸਾਰ ਹੈ। ਪਿਛਲੀ ਵਾਰ ਬੇਟੀਆਂ ਦੀ ਦਾਖਲਾ ਫੀਸ ਗੁੜਿਆ ਦੀਆਂ ਸੋਨੇ ਦੀਆਂ ਚੂੜੀਆਂ ਵੇਚ ਕੇ ਭਰੀ ਸੀ। ਉਸ ਨੂੰ ਆਪਣੀ ਅੰਗੂਠੀ ਵੀ ਵੇਚਣੀ ਪਈ ਸੀ। ਹੁਣ ਗੁੜੀਆਂ ਦੀਆਂ ਬਾਹਾਂ, ਨੱਕ, ਕੰਨ ਖਾਲੀ ਸਨ। ਵਿਨੀਤ ਦੀ ਜੇਬ ਖਾਲੀ ਸੀ।
ਬੇਟੀਆਂ ਨੂੰ ਪੜ੍ਹਾਉਂਣਾ ਲਾਜ਼ਮੀ ਸੀ। ਕੁੜੀਆਂ ਦਾ ਸਰਕਾਰੀ ਸੈਕੰਡਰੀ ਸਕੂਲ ਘਰੋਂ ਬਹੁਤ ਦੂਰ ਸ਼ਹਿਰ ਦੇ ਦੂਜੇ ਪਾਸੇ ਸੀ। ਰਿਕਸ਼ੇ ਉਤੇ ਨਹੀਂ ਸਾ ਜਾਇਆ ਜਾ ਸਕਦਾ। ਪੈਸੇ ਕਿਥੋਂ ਆਉਂਣਗੇ। ਨਾਲੇ ਸਰਕਾਰੀ ਸਕੂਲ ਵਿੱਚ ਜ਼ਰੂਰੀ ਵਿਸ਼ਿਆ ਦੇ ਅਧਿਆਪਕ ਹੀ ਨਹੀਂ ਸਨ। ਨਾ ਪੰਜਾਬੀ ਦਾ ਅਧਿਆਪਕ ਸੀ, ਨਾ ਹਿਸਾਬ ਦਾ ਅਧਿਆਪਕ ਸੀ। ਹੋਰ ਵੀ ਕਈ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਸਨ। ਕੁੜੀਆਂ ਪੈਦਲ ਸਕੂਲ ਭੇਜਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਸੀ- ਕੀ ਪਤਾ ਕਿਹੜੇ ਵੇਲੇ ਕੋਈ ਹਵਸ਼ੀ ਨਸ਼ੇੜੀ ਗਿਰਝ ਬੱਚੀਆਂ ਨੂੰ ਆ ਦਬੋਚੇ।
ਵਿਨੀਤ ਪਰਿਵਾਰ ਨੂੰ ਅੰਤ ਇਸ ਫੈਸਲੇ ਉਤੇ ਪਹੁੰਚਣਾ ਪਿਆ ਕਿ ਗੁੜੀਆਂ ਦੋਹਾਂ ਕੁੜੀਆਂ ਲੈ ਕੇ ਉਤਰ ਪ੍ਰਦੇਸ਼, ਗੌਂਡਾ ਨੇੜੇ ਆਪਣੇ ਪਿੰਡ ਚਲੀ ਜਾਵੇ। ਪਿੰਡ ਨੇੜੇ ਵੱਡਾ ਸਰਕਾਰੀ ਸਕੂਲ ਹੈ। ਫੀਸਾਂ ਬਹੁਤ ਘੱਟ ਹਨ। ਦਾਖਲਾ ਫੀਸ ਸਿਰਫ ਇੱਕ ਵਾਰ ਹੀ ਲੱਗਦੀ ਹੈ- ਹਰ ਸਾਲ ਨਹੀਂ। ਘਰ ਕੁੜੀਆਂ ਦੇ ਦਾਦਾ ਦਾਦੀ ਹਨ। ਆਪਣਾ ਮਕਾਨ ਵੀ ਹੈ। ਥੋੜੀ ਜ਼ਮੀਨ ਵੀ ਹੈ। ਵਿਨੀਤ ਨੇ ਫੈਸਲਾ ਕੀਤਾ ਕਿ ਉਹ ਏਥੇ ਹੀ ਰਹੇਗਾ ਇਕੱਲਾ। ਬੇਟੀਆਂ ਦੀ ਪੜ੍ਹਾਈ ਲਈ ਵਿਨੀਤ ਹਰ ਔਖ ਸਹਿਣ ਲਈ ਤਿਆਰ ਸੀ। ਉਹ ਉੱਤਰ ਪ੍ਰਦੇਸ਼ ਆਪਣੇ ਪਿੰਡ ਜਾ ਕੇ ਨਹੀਂ ਰਹੇਗਾ। ਪਿੰਡ ਦੇ ਲੋਕ ਕੀ ਕਹਿਣਗੇ। ਗਿਆ ਸੀ ਪੰਜਾਬ। ਕਮਾਣ। ਖਾਣ। ਭੁੱਖਾ ਨੰਗਾ ਆ ਗਿਆ ਵਾਪਸ। ਖਾਲੀ ਹੱਥ। ਵੈਸੇ ਵੀ ਪਿੰਡ ਵਿਨੀਤ ਲਈ ਕਰਨ ਲਈ ਕੁਝ ਵੀ ਨਹੀਂ ਸੀ। ਏਥੇ ਫੇਰ ਵੀ ਉਸ ਦੀ ਦੁਕਾਨ ਸੀ। ਵਿਨੀਤ ਦੇ ਅੰਦਰ ਇੱਕ ਤੁਫਾਨ ਉੱਠਦਾ, ਪਰ ਫੇਰ ਖਾਮੋਸ਼ ਹੋ ਜਾਂਦਾ ਸੀ। 
ਤੁਰਨ ਲੱਗੀਆਂ ਬੇਟੀਆਂ ਬਹੁਤ ਉਦਾਸ ਸਨ। ਭਾਵੇਂ ਉਹ ਆਪਣੇ ਜਨਮ ਪਿੰਡ ਜਾ ਰਹੀਆਂ ਸਨ। ਪਰ ਉਹ ਪਿੰਡ ਨਹੀਂ, ਹੁਣ ਤਾਂ ਉਹਨਾਂ ਦਾ ਏਹੋ ਹੀ ਪਿੰਡ ਸੀ। ਆਪਣਾ ਸੀ। ਏਥੇ ਉਹ ਰਚਮਿਚ ਗਈਆਂ ਸਨ। ਮੈਨੂੰ ਉਹ ਬਾਪੂ ਜੀ ਕਹਿ ਬੁਲਾਂਦੀਆਂ ਸਨ। ਆਪਣੇ ਪਿੰਡ ਦਾਦਾ- ਬਾਪੂ ਜੀ ਨੂੰ ਮੇਰੇ ਵਿੱਚੋਂ ਵੇਖਦੀਆਂ ਸਨ। ਹੌਲੀ ਹੌਲੀ ਉਹਨਾਂ ਦੇ ਪਿੰਡ ਵਾਲਾ ਦਾਦਾ ਬਾਪੂ ਜੀ ਪਿਛੇ ਰਹਿ ਗਿਆ ਸੀ। ਏਹੋ ਬਾਪੂ ਜੀ ਸੀ। ਮੈਂ ਹੀ ਬਾਪੂ ਜੀ ਸਾਂ। ਪੂਰਾ।
ਬੇਟੀਆਂ ਤੁਰਨ ਲੱਗੀਆਂ ਤਾਂ ਮੈਂ ਉਹਨਾਂ ਨੂੰ ਪੰਜਾਹ ਰੁਪਏ ਦਸ ਦਸ ਰੁਪਏ ਦੇ ਪੰਜ ਨੋਟ ਖੁਸ਼ੀ ਨੂੰ ਤੇ ਪੰਜ ਨੋਟ ਜਾਮਨੀ ਨੂੰ ਦਿੱਤੇ। ਤੁਸੀਂ ਦੋ ਰਾਤਾਂ ਤੇ ਦੋ ਦਿਨ ਰੇਲ ਗੱਡੀ ਵਿੱਚ ਸਫਰ ਕਰਨਾ ਹੈ। ਤੁਹਾਡੇ ਪਾਸ ਭੱਜਾ ਦਸ ਦਾ ਨੋਟ ਹੋਵੇਗਾ ਤਾਂ ਤੁਸੀਂ ਸਟੇਸ਼ਨ ਤੋਂ ਚਾਹ ਵਾਲੇ ਪਾਸੋਂ ਚਾਹ ਦਾ ਕੱਪ ਤੇ ਬਰੈਡ ਜਾਂ ਬਿਸਕੁਟ ਆਪ ਹੀ ਖਰੀਦ ਕੇ ਖਾ ਲੈਣੇ। ਇਹ ਪੰਜੇ ਨੋਟ ਰਾਹ ਵਿੱਚ ਖਰਚ ਕੇ ਜਾਣਾ ਹੈ। ਜੋੜ ਕੇ ਰੱਖਣਾ ਨਹੀਂ।
ਵਿਨੀਤ ਦੀ ਰਸੋਈ ਲਈ ਦੁੱਧ ਨਹੀਂ ਸੀ ਲਿਆ ਜਾਂਦਾ। ਕੁਝ ਮਹੀਨੇ ਪਹਿਲਾਂ ਗੁੜੀਆ ਅੱਧਾ ਕਿਲੋ ਦੁੱਧ ਸਵੇਰੇ ਦੋਧੀ ਪਾਸੋਂ ਪਵਾਇਆ ਕਰਦੀ ਸੀ। ਫੇਰ ਅੱਧਾ ਕਿਲੋ ਦੁੱਧ ਵੀ ਬੰਦ ਕਰ ਦਿੱਤਾ ਸੀ। ਦੁੱਧ ਬਿਨਾਂ ਤਾਂ ਸਰ ਜਾਵੇਗਾ- ਪਰ ਰੋਟੀ ਬਿਨਾ ਨਹੀਂ ਸਰਨਾ।
ਮੈਂ ਸੋਚਿਆ, ਬੱਚੀਆਂ, ਰੇਲ ਸਫਰ ਸਮੇਂ, ਇਕ ਦੋ ਵਾਰ ਚਾਹ ਪੀ ਲੈਣਗੀਆਂ- ਇਕ ਅੱਧ ਬਰੈਡ ਦਾ ਟੁਕੜਾ ਖਾ ਲੈਣਗੀਆਂ।
ਗੁੜੀਆ ਤੁਰਨ ਲੱਗੀ ਕਹਿੰਦੀ- ਪਿਤਾ ਜੀ, ਇਹ ਹੁਣ ਇਕੱਲੇ ਰਹਿ ਗਏ ਹਨ। ਤੁਸੀਂ ਖਿਆਲ ਰੱਖਣਾ ਕਿ ਇਹ ਮਾੜੀ ਮੋਟੀ ਰੋਟੀ ਪਕਾ ਕੇ ਖਾ ਲਿਆ ਕਰਨ, ਕਿਤੇ ਭੁੱਖੇ ਹੀ ਨਾ ਸੌਂ ਜਾਇਆ ਕਰਨ।
– ਗੁੜੀਆ, ਮੈਂ ਵੀ ਤਾਂ ਇਕੱਲਾ ਰਹਿੰਦਾ ਹਾਂ। ਤਿੰਨ ਵੇਲੇ ਰੋਟੀ ਖਾਂਦਾ ਹਾਂ। ਪਹਿਲਾਂ ਮੈਂ ਆਪਣਾ ਹੀ ਖਿਆਲ ਰੱਖਦਾ ਸਾਂ। ਹੁਣ ਮੈਂ ਵਿਨੀਤ ਦਾ ਵੀ ਖਿਆਲ ਰੱਖਾਂਗਾ।
ਵਿਨੀਤ ਸਿੰਘ ਕਦੇ ਕਦੇ ਦੱਸਦਾ, ਅੱਜ ਗੁੜੀਆ ਦਾ ਫੋਨ ਆਇਆ ਸੀ। ਗੁੜੀਆ ਬੜੀ ਪਰੇਸ਼ਾਨ ਹੈ। ਮੈਂ ਤੁਹਾਡੇ ਤੋਂ ਸੈਂਕੜੇ ਮੀਲ ਦੂਰ ਹਾਂ। ਤੁਸੀਂ ਇਕੱਲੇ। ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ। 
ਸਵਾਏ,  ਨੌਕਰੀ ਸਮੇਂ,  ਮੇਰੀ ਬੱਚਤ ਜਮਾਂ ਰਾਸ਼ੀ ਤੋਂ ਜੇ ਮੇਰੇ ਪਾਸ ਆਮਦਨੀ ਦਾ ਜੇ ਕੋਈ ਹੋਰ ਸਾਧਨ ਹੁੰਦਾ। ਜੇ ਮੇਰੀ ਪੈਨਸ਼ਨ ਹੁੰਦੀ। ਹਰ ਮਹੀਨੇ ਦੀਆਂ ਪਹਿਲੀਆਂ ਤਾਰੀਖਾਂ ਨੂੰ ਮੇਰੀ ਜੇਬ ਭਰ ਜਾਂਦੀ, ਮੈਂ ਮਹੀਨੇ ਵਿੱਚ ਹੌਲੀ ਹੌਲੀ ਆਪਣੀ ਜੇਬ ਖਾਲੀ ਕਰ ਦਿੰਦਾ। ਬੇਟੀਆਂ ਨੂੰ ਕਦੀ ਵੀ ਦੂਰ ਆਪਣੇ ਪਰਾਏ ਪਿੰਡ ਨਾ ਜਾਣ ਦਿੰਦਾ। ਕਿਸੇ ਪਾਰਟੀ ਦੇ ਕਿਸੇ ਮੰਤਰੀ ਅਫਸਰ ਨੂੰ ਕੋਈ ਚਿੰਤਾ ਨਹੀਂ, ਅਨਪੜ੍ਹ, ਭ੍ਰਿਸ਼ਟ, ਵਿਧਾਇਕਾਂ ਸਮੇਤ, ਹਰ ਵਿਧਾਇਕ ਨੂੰ ਤਾਂ ਮੋਟੀ ਉਮਰ ਪੈਨਸ਼ਨ ਸੀ। ਪਰ ਸਮਾਜ ਦੀ ਸਿਖਰ,  ਗੈਰ ਸਰਕਾਰੀ ਮਾਣਤਾ ਪਰਾਪਤ ਕਾਲਜ ਪ੍ਰੋਫੈਸਰਾਂ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ ਜਾਂਦੀ।
ਮੈਂ ਸਵੇਰੇ ਵਿਹੜੇ ਵਿੱਚ ਕੁਰਸੀ ਡਾਹੀ, ਅਖਬਾਰ ਪੜ੍ਹ ਰਿਹਾ ਹੁੰਦਾ, ਖੁਸ਼ੀ ਅੱਖਾਂ ਮਲਦੀ ਮਲਦੀ ਆਉਂਦੀ- ਬਾਪੂ ਜੀ ਗੁਡ ਮਾਰਨਿੰਗ। ਨਹੀਂ ਸੱਚ, ਸ਼ੁਭ ਪ੍ਰਭਾਤ। ਪਿਛੇ ਜਾਮਨੀ ਆ ਰਹੀ ਹੁੰਦੀ, ਕਹਿੰਦੀ, ਸਤਿ ਸ੍ਰੀ ਅਕਾਲ ਬਾਪੂ ਜੀ।
ਵਿਨੀਤ ਸਿੰਘ ਤੜਕੇ ਹੀ ਉੱਠ ਕੇ ਕੰਮ ਉਤੇ ਚਲਾ ਜਾਂਦਾ ਸੀ। ਜੇ ਗੱਡੀ ਲਈ ਲੋਡ ਮਿਲ ਜਾਂਦਾ ਤਾਂ ਡਰਾਈਵਰ ਲੈ ਕੇ, ਗੱਡੀ ਨਾਲ ਚਲਾ ਜਾਂਦਾ। ਵਿਚਲਾ ਸਮਾਂ ਦੁਕਾਨ ਉਤੇ ਬੈਠਦਾ ਸੀ। ਵਿਨੀਤ ਦੀ ਗੈਰ ਹਾਜ਼ਰੀ ਵਿੱਚ ਨੌਕਰ ਦੁਕਾਨ ਸਾਂਭਦਾ ਸੀ। ਸਾਫ਼ ਕਰਕੇ, ਟੁਕੜੇ ਕਰਕੇ ਚਿਕਨ ਵੇਚਦਾ ਸੀ। ਵਿਨੀਤ ਰਾਤ ਦਸ ਵਜੇ ਤੋਂ ਬਾਅਦ ਘਰ ਮੁੜਦਾ ਸੀ। ਰਾਤ ਦੀ ਰੋਟੀ ਪਕਾਉਂਦਾ, ਚਾਵਲ ਬਣਾਉਂਦਾ। ਰਾਤ ਦੇਰ ਨਾਲ ਰੋਟੀ ਖਾਂਦਾ। ਸਵੇਰੇ ਕੁਝ ਨਹੀਂ ਖਾਂਦਾ ਸੀ। ਖਾਣ ਲਈ ਹੁੰਦਾ ਹੀ ਕੁਝ ਨਹੀਂ ਸੀ। ਦੁੱਧ ਨਹੀਂ ਹੁੰਦਾ, ਚਾਹ ਕਿਥੇ।
ਵਿਨੀਤ ਸਾਰਾ ਦਿਨ ਚਾਰ ਪੈਸਿਆਂ ਪਿਛੇ ਭਟਕਦਾ ਰਹਿੰਦਾ ਹੈ। ਗੱਡੀ ਦੀ ਕਿਸ਼ਤ ਜੋਗੇ ਪੈਸੇ ਮੁਸ਼ਕਲ ਨਾਲ ਹੀ ਜਮਾਂ ਹੁੰਦੇ ਹਨ। ਜੇਬ ਖਾਲੀ ਦੀ ਖਾਲੀ।
ਬੇਟੀਆਂ ਚਲੀਆਂ ਗਈਆਂ ਸਨ।
ਮੈਂ ਹੋਰ ਵੀ ਇਕੱਲਾ ਹੋ ਗਿਆ ਸਾਂ।
ਦੇਰ ਪਿੱਛੋਂ ਮੇਰਾ ਪਰਿਵਾਰ ਬਣਿਆ ਸੀ, ਪਰਿਵਾਰ ਭਰਿਆ ਸੀ, ਪਰ ਹੁਣ ….
ਕਈ ਵਾਰ ਮੈਂ ਘਰ ਨਾ ਹੁੰਦਾ, ਤਾਂ ਗੇਟ ਅੰਦਰ ਸਵੇਰ ਦੀ ਅਖਬਾਰ ਉਠਾ ਕੇ, ਉਹ, ਵਰਾਂਡੇ ਵਿੱਚ, ਮੇਰੇ ਟੇਬਲ ਉਤੇ ਰੱਖ ਦਿੰਦੀਆਂ। ਗੇਟ ਅੰਦਰ ਪਈਆਂ ਮੇਰੀਆਂ ਚਿੱਠੀਆਂ ਸੰਭਾਲ ਕੇ, ਵੱਟੇ ਦੇ ਭਾਰ ਹੇਠਾਂ, ਮੇਰੇ ਟੇਬਲ ਉਤੇ ਰੱਖ ਦਿੰਦੀਆਂ ਸਨ। ਹਰ ਰੋਜ਼ ਸਵੇਰੇ ਸ਼ਾਮ, ਮੋਟਰ ਚਲਾ ਕੇ, ਆਪ ਵੀ ਪਾਣੀ ਭਰਦੀਆਂ, ਮੇਰੇ ਟੇਬਲ ਉਤੇ ਵੀ, ਤਾਜ਼ੇ ਪਾਣੀ ਦਾ ਜਗ ਭਰ ਕੇ ਰੱਖ ਦਿੰਦੀਆਂ।
– ਬਾਪੂ ਜੀ, ਤੁਹਾਡੇ ਬੈਡ ਦੀ ਚਾਦਰ ਵਿੱਚ ਬਹੁਤ ਸਾਰੇ ਵੱਟ ਸਨ, ਮੈਂ ਝਾੜ ਕੇ ਚਾਦਰ ਵਿਛਾ ਦਿੱਤੀ ਹੈ।
– ਖੁਸ਼ੀ, ਮੇਰੇ ਪਾਸੋਂ ਖੁਸ਼ਕ ਚੌਲਾਂ ਦੀ ਕੌਲੀ ਲੈ ਜਾ, ਆਪਣੀ ਮੰਮੀ ਨੂੰ ਕਹੀਂ ਰਾਤ ਨੂੰ ਜਦੋਂ ਚੌਲ ਬਣਾਵੇ, ਮੇਰਾ ਹਿੱਸਾ ਵੀ ਪਾ ਲਵੇ। ਰਾਮ ਪਿਆਰੀ ਦੇ ਬਣਾਏ ਹੋਏ ਚੌਲ ਮੈਨੂੰ ਸਵਾਦ ਨਹੀਂ ਲਗਦੇ।
– ਨਹੀਂ, ਬਾਪੂ ਜੀ, ਸੁੱਕੇ ਚੌਲ ਤੁਸੀਂ ਆਪਣੇ ਪਾਸ ਰੱਖੋ। ਮੈਂ ਹੁਣੇ ਜਾ ਕੇ ਮੰਮੀ ਨੂੰ ਕਹਿੰਦੀ ਹਾਂ, ਬਾਪੂ ਜੀ ਦੇ ਵੀ ਥੋੜੇ ਜਹੇ ਚੌਲ ਬਣਾ ਲੈਣਾ।
ਖੁੱਲ੍ਹੇ ਵਿਹੜੇ ਵਿੱਚ ਦੋਵੇਂ ਭੈਣਾ, ਸ਼ਾਮ ਨੂੰ, ਚਾਕ ਨਾਲ ਪਿੜੇ ਉਲੀਕ ਕੇ, ਖਾਨੇ ਬਣਾ ਕੇ, ਗੀਟੇ ਖੇਡਿਆ ਕਰਦੀਆਂ ਸਨ। ਖੇਡਣ ਤੋਂ ਬਾਅਦ ਹਨੇਰੇ ਹੋਏ ਉਹ ਆਪਣੇ ਕਮਰੇ ਵਿੱਚ ਚਲੀਆਂ ਜਾਂਦੀਆਂ ਸਨ। ਉਹਨਾਂ ਦੇ ਗੇਟੇ ਉਥੇ ਹੀ ਪਏ ਹੁੰਦੇ। ਮੈਂ ਗੀਟੇ ਚੁੱਕ ਕੇ ਬਾਹਰਲੀ ਦੀਵਾਰ ਨਾਲ ਬਣੇ ਇੱਕ ਆਲੇ ਵਿੱਚ ਰੱਖ ਦਿਆ ਕਰਦਾ ਸਾਂ। ਕੱਲ ਫੇਰ ਬੇਟੀਆਂ ਖੇਡਣਗੀਆਂ।
ਮੇਰੇ ਘਰ ਦੇ ਵਿਹੜੇ ਵਿੱਚ ਬਹੁਤ ਬਿਰਖ ਲੱਗੇ ਹੋਏ ਸਨ। ਫੁਲਦਾਰ ਬਿਰਖ, ਫਲਦਾਰ ਬਿਰਖ। ਆੜੂਆਂ ਨੂੰ ਆੜੂ, ਅਮਰੂਦ ਦੇ ਬੂਟਿਆਂ ਨੂੰ ਅਮਰੂਦ ਲਗਦੇ, ਅਨਾਰ ਦੇ ਮਧਰੇ ਜਹੇ ਬਿਰਖ ਨੂੰ ਮੋਟੇ ਮੋਟੇ ਅਨਾਰ ਲਗਦੇ। ਖੁਸ਼ੀ ਤੇ ਜਾਮਨੀ ਬਿਰਖਾਂ ਨੂੰ ਲਗੇ ਫਲਾਂ ਦਾ ਪੂਰਾ  ਹਿਸਾਬ ਰੱਖਦੀਆਂ। ਰੁੱਖਾਂ ਨਾਲ ਖੇਡਦੀਆਂ। ਝੜੇ ਪੀਲੇ ਪੱਤੇ ਇਕੱਠੇ ਕਰਦੀਆਂ। ਪੱਤਿਆਂ ਦਾ ਹਾਰ ਬਣਾਉਂਦੀਆਂ।
ਯੂ. ਪੀ. ਦੇ ਆਪਣੇ ਪਿੰਡ ਤੋਂ ਖੁਸ਼ੀ ਦਾ ਫੋਨ ਆਇਆ-  ਬਾਪੂ ਜੀ ਮੈਂ  ਤੇ ਜਾਮਣੀ ਸਕੂਲ ਵਿੱਚ ਦਾਖਲ ਹੋ ਗਈਆਂ ਹਾਂ, ਸਕੂਲ ਸਾਡੇ ਘਰ ਤੋਂ ਤਿੰਨ ਮੀਲ ਦੂਰ ਹੈ। ਅਸੀਂ ਸਾਇਕਲ ਉੱਤੇ ਸਕੂਲ ਜਾਂਦੀਆਂ ਹਾਂ। ਰਾਹ ਵਿੱਚ ਅੰਬਾਂ ਦੇ ਬਹੁਤ ਸਾਰੇ ਬਿਰਖ ਹਨ। ਬਾਪੂ ਜੀ, ਸਾਨੂੰ ਬੜਾ ਡਰ ਲੱਗਦਾ ਹੈ। 
ਮੈਨੂੰ ਡਰ ਲੱਗਦਾ ਹੈ ਕਿ ਕਿਤੇ ਬਦਾਯੂੰ, ਗੌਂਡਾ ਦੇ ਬਹੁਤ ਨੇੜੇ ਨਾ ਹੋਵੇ। ਅੰਬ ਦੇ ਟਾਹਣਾ ਨਾਲ ਲਟਕਦੀਆਂ ਦੋ ਭੈਣਾਂ ਦੀਆਂ ਲਾਸ਼ਾਂ ਵੇਖ ਕੇ ਮੇਰੇ ਅੰਦਰ ਡਰ ਦਾ ਤੂਫਾਨ ਪੈਦਾ ਹੋ ਜਾਂਦਾ ਹੈ। 
ਹੁਣ ਅਮਰੂਦ ਪੱਕ ਰਹੇ ਸਨ। ਉਹ ਚਲੀਆਂ ਗਈਆਂ ਹਨ। ਤੋਤਿਆਂ ਨੂੰ ਕੌਣ ਉਡਾਊ। ਅਮਰੂਦ ਦੇ ਬਿਰਖ ਦੀ ਟੀਸੀ ਉੱਤੇ ਚੜ੍ਹ ਕੇ ਪੱਕੇ ਅਮਰੂਦ ਤੋੜ ਕੇ ਕੌਣ ਖਾਊ।
ਖੁਸ਼ੀ ਤੇ ਜਾਮਨੀ ਦੀ ਮੰਮੀ ਗੁੜੀਆ ਨੇ ਬੈਂਤ ਦੀਆਂ ਤਾਰਾਂ ਨਾਲ ਬੁਣਿਆ, ਪੁਰਾਣਾ ਮੰਜਾ ਉਧੇੜਿਆ। ਬਹੁਤੀਆਂ ਤਾਰਾਂ ਟੁੱਟ ਚੁੱਕੀਆਂ ਸਨ। ਵਿਚਾਲਿਉਂ ਮੰਜੇ ਦਾ ਬੈਂਤ ਫਰਸ਼ ਨਾਲ ਲੱਗ ਰਿਹਾ ਸੀ। ਫੇਰ ਵੀ ਉਹ ਏਸੇ ਮੰਜੇ ਨਾਲ ਗੁਜ਼ਾਰਾ ਕਰ ਰਹੇ ਸਨ। ਪੁਰ ਹੁਣ ਹੋਰ ਨਹੀਂ ਸੀ ਚਲ ਸਕਦਾ।
ਬੈਂਤ ਦੀਆਂ ਲੱਥੀਆਂ, ਖਿਲਰੀਆਂ ਤਾਰਾਂ ਖੁਸ਼ੀ ਤੇ ਜਾਮਨੀ ਨੇ ਇਕੱਠੀਆਂ ਕੀਤੀਆਂ ਅਨੇਕਾਂ ਗੰਢਾਂ ਦੇ ਕੇ ਇਕ ਰੱਸੀ ਬਣਾਈ। ਆੜੂ ਦੀ ਝੁਕੀ ਹੋਈ ਟਾਹਣੀ ਨਾਲ ਉਹਨਾਂ ਪੀਂਘ ਪਾਈ। ਵਾਰੀ ਵਾਰੀ ਪੀਂਘ ਝੂਟਣ ਦਾ ਉਹ ਯਤਨ ਕਰ ਰਹੀਆਂ ਸਨ।
ਮੈਂ ਵੱਡੀ ਬੇਟੀ ਜਾਮਨੀ ਨੂੰ ਬੁਲਾ ਕੇ ਕਿਹਾ- ਇਹ ਰੱਸੀ ਤਾਂ ਬਹੁਤ ਪੁਰਾਣੀ ਹੈ। ਤੁਸੀਂ ਡਿੱਗ ਪਵੋਗੀਆਂ, ਸੱਟ ਲਗੇਗੀ। ਮੈਂ ਹੁਣੇ ਤੁਹਾਨੂੰ ਸਟੋਰ ਵਿੱਚੋਂ ਲਿਆ ਕੇ ਮਜਬੂਤ ਰੱਸੀ ਦਿੰਦਾ ਹਾਂ। ਤੁਸੀਂ ਉਸ ਪੱਕੀ ਰੱਸੀ ਦੀ ਪੀਂਘ ਪਾ ਲੈਣੀ।
ਖੁਸ਼ੀ ਤੇ ਜਾਮਨੀ, ਪੰਦਰਾਂ ਦਿਨ ਪਹਿਲਾਂ ਏਥੋਂ ਚਲੀਆਂ ਗਈਆਂ ਸਨ- ਦੂਰ ਆਪਣੇ ਪਿੰਡ। ਪਰ ਪੁਰਾਣੀ ਬੈਂਤ ਦੀ ਰੱਸੀ ਹਾਲੀ ਵੀ ਆੜੂ ਨਾਲ ਬੱਧੀ ਲਟਕ ਰਹੀ ਸੀ। ਰੱਸੀ ਵਿੱਚ ਏਨੀਆਂ ਗੰਢਾਂ। ਵਾਹਿਗੁਰੂ ਕਰੇ, ਬੇਟੀਆਂ ਦੀ ਜ਼ਿੰਦਗੀ ਦੀ ਡੋਰ ਪੱਕੀ ਹੋਵੇ, ਸਾਵੀਂ ਪੱਧਰੀ ਹੋਵੇ। ਕੋਈ ਗੰਢ ਨਾ ਹੋਵੇ।
ਮੈਂ ਬਜ਼ਾਰੋਂ ਆ ਕੇ ਹਾਲੀ ਬੈਠਾ ਹੀ ਸਾਂ ਕਿ ਪਾਲਮਾਜਰੇ ਵਾਲਾ ਜੱਸੀ ਆ ਗਿਆ। ਉਸ ਨੂੰ ਪੰਜ ਸੌ ਚਾਹੀਦੇ ਸਨ। ਤੁਰੰਤ ਲੋੜ ਸੀ। ਮੈਂ ਜੱਸੀ ਨੂੰ ਪੰਜ ਸੌ ਰੁਪਏ ਦਿੱਤੇ  ਤੇ ਬਟੂਆ ਕਿਤੇ ਰੱਖ ਕੇ ਭੁਲ ਗਿਆ। ਮੈਂ ਆਸੇ ਪਾਸੇ ਵੇਖਿਆ। ਪਰ ਬਟੂਆ ਲੱਭਾ ਹੀ ਨਾ। ਮੈਂ ਦੋਹੇਂ ਬੇਟੀਆਂ ਨੂੰ ਬੁਲਾਇਆ- ਪੁੱਤਰੋ, ਬਟੂਆ ਲਭੋ। ਅਲਮਾਰੀ, ਦਰਾਜ, ਮੰਜਿਆਂ ਦੇ ਹੇਠਾਂ ਉਤੇ, ਸਭ ਥਾਈਂ ਦੇਖੋ।
– ਬਾਪੂ ਜੀ ਫੋਲਾ ਫਾਲੀ ਕਿਸ ਲਈ ਕਰਨੀ ਹੈ। ਬਟੂਆ ਤਾਂ ਤੁਸੀਂ ਆਪਣੀਆਂ ਦਵਾਈਆਂ ਵਾਲੇ ਕਾਲੇ ਮੋਮੀ ਲਿਫਾਫੇ ਵਿੱਚ ਪਾ ਕੇ, ਆਪਣੇ ਕਮਰੇ ਵਿੱਚ ਚਲੇ ਗਏ ਸੀ। ਕਿਥੇ ਹੈ ਉਹ ਕਾਲਾ ਲਿਫਾਫਾ?
ਮੈਂ ਅੱਜ ਹੀ ਕੈਮਿਸਟ ਪਾਸੋਂ ਦਵਾਈਆਂ ਖਰੀਦ ਕੇ ਲਿਆਂਦੀਆਂ ਸਨ, ਗਲਤੀ ਨਾਲ ਬਟੂਆ ਉਸੇ ਦਵਾਈਆਂ ਵਾਲੇ ਕਾਲੇ ਰੰਗ ਦੇ ਲਫਾਫੇ ਵਿੱਚ ਰੱਖਿਆ ਗਿਆ ਸੀ।
ਮੈਂ ਜਾਮਨੀ ਨੂੰ ਸ਼ਾਬਾਸ਼ ਦਿੱਤੀ।
ਮੇਰੀ ਵਰਤੋਂ ਲਈ ਇੱਕ ਕਮਰੇ ਤੇ ਬੈਠਕ ਹੀ ਕਾਫੀ ਸੀ। ਨਾਲ ਜੁੜਦੇ ਖਾਲੀ ਕਮਰਿਆਂ ਵਿੱਚ ਮੈਂ ਬਹੁਤ ਘੱਟ ਜਾਂਦਾ ਸੀ। ਮਹੀਨਿਆਂ ਪਿੱਛੋਂ ਕੋਈ ਰਾਤ ਰਹਿਣ ਵਾਲਾ ਮਹਿਮਾਨ ਮੇਰੇ ਪਾਸੋਂ ਆਉਂਦਾ ਸੀ। ਉਦੋਂ ਹੀ ਅੰਦਰ ਬੈਡਰੂਮ ਦੀਆਂ ਚਾਦਰਾਂ ਪਾਸੇ ਕਰਕੇ, ਨਵੀਆਂ ਚਾਦਰਾਂ ਵਿਛਾਉਂਦਾ ਸਾਂ। ਨਵੇਂ ਸਿਰਹਾਣੇ ਰੱਖਦਾ ਸਾਂ।
ਖੁਸ਼ੀ ਅਕਸਰ ਕਿਸੇ ਨਾ ਕਿਸੇ ਬਹਾਨੇ ਇਹਨਾਂ ਕਮਰਿਆਂ ਵਿੱਚ ਚਲੀ ਜਾਂਦੀ ਸੀ। ਗੌਡਰੇਜ ਦੀ ਅਲਮਾਰੀ ਉਪਰ ਰੱਖੇ ਖਿਡੌਣਿਆਂ ਵਲ ਵੇਖਦੀ ਰਹਿੰਦੀ ਸੀ। ਕਈ ਵਾਰ ਮੈਂ ਕਹਿੰਦਾ ਸਾਂ- ਤੈਨੂੰ ਖਿਡੌਣੇ ਬਹੁਤ ਪਸੰਦ ਹਨ। ਮੈਂ ਉਪਰੋਂ ਉਪਰ ਦੋ ਤਿੰਨ ਖਿਡੌਣੇ ਤੈਨੂੰ ਦੇ ਦਿੰਦਾ ਹਾਂ। ਖੇਡ ਲਵੀਂ।
– ਨਹੀਂ ਬਾਪੂ ਜੀ, ਵੋਲਗਾ ਦੀਦੀ ਵੇਖ ਲਵੇਗੀ ਤਾਂ ਗੁੱਸੇ ਹੋਵੇਗੀ।
– ਵੋਲਗਾ ਤਾਂ ਕੈਨੇਡਾ ਰਹਿੰਦੀ ਹੈ- ਏਨੀ ਦੂਰੀ ਤੋਂ  ਉਹ ਕਿਵੇਂ ਵੇਖ ਲਵੇਗੀ।
ਪਰ ਖੁਸ਼ੀ ਖਿਡੌਣਿਆਂ ਨੂੰ ਹੱਥ ਨਹੀਂ ਸੀ ਲਾਉਂਦੀ।
ਪੁੱਤਰ, ਨੂੰਹ, ਪੋਤਰੀ ਵੋਲਗਾ ਚਲੇ ਗਏ ਚਾਕਰੀ ਕਰਨ ਡਾਲਰਾਂ ਦੀ ਸਰਕਾਰ, ਦੋਹਾਂ ਧੀਆਂ ਨੇ ਵਸਾ ਲੈ ਆਪਣੇ ਆਪਣੇ ਘਰਬਾਰ। ਪਿਛੇ ਇਕੱਲਾ ਰਹਿ ਗਿਆ ਮੈਂ ਬੇਘਰ ਬੇਜ਼ਾਰ। ਨਿੱਕੀਆਂ ਨਿੱਕੀਆਂ ਦੋ ਮੇਰੀਆਂ ਧਰਮ ਦੀਆਂ ਧੀਆਂ ਚਲੀਆਂ ਗਈਆਂ ਆਪਣੇ ਪਿੰਡ। ਚੁੱਪ ਚਾਪ ਮੈਂ ਖੜਾ ਹਾਂ, ਨਾਲ ਖੜੀ ਹੈ ਮੇਰੇ ਕੱਲਰ ਖਾਧੀ ਇਕ ਦੀਵਾਰ।
ਬਲੈਰੋ ਮਿੰਨੀ ਟਰੱਕ ਦੀ ਇਸ ਮਹੀਨੇ ਦੀ ਕਿਸ਼ਤ ਤਾਰ ਦਿੱਤੀ ਗਈ ਸੀ। ਮੇਲਾ ਸੀ। ਦਿਨ ਹੁੰਦੇ ਹੀ ਸਾਰਾ ਚਿਕਨ ਵਿਕ ਗਿਆ ਸੀ। ਅੱਜ ਅੱਠੇ ਦਾ ਮੇਲਾ ਸੀ। ਜੇਬ ਵਿੱਚ ਕੁਝ ਪੈਸੇ ਵੀ ਸਨ। ਵਿਨੀਤ ਅੱਜ ਜਲਦੀ ਹੀ ਘਰ ਆ ਗਿਆ। ਗੁੜੀਆ ਤੇ ਦੋਹਾਂ ਬੱਚੀਆਂ ਨੂੰ ਤਿਆਰ ਹੋਣ ਲਈ ਕਿਹਾ। ਮੇਲਾ ਵੇਖਣ ਜਾਣਾ ਹੈ। ਮਹੀਨਿਆਂ ਪਿਛੋਂ ਕਿਤੇ ਐਸਾ ਖੁਸ਼ੀ ਤੇ ਫੁਰਸਤ ਦਾ ਮੌਕਾ ਆਇਆ ਸੀ।
ਵਿਨੀਤ ਨੇ ਦੋਹਾਂ ਬੇਟੀਆਂ ਨੂੰ ਸੌ ਸੌ ਰੁਪਏ ਦਿੱਤੇ। ਮੇਲੇ ਵਿੱਚ ਆਪਣੀ ਮਨਪਸੰਦ ਚੀਜ਼ ਖਾ ਲੈਣ।
ਜਾਮਨੀ ਨੇ ਤਸਵੀਰਾਂ ਵਾਲੇ ਦੋ ਰਸਾਲੇ ਖਰੀਦ ਲੈ ਅਤੇ ਬਾਕੇ ਬਚੇ ਪੈਸਿਆਂ ਦੀਆਂ ਕੱਚ ਦੀਆਂ ਚੂੜੀਆਂ ਚੜਾ ਲਈਆਂ। ਖੁਸ਼ੀ ਨੇ ਸੌ ਰੁਪਏ ਦੀ ਇੱਕ ਗੁੱਡੀ ਖਰੀਦੀ। ਫੁੱਲਾਂ ਵਾਲੀ ਫਰਾਕ, ਗੋਟੇ ਕਿਨਾਰੀ ਵਾਲੀ ਚਮਕੀਲੀ ਚੁੰਨੀ, ਕੱਕੇ ਵਾਲ ਨਿੱਕੇ ਨਿੱਕੇ ਪਰ ਸਤਰੰਗੀ ਲੰਮੀ ਪਰਾਂਦੀ, ਤਿੱਲੇਦਾਰ ਜੁੱਤੀ। ਖੁਸ਼ੀ ਨੇ ਕਿਸੇ ਖਾਣ ਵਾਲੀ ਚੀਜ ਵੱਲ ਵੇਖਿਆ ਤੱਕ ਨਹੀਂ ਸੀ।
ਕੁੜੀਆਂ ਕਈ ਮਹੀਨਿਆਂ ਪਿੱਛੋਂ, ਆਪਣੇ ਮਾਂ ਪਿਓ ਨਾਲ ਬਾਹਰ ਗਈਆਂ ਸਨ- ਮੇਲੇ, ਖੁਸ਼ੀ ਡੁਲ੍ਹ ਡੁੱਲ੍ਹ ਪੈਂਦੀ ਸੀ।
ਮੇਲੇ ਤੋਂ ਵਾਪਸ ਆ ਕੇ ਖੁਸ਼ੀ ਭੱਜੀ ਭੱਜੀ ਮੇਰੇ ਪਾਸ ਆਈ। ਬਾਪੂ ਜੀ, ਆ ਦੇਖੋ, ਮੇਰੇ ਪਾਸ ਕੀ।
– ਬੇਟੇ ਦਿਖਾਏਂਗੀ ਤਾਂ ਹੀ ਪਤਾ ਲੱਗੂ ਤੇਰੇ ਪਾਸ ਕੀ ਹੈ।
– ਆ ਦੇਖੋ ਕਿੰਨੀ ਸੋਹਣੀ ਗੁੱਡੀ।
– ਸਿੱਧੀ ਅਰਸ਼ਾਂ ਤੋਂ ਉਤਰੀ ਲੱਗਦੀ ਹੈ ਤੇਰੀ ਗੁੱਡੀ। ਨਿਰੀ ਪਰੀ। 
ਅਰਸ਼ਾਂ ਤੋਂ ਬਾਰੂਦ ਵਰ੍ਹ ਰਿਹਾ ਸੀ। ਧਾੜਵੀ ਇਸਰਾਈਲ ਨੂੰ ਨਕੇਲ ਪਾਉਂਣ ਵਾਲਾ ਕੋਈ ਨਹੀਂ ਸੀ। ਨਾਲ ਲੱਗਦੇ ਅਰਬ ਦੇਸ਼ਾਂ ਵਿੱਚੋਂ, ਕਿਸੇ ਵੀ ਦੇਸ਼ ਉੱਤੇ, ਜਦੋਂ ਮਰਜ਼ੀ ਇਸਰਾਈਲੀ ਬੰਬਾਰ, ਬੰਬਾਂ ਦੀ ਬਾਰੂਦ-ਬਾਰਸ਼ ਕਰਨ ਲੱਗਦੇ ਸਨ। ਹੁਣ ਗਾਜ਼ਾ ਪੱਟੀ ਦੀ ਸ਼ਹਿਰੀ ਆਬਾਦੀ ਉਤੇ ਬੰਬ ਸੁੱਟੇ ਜਾ ਰਹੇ ਸਨ। ਇਕ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਸਨ। ਮੇਰੇ ਸਾਹਮਣੇ ਅਖਬਾਰ ਵਾਲਾ ਸਫਾ ਖੁਲ੍ਹਾ ਪਿਆ ਸੀ- ਚਾਰ ਸਾਲਾ ਮਾਸੂਮ ਬੱਚੀ ਵਿੱਚ ਕੁਝ ਹਰਕਤ ਦਿਸੀ। ਮੈਨੂੰ ਲੱਗਦਾ ਸੀ ਕਿ ਜਿਵੇਂ ਸ਼ਿਆਮਾ ਅਲ- ਮਸਰੀ ਹੁਣ ਹੋਸ਼ ਵਿੱਚ ਆ ਗਈ ਹੋਵੇ। ਗੁੱਡੀ ਉਸ ਦੇ ਲਾਗੇ ਬੈਠੀ ਸੀ। 
ਖੁਸ਼ੀ ਅੱਜ ਬਹੁਤ ਖੁਸ਼ ਸੀ- ਗੁੱਡੀ ਨਾਲ ਖੇਡ ਰਹੀ ਸੀ। ਗੁੱਡੀ ਨੂੰ ਰੋਟੀ ਖਵਾ ਰਹੀ ਸੀ।

Prof Pannuਕਵਿਤਾ ਭਵਨ, ਮਾਛੀਵਾੜਾ ਰੋਡ, ਸਮਰਾਲਾ
ਮੋਬਾ:-  94638-08697

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …

Leave a Reply