ਪੁਸਤਕ ਸਮੀਖਿਆ
ਪੁਸਤਕ : ਕਾਗਜ਼, ਲੇਖਕ :ਇਕਵਾਕ ਸਿੰਘ ਪੱਟੀ,
ਪ੍ਰਕਾਸ਼ਕ: ਰਤਨ ਬ੍ਰਦਰਜ਼ ਅੰਮ੍ਰਿਤਸਰ,
ਪੰਨੇ ੧੩੬, ਮੁੱਲ ੧੫੦/- ਰੁ: ੭ ਡਾਲਰ
– ਵਰਿੰਦਰ ਆਜ਼ਾਦ, ਅੰਮ੍ਰਿਤਸਰ।
ਪੁਸਤਕ ਕਾਗਜ਼ ਨੌਜਵਾਨ ਲੇਖਕ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ, ਭਾਵੇਂ ਕਿ ਇਸ ਤੋਂ ਪਹਿਲਾਂ ਉਸਦੇ ਸਮਾਜਿਕ, ਧਾਰਮਿਕ ਸਰੋਕਾਰਾਂ ਨਾਲ ਜੁੜੇ ਲੇਖਾਂ ਨਾਲ ਸਬੰਧਿਤ ਦੋ ਅਤੇ ਸੰਗੀਤ (ਤਬਲਾ) ਨਾਲ ਸਬੰਧਿਤ ਇੱਕ ਕਿਤਾਬ ਛੱਪ ਚੁੱਕੀ ਹੈ।
ਕਿਤਾਬ ਦੀ ਛਪਾਈ, ਜਿਲਦ, ਟਾਈਟਲ ਅਤੇ ਕਾਗਜ਼ ਤੇ ਵੀ ਵਿਸ਼ੇਸ਼ ਧਿਆਨ ਦੇ ਕੇ ਇੱਕ ਮਿਆਰੀ ਪੁਸਤਕ ਮਾਂ-ਬੋਲੀ ਪੰਜਾਬੀ ਦੇ ਪਾਠਕਾਂ ਦੀ ਝੋਲੀ ਵਿੱਚ ਪਾਈ ਹੈ। ‘ਕਾਗਜ਼’ ਕਹਾਣੀ ਸੰਗ੍ਰਹਿ ਇਹ ਇੱਕ ਲਵ ਸਟੋਰੀ ਹੈ। ਪਿਆਰ ਜੋ ਕਿਸੇ ਪਲ, ਕਦੋਂ, ਕਿੱਥੇ, ਕਿਸ ਨੂੰ ਹੋ ਜਾਵੇ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਇਕਵਾਕ ਸਿੰਘ ਨੌਜਵਾਨ ਹੋਣ ਦੇ ਨਾਤੇ ਪਿਆਰ ਮੁਹੱਬਤ ਦੀ ਗੱਲ ਕਰਦਾ ਹੈ। ਹਰ ਕਹਾਣੀ ਉਸਦੀ ਆਪਣੀ ਕਹਾਣੀ ਲੱਗਦੀ ਹੈ ਜਿਵੇਂ ਉਸਨੇ ਖੁਦ ਆਪਣੇ ਪਿੰਡੇ ਤੇ ਹੰਢਾ ਕੇ ਸੱਭ ਕੁੱਝ ਲਿਖਿਆ ਹੋਵੇ।
ਲੇਖਕ ਨੇ ਕਾਗਜ਼ ਕਾਹਣੀ ਸੰਗ੍ਰਹਿ ਨੂੰ ਇੱਕ ਮਿਸ਼ਨ ਦੇ ਤੌਰ ਤੇ ਲਿਆ ਹੈ ਅਤੇ ਮਿਸ਼ਨ ਦੇ ਤੌਰ ਤੇ ਹੀ ਤਬਦੀਲੀ ਅਤੇ ਇਨਕਲਾਬ ਦੀ ਗੱਲ ਕਰਦਾ ਹੈ। ਪਿਆਰ ਕਰਨ ਵਾਲਿਆਂ ਨੂੰ ਉਸ ਨੇ ਸੁਚੇਤ ਕੀਤਾ ਹੈ, ਜਿਸ ਸਮਾਜ ‘ਚ ਅਸੀਂ ਵਿਚਾਰ ਰਹੇ ਹਾਂ ਉਸ ਅਨੁਸਾਰ ਹੀ ਸਾਨੂੰ ਕਈ ਵਾਰ ਚਲਣਾ ਪੈਂਦਾ ਹੈ, ਕਈ ਵਾਰ ਸਮਾਜ ਵਿੱਚ ਕੀਤੀ ਬਗਾਵਤ ਬਹੁਤ ਮਹਿੰਗੀ ਪੈਂਦੀ ਹੈ। ਇਸ ਦੇ ਬਦਲੇ ਕੇਵਲ ਇੱਕ ਰਿਸ਼ਤਾ ਜੋੜਨ ਲਈ, ਕਈ ਵਾਰ ਬਹੁਤ ਸਾਰੇ ਰਿਸ਼ਤੇ ਟੁੱਟ ਜਾਂਦੇ ਹਨ, ਕਈ ਕੀਮਤੀ ਜਾਨਾਂ ਦੀ ਅਹੂਤੀ ਦੇਣੀ ਪੈ ਜਾਂਦੀ ਹੈ ਅਤੇ ਕਈ ਆਤਮਾਂਵਾਂ ਨੂੰ ਜਿੰਦਗੀ ਭਰ ਤੜਫਣ ਲਈ ਛੱਡਣ ਤੋਂ ਸਿਵਾਏ ਕੁੱਝ ਵੀ ਹਾਸਲ ਨਹੀਂ ਹੁੰਦਾ, ਅਜਿਹੇ ਹਾਲਤ ਵਿੱਚ ਬਿਨ੍ਹਾਂ ਸਮਝੌਤੇ ਦੇ ਕੋਈ ਚਾਰਾ ਨਹੀਂ ਹੁੰਦਾ ਅਤੇ ਸਹੀ ਹੁੰਦਿਆਂ ਵੀ ਕਈ ਵਾਰ ਖਾਮੋਸ਼ੀ ਇਖਤਿਆਰ ਕਰਨੀ ਹੀ ਅਕਲਮੰਦੀ ਹੁੰਦੀ ਹੈ।
ਚਾਹੇ ਇਸ ਸੰਗ੍ਰਹਿ ਦੀ ਟਾਈਟਲ ਕਹਾਣੀ ‘ਕਾਗਜ਼’ ਹੈ ਪਰ ਇਸ ਕਾਹਣੀ ਸੰਗ੍ਰਹਿ ਦੀ ਪ੍ਰਤੀਨਿੱਧਤਾ ‘ਨਸੀਬ’ ਨਾਮ ਦੀ ਕਹਾਣੀ ਕਰਦੀ ਹੈ, ਕਿਉਂਕਿ ਇਸ ਕਾਹਣੀ ਦੇ ਨਾਇਕ ਅਤੇ ਨਾਇਕਾ ਜਿੱਥੇ ਉਹ ਸਮਾਜਿਕ ਤਬਦੀਲੀ ਦੀ ਗੱਲ ਕਰਦੇ ਹਨ ਉੱਥੇ ਉਹ ਸਮਾਜ ਦੀ ਨਬਜ਼ ਨੂੰ ਪਹਿਚਾਣ ‘ਚ ਸਫ਼ਲ ਰਹੇ ਹਨ।ਉਹ ਪਿਆਰ ਨੂੰ ਪਾਉਣ ‘ਚ ਵਿਸ਼ਵਾਸ ਨਹੀਂ ਰੱਖਦੇ, ਪਿਆਰ ਨੂੰ ਉਹ ਅਹਿਸਾਸ ਮੰਨਦੇ ਹਨ। ਜਿਸ ਚਾਹਤ ਨੂੰ ਪਾਉਣ ਦੀ ਖਾਤਰ ਹੋਰ ਜਿੰਦਗੀਆਂ ਨੂੰ ਖਤਰਾ ਪੈਦਾ ਹੋ ਜਾਵੇ ਉਹ ਪਿਆਰ ਨਿੱਜੀ ਸੁਆਰਥ ਅਤੇ ਹਵਸ ਤੋਂ ਛੁੱਟ ਹੋਰ ਕੁਝ ਨਹੀਂ। ਉਹ ਦੋਂਵੇ ਆਸ਼ਾਵਾਦੀ ਹਨ। ਉਨ੍ਹਾ ਦੀ ਸੋਚ ਹੈ ਕਿ ਅਸੀਂ ਦੋਨ੍ਹਾਂ ਦੇ ਆਪਣਾ ਆਪਣਾ ਘਰ ਵਸਾ ਕੇ ਬੱਚੇ ਪੈਦਾ ਹੋਣ ਤੇ ਉਨ੍ਹਾਂ ਨੂੰ ਸੱਚੇ ਪਿਆਰ ਦੇ ਅਰਥ ਦੱਸ ਕੇ ਪਿਆਰ ਦੇ ਬੂਟੇ ਨੂੰ ਅੱਗੇ ਵਧਾਵਾਂਗੇ।
‘ਡਬਲ ਸਟੈਂਡਰਡ’ ਕਹਾਣੀ ਵਿੱਚ ਇਨਸਾਨੀ ਪਾਖੰਡ ਨੂੰ ਉਭਾਰਿਆ ਗਿਆ ਹੈ। ਇਕ ਪਾਸੇ ਤਾਂ ਇਨਸਾਨ ਆਪਣੀ ਐਸ਼ ਅਤੇ ਖੁਸ਼ੀ ਲਈ ਸਭ ਕੁਝ ਕਰਨ ਲਈ ਤਿਆਰ ਹੈ ਅਤੇ ਦੂਜੇ ਪਾਸੇ ਝੂਠੀ ਸ਼ਾਨ ਅਤੇ ਹੰਕਾਰ ਉਸ ਨੂੰ ਜਿਊਣ ਨਹੀਂ ਦਿੰਦਾ। ਆਪਣੀ ਬੇਟੀ ਦੇ ਪ੍ਰੇਮੀ ਦਾ ਕਤਲ ਕਰਕੇ ਕਿਸੇ ਦੇ ਇਕਲੌਤੇ ਚਿਰਾਗ ਨੂੰ ਬੁਝਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਇਸ ਕਹਾਣੀ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਕਹਾਣੀ ਦੀ ਨਾਇਕਾ ਡਬਲ ਸਟੈਂਡਰਡ ਦਾ ਪਰਦਾ ਫਾਸ਼ ਹੋਈ ਆਪਣੇ ਪਿਉ ਦੇ ਵਿਰੁਧ ਜੰਗ ਦਾ ਐਲਾਣ ਕਰਦੀ ਹੈ। ਨਤੀਜਾ ਪਿਉ ਦੀ ਝੂਠੀ ਸ਼ਾਨ ਦੀ ਧੱਜੀਆਂ ਉਡਾਉਂਦੀ ਹੈ ਤੇ ਪਿਉ ਜੇਲ੍ਹ ਅੰਦਰ ਜਾਂਦਾ ਹੈ।
ਬਾਪੂ ਕਹਾਣੀ ਇਸ ਦੀ ਵੱਖਰੀ ਕਹਾਣੀ ਹੈ ਮਾਂ-ਬਾਪ ਬੱਚਿਆਂ ਲਈ ਸਭ ਕੁਝ ਕੁਰਬਾਨ ਕਰ ਦਿੰਦੇ ਹੈ ਤੇ ਔਲਾਦ ਆਪਣੇ ਪਿਉ ਨੂੰ ਬਿਰਧ ਆਸ਼ਰਮ ‘ਚ ਮਰਨ ਲਈ ਛੱਡ ਦਿੰਦੀ ਹੈ, ਦੂਜੇ ਪਾਸੇ ਉਹ ਵੀ ਔਲਾਦਾਂ ਹਨ ਜੋ ਆਪਣੇ ਮਾਂ-ਬਾਪ ਦੇ ਸੁਖ ਲਈ ਸਭ ਕੁਝ ਕੁਰਬਾਨ ਲਈ ਵੀ ਤਿਆਰ ਹੈ।
‘ਗੁਲਾਬ ਤੋਂ..’ ਇਸ ਕਹਾਣੀ ‘ਚ ਇਕ ਤਰਫਾ ਪਿਆਰ, ਖੁਦਗਰਜ਼ੀ ਅਤੇ ਹਵਸ ਤੋਂ ਛੁੱਟ ਤੋਂ ਬਿਨ੍ਹਾਂ ਕੁਝ ਨਹੀਂ, ਪਿਆਰ ਪਾਉਣ ਦੇ ਨਾਮ ਤੇ ਹਵਸ ਦੇ ਭੁਖੇ ਭੇੜੀਏ ਕਿਵੇਂ ਨੌਜਵਾਨਾਂ ਲੜਕੀਆ ਉਪਰ ਤੇਜ਼ਾਰ ਵਗੈਰਾ ਸੁੱਟ ਕੇ ਇਨਸਾਨੀਅਤ ਗਿਰਿਆ ਹੋਇਆ ਕੰਮ ਕਰਨ ਲੱਗਿਆਂ ਵੀ ਨਹੀਂ ਕੰਬਦੇ।
ਮਾਫ਼ ਕਰ ਦੇਵੀਂ ਪਿਆਰ ਜਿਥੇ ਕੁਰਬਾਨੀ ਦੀ ਗੱਲ ਕਰਦੀ ਹੈ ਉਥੇ ਦੱਸਦੀ ਹੈ ਕਿ ਇਨਸਾਨ ਪੈਸਿਆਂ, ਦਾਜ-ਦਹੇਜ ਦੇ ਲਾਲਚ ਪਿੱਛੇ ਦੂਜਿਆਂ ਦੀ ਜਿੰਦਗੀ ਨੂੰ ਤਬਾਹ ਕਰ ਤੋਂ ਪਿੱਛੇ ਨਹੀਂ ਹਟਦਾ।
ਤਲਾਕ ਕਹਾਣੀ ਲਾਲਚ, ਖੁਦਗਰਜ਼ੀ ਦੀ ਜ਼ਿੰਦਾ ਮਿਸਾਲ ਹੈ ਕਿ ਬੰਦਾ ਆਪਣੇ ਨਿਜ਼ੀ ਸੁਆਰਥ ਦੀ ਖਾਤਰ ਆਪਣੀ ਔਲਾਦ ਤੱਕ ਨੂੰ ਵੇਚ ਦਿੰਦਾ ਹੈ।
ਇਸ ਸੰਗ੍ਰਹਿ ਦੀ ਮੁੱਖ ਕਹਾਣੀ ਕਾਗਜ਼ ਆਪਣੇ ਆਪ ‘ਚ ਮਿਸਾਲ ਹੈ। ਸੱਚਾ ਪਿਆਰ ਕਿਸੇ ਇਬਾਦਤ ਤੋਂ ਘੱਟ ਨਹੀਂ ਹੁੰਦਾ, ਪਿਆਰ ਤਾਂ ਦੂਜੇ ਲਈ ਸਭ ਕੁਝ ਕੁਰਬਾਨ ਕਰਨ ਦਾ ਜ਼ਜ਼ਬਾ ਆਪਣੇ ਆਪ ‘ਚ ਮਿਸਾਲ ਹੈ, ਪਿਆਰ ਤਾਂ ਸਰੀਰ ਨਾਲ ਨਹੀਂ ਆਤਮਾ ਨਾਲ ਹੁੰਦਾ ਹੈ।
ਇਸ ਤੋਂ ਇਲਾਵਾ ਮੁਕੰਮਲ ਲਾਸ਼, ਅਣਸੁੱਲਝੀ ਮੁਹੱਬਤ, ਮੈਡਮ ਸਾਹਿਬਾ, ਭਲਾ ਕਰ ਦਾਤਿਆ, ਕੁਪੱਤ, ਇਨਸਾਨੀਅਤ, ਤਿੜਕੇ ਰਿਸ਼ਤੇ, ਗਲਤ ਜਾਂ ਠੀਕ ਸਾਰੀਆਂ ਹੀ ਕਹਾਣੀਆਂ ਗੰਭੀਰ ਅਤੇ ਅਤੇ ਆਪਣੇ ਵਿਸ਼ੇ ਵਿੱਚ ਮੁਕੰਮਲ ਹਨ। ਅੰਤ ਵਿੱਚ ਇਸ ਸੰਗ੍ਰਹਿ ਬਾਰੇ ਇਹ ਕਿਹਾ ਜਾ ਸਕਦਾ ਹੈ। ਇਹ ਸੰਗ੍ਰਹਿ ਸਾਡੇ ਸਮਾਜ ਅਤੇ ਨੌਜਵਾਨ ਵਰਗ ਨੂੰ ਸਹੀ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਸਫਲ ਹੋਵੇਗੀ।
ਵਰਿੰਦਰ ਆਜ਼ਾਦ, ਅੰਮ੍ਰਿਤਸਰ
ਮੋਬਾਇਲ- ੯੮੧੫੦-੨੧੫੨੭