Wednesday, July 3, 2024

ਸ਼ਹੀਦੀ ਸਥਾਨ ਨੂੰ ਕੋਈ ਨੁਕਸਾਨ ਹੋਇਆ ਤਾਂ ਵਿਗੜੇ ਤਾਂ ਨਤੀਜੇ ਮਾੜੇ ਹੋਣਗੇ – ਜੀ.ਕੇ

PPN0904201603

ਨਵੀਂ ਦਿੱਲੀ, 9 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਰਕਾਰੀ ਅਮਲੇ ਵੱਲੋਂ ਸਿੱਖਾਂ ਦੇ ਖਿਲਾਫ਼ ਛੇੜੇ ਗਏ ਜ਼ਹਾਦ ਦੇ ਨਤੀਜ਼ੇ ਦੇਸ਼ ਦੇ ਲਈ ਮਾੜ੍ਹੇ ਹੋਣ ਦੀ ਚੇਤਾਵਨੀ ਦਿੱਤੀ ਹੈ। ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿੱਖੇ ਸਿੱਖ ਕੌਮ ਦੀ ਇੱਕਜੁਟਤਾ ਅਤੇ ਚੜ੍ਹਦੀਕਲਾ ਲਈ ਰੱਖੇ ਗਏ ਵਿਸ਼ੇਸ਼ ਅਰਦਾਸ ਸਮਾਗਮ ਮੌਕੇ ਜੀ.ਕੇ ਨੇ ਕੌਮੀ ਹਿਤਾਂ ਨੂੰ ਸਿਆਸੀ ਹਿਤਾਂ ਤੋਂ ਜਰੂਰੀ ਦੱਸਦੇ ਹੋਏ ਸਰਕਾਰਾਂ ਨੂੰ ਸਿੱਖ ਕੌਮ ਨਾਲ ਵਿਤਕਰਾ ਕਰਨ ਦੀ ਆਪਣੀ ਮਾਨਸਿਕਤਾ ਬਦਲਣ ਜਾਂ ਸਿੱਖਾਂ ਦੇ ਰੋਹ ਦੀ ਲੰਬੀ ਲੜਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਜਿਹੇ ਦੋ ਤਰੀਕੇੇ ਸੁਝਾਏ। ਜੀ.ਕੇ ਤੋਂ ਇਲਾਵਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੇ ਪ੍ਰਤੀਨਿਧੀ ਵੱਜੋਂ ਬਾਬਾ ਸੁਖਦੇਵ ਸਿੰਘ ਅਤੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਪ੍ਰਤੀਨਿਧੀ ਵੱਜੋਂ ਬਾਬਾ ਮੇਜ਼ਰ ਸਿੰਘ ਨੇ ਆਪਣੇ ਵਿਚਾਰ ਰੱਖੇ।
ਜੀ.ਕੇ ਨੇ ਪੰਥਕ ਜੋਸ਼ ਦੀ ਖੁਮਾਰੀ ਵਿਚ ਭਿੱਜ ਕੇ ਜੋਰਦਾਰ ਸ਼ੇਰਾਂ ਵਾਂਗ ਗੱਜਦੇ ਹੋਏ ਕਿਹਾ ਕਿ ਨਵੰਬਰ 1984 ਸਿੱਖ ਕਤਲੇਆਮ ਦੌਰਾਨ ਦੇਸ਼ ਭਰ ਵਿਚ 12 ਹਜ਼ਾਰ ਸਿੱਖਾਂ ਦਾ ਅਤੇ ਦਿੱਲੀ ਵਿਖੇ 5 ਹਜ਼ਾਰ ਦੇ ਲਗਭਗ ਸਿੱਖਾਂ ਦਾ ਕਤਲ ਸਰਕਾਰੀ ਮਸ਼ੀਨਰੀ ਦੀ ਸ਼ਹਿ ਤੇ ਹੋਇਆ ਪਰ ਸਿੱਖ ਕੌਮ ਅੱਜ ਵੀ ਜਬਰ ਦਾ ਸਾਹਮਣਾ ਸਬਰ ਦੇ ਨਾਲ ਕਰਦੇ ਹੋਏ 32 ਸਾਲ ਤੋਂ ਭਾਰਤ ਦੇ ਸੰਵਿਧਾਨ ਅਨੁਸਾਰ ਅਦਾਲਤਾਂ ਵਿਚ ਲੰਬੀ ਲੜਾਈ ਲੜ ਰਹੀ ਹੈ। ਇੱਕ ਪਾਸੇ ਸਿੱਖ ਇਸ ਭਿਆਨਕ ਕਤਲੇਆਮ ਦੇ ਬਾਵਜ਼ੂਦ ਦੇਸ਼ ਦੇ ਨਾਲ ਖੜੇ ਰਹੇ ਪਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਨਿੱਕੀ ਜਿਹੀ ਘਟਨਾਂ ਤੇ ਦੇਸ਼ ਦੇ ਟੁੱਕੜੇ ਕਰਨ ਦੀਆਂ ਗੱਲਾਂ ਕਰਦੇ ਹੋਏ ਚੀਚੀ ਉਂਗਲ ਤੇ ਲਹੂ ਲਗਾ ਕੇ ਸ਼ਹੀਦ ਬਣਨ ਦਾ ਸਵਾਂਗ ਰਚਦੇ ਹਨ।
ਜੀ.ਕੇ ਨੇ ਸਰਕਾਰਾਂ ਨੂੰ ਇਨ੍ਹਾਂ ਹਾਲਾਤਾਂ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਸਾਕਾ ਨੀਲਾ ਤਾਰਾ ਨਾਂ ਦੇ ਫੌਜੀ ਹਮਲੇ ਤੋਂ ਬਾਅਦ ਸਿੱਖ ਫੌਜੀਆਂ ਵੱਲੋਂ ਬਗਾਵਤ ਵੱਜੋਂ ਬੈਰਕਾਂ ਛੱਡਣ ਦੀ ਕੀਤੀ ਗਈ ਕਾਰਵਾਈ ਦਾ ਵੀ ਚੇਤਾ ਕਰਵਾਇਆ। ਜੀ.ਕੇ ਨੇ ਸਾਫ ਕਿਹਾ ਕਿ ਸਿੱਖ ਹਰ ਗੱਲ ਬਰਦਾਸ਼ਤ ਕਰ ਸਕਦਾ ਹੈ ਪਰ ਆਪਣੇ ਗੁਰੂਧਾਮਾਂ ਤੇ ਸਰਕਾਰੀ ਹਮਲਾ ਕਿਸੇ ਸੂਰਤ ਵਿਚ ਬਰਦਾਸ਼ਤ ਨਹੀਂ ਕਰੇਗਾ। ਪ੍ਰਸ਼ਾਸਨ ਨੂੰ ਕਰੜੇ ਸ਼ਬਦਾਂ ਵਿਚ ਤਾੜਨਾ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਨੂੰ ਕੋਈ ਨੁਕਸਾਨ ਹੋਇਆ ਤਾਂ ਉਸ ਦੇ ਸਿੱਟੇ ਵੱਜੌਂ ਪੈਦਾ ਹੋਈ ਲੜਾਈ ਸਰਕਾਰਾਂ ਤੋਂ ਨਹੀਂ ਸੰਭਲੇਗੀ। ਕੌਮ ਦੇ ਹਿਤਾ ਲਈ ਕੋਈ ਵੀ ਕਾਨੂੰਨੀ ਕਾਰਵਾਈ ਆਪਣੇ ਪਿੰਡੇ ਤੇ ਹਢਾਉਣ ਦੀ ਵੀ ਜੀ.ਕੇ ਨੇ ਵੱਚਨਬੱਧਤਾ ਦੋਹਰਾਈ।
ਸਿਰਸਾ ਨੇ ਸਿੱਖਾਂ ਨੂੰ ਇੱਕਮੁੱਠ ਤੇ ਇੱਕਜੁਟ ਹੋਣ ਦਾ ਸੱਦਾ ਦਿੰਦੇ ਹੋਏ ਸਰਕਾਰਾਂ ਨੂੰ ਆਪਣੀਆਂ ਕੋਝੀ ਚਾਲਾਂ ਗੁਰੂ ਦਰਬਾਰਾਂ ਵਿਚ ਨਾ ਚਲਾਉਣ ਦੀ ਵੀ ਅਪੀਲ ਕੀਤੀ। ਸਿਰਸਾ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਗੁਰੂ ਧਾਮਾਂ ‘ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਨੂੰ ਦਿੱਲੀ ਦੀ ਸੰਗਤਾਂ ਬਰਦਾਸ਼ਤ ਨਹੀਂ ਕਰਨਗੀਆਂ।ਹਿਤ ਨੇ ਸਰਕਾਰਾਂ ਦੇ ਗੁਰੂਧਾਮਾਂ ਪ੍ਰਤੀ ਰਵਈਏ ਨੂੰ ਅਹਸਾਨਫਰਾਮੋਸ਼ੀ ਕਰਾਰ ਦਿੰਦੇ ਹੋਏ ਸਿੱਖਾਂ ਨਾਲ ਟਕਰਾਵ ਨਾ ਲੈੇਣ ਦੀ ਚੇਤਾਵਨੀ ਦਿੱਤੀ। ਭੋਗਲ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਵੱਲੋਂ 6 ਅਪ੍ਰੈਲ ਨੂੰ ਸਰਕਾਰੀ ਅਮਲੇ ਦੀ ਕਾਰਵਾਈ ਦਾ ਡੱਟ ਕੇ ਮੁਕਾਬਲਾ ਕਰਨ ਤੇ ਕਮੇਟੀ ਨੂੰ ਵਧਾਈ ਦਿੰਦੇ ਹੋਏ ਸੰਗਤਾਂ ਨੂੰ ਸਹਿਯੋਗ ਦੇੇਣ ਦੀ ਵੀ ਅਪੀਲ ਕੀਤੀ।
ਬਾਬਾ ਸੁਖਦੇਵ ਸਿੰਘ ਨੇ ਟਕਸਾਲ ਵੱਲੋਂ ਦਿੱਲੀ ਕਮੇਟੀ ਦੀ ਪੂਰਣ ਹਿਮਾਇਤ ਦਾ ਭਰੋਸਾ ਦਿੰਦੇ ਹੋਏ ਵਿਕਾਸ ਦੇ ਨਾਂ ਤੇ ਗੁਰੂਧਾਮਾਂ ਨੂੰ ਮਾੜ੍ਹੀ ਨਿਗਾਹ ਨਾਲ ਨਾ ਤੱਕਣ ਦੀ ਸਰਕਾਰਾਂ ਨੂੰ ਚੇਤਾਵਨੀ ਦਿੱਤੀ। ਬਾਬਾ ਮੇਜਰ ਸਿੰਘ ਨੇ ਨਿਹੰਗ ਸਿੰਘਾਂ ਵੱਲੋਂ ਆਪਣੇ ਗੁਰੂਧਾਮਾਂ ਦੀ ਰੱਖਿਆ ਲਈ ਸ਼ਹੀਦੀਆਂ ਦੇਣ ਤੋਂ ਵੀ ਨਾ ਪਿੱਛੇ ਹਟਣ ਦਾ ਭਰੋਸਾ ਸੰਗਤਾ ਨੂੰ ਦਿੱਤਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਆਪਣੇ ਗੁਰੂਧਾਮਾਂ ਦੀ ਰੱਖਿਆ ਸਬੰਧੀ ਕਈ ਮੱਤਿਆਂ ਤੇ ਸੰਗਤਾਂ ਪਾਸੋਂ ਦੋਨੋਂ ਹੱਥਾਂ ਖੜੇ ਕਰਵਾ ਕੇ ਪ੍ਰਵਾਨਗੀ ਲਈ। ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ ਅਤੇ ਕੁਲਵੰਤ ਸਿੰਘ ਬਾਠ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਸਮੂਹ ਮੈਂਬਰ ਸਾਹਿਬਾਨ ਮੌਜੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply