Wednesday, July 3, 2024

ਕਿਸਾਨ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ 11 ਨੂੰ

PPN0904201604

ਅੰਮ੍ਰਿਤਸਰ, 9 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਪੰਜਾਬ ਦੇ ਮਿਹਨਤੀ ਕਿਸਾਨਾਂ ਲਈ ਸ਼ੁਰੂ ਕੀਤੀ ਜਾ ਰਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਸ਼ਨਾਖਤੀ ਕਾਰਡ ਵੰਡਣ ਲਈ ਜ਼ਿਲ੍ਹਾ ਪੱਧਰ ਦਾ ਸਮਾਗਮ ਗੁਰੂ ਨਾਨਕ ਭਵਨ, ਨੇੜੇ ਬੱਸ ਅੱਡਾ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਕਿਸਾਨਾਂ ਨੂੰ ਕਾਰਡ ਵੰਡਣਗੇ। ਉਕਤ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਕਿਸਾਨ, ਜੋ ਕਿ ਖੇਤੀਬਾੜੀ ਕਰਦੇ ਹਨ, ਲਈ ਇਹ ਯੋਜਨਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਕਿਸਾਨ ਪਰਿਵਾਰ ਸਲਾਨਾ 50 ਹਜ਼ਾਰ ਰੁਪਏ ਤੱਕ ਦਾ ਮੁਫਤ ਇਲਾਜ ਨਿੱਜੀ ਹਸਪਤਾਲਾਂ ਵਿਚੋਂ ਕਰਵਾ ਸਕਣਗੇ। ਇਸ ਤੋਂ ਇਲਾਵਾ ਪਰਿਵਾਰ ਦੇ ਮੁਖੀ ਦੀ ਅਚਨਚੇਤ ਮੌਤ ਹੋ ਜਾਣ ਦੀ ਸੂਰਤ ਵਿਚ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਬੀਮਾ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਯੋਜਨਾ ਦੇ ਪਹਿਲੇ ਪੜਾਅ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਕਰੀਬ 41 ਹਜ਼ਾਰ ਕਿਸਾਨਾਂ ਨੂੰ ਰਜਿਸਟਰਡ ਕੀਤਾ ਜਾ ਚੁੱਕਾ ਹੈ ਅਤੇ ਇੰਨਾਂ ਦੇ ਸ਼ਨਾਖਤੀ ਕਾਰਡ ਉਕਤ ਯੋਜਨਾ ਦਾ ਲਾਭ ਲੈਣ ਲਈ ਬਣ ਰਹੇ ਹਨ। ਸ. ਸੰਧੂ ਨੇ ਦੱੱਸਿਆ ਕਿ ਇਨਾਂ ਕਾਰਡਾਂ ਨੂੰ ਵੰਡਣ ਲਈ ਜ਼ਿਲ੍ਹੇ ਪੱਧਰ ਦਾ ਸਮਾਗਮ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਦੀ ਅਗਵਾਈ ਹੇਠ 11 ਅਪ੍ਰੈਲ ਨੂੰ 12 ਵਜੇ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ਹੋਵੇਗਾ।
ਸ. ਸੰਧੂ ਨੇ ਅੱਜ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨਾਲ ਪ੍ਰੋਗਰਾਮ ਦੀਆਂ ਤਿਆਰੀਆਂ ਬਾਰੇ ਮੀਟਿੰਗ ਕੀਤੀ ਅਤੇ ਸੁਝਾਅ ਦਿੱਤਾ ਕਿ ਇਸ ਮੌਕੇ ਪ੍ਰੋਗਰਾਮ ਵਿਚ ਆਏ ਕਿਸਾਨਾਂ ਨੂੰ ਕਣਕ ਦੇ ਸੁਚੱਜੇ ਮੰਡੀਕਰਨ, ਨਾੜ ਨੂੰ ਅੱਗ ਨਾ ਲਗਾਉਣ ਅਤੇ ਸਾਉਣੀ ਦੀ ਫਸਲ ਦੀਆਂ ਤਿਆਰੀਆਂ ਬਾਰੇ ਵੀ ਮਾਹਿਰਾਂ ਵੱਲੋਂ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਸ੍ਰੀ ਰੋਹਿਤ ਗੁਪਤਾ, ਸਹਾਇਕ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਜਿਲ੍ਹਾ ਮੰਡੀ ਅਫਸਰ ਸ. ਜਸਬੀਰ ਸਿੰਘ ਪੰਨੂੰ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰਜੰਗ ਸਿੰਘ ਹੁੰਦਲ ਵੀ ਹਾਜ਼ਰ ਸਨ। ਕੈਪਸ਼ਨ-ਕਿਸਾਨ ਸਿਹਤ ਬੀਮਾ ਯੋਜਨਾ ਦੇ ਜ਼ਿਲ੍ਹਾ ਪੱਧਰੀ ਸਮਾਗਮ ਬਾਰੇ ਮੀਟਿੰਗ ਕਰਦੇ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply