ਇਸ ਦੁਨੀਆਂ ਵਿੱਚ ਕੁੱਝ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਸ਼ੌਕ ਅਲੱਗ ਜਿਹੇ ਹੁੰਦੇ ਹਨ।ਸ਼ਹੀਦ ਭਗਤ ਸਿੰਘ ਨਗਰ, ਬਠਿੰਡਾ ਦੇ ਵਸਨੀਕ ਕੰਵਲਦੀਪ ਵਧਵਾ ਨੇ ਵੀ ਇਕ ਅਜੀਬ ਸ਼ੌਕ ਪਾਲਿਆ ਹੋਇਆ ਹੈ।ਦੁਰਲੱਭ ਨੋਟ, ਸਿੱਕੇ ਅਤੇ ਹੋਰ ਪੁਰਾਤਨ ਚੀਜ਼ਾਂ ਇਕੱਠੀਆਂ ਕਰਨ ਦਾ। ਸ਼ਹਿਰ ਬਠਿੰਡਾ ਦਾ ਜੰਮਪਲ ਪਿਤਾ ਪਿਰਥੀ ਵਧਵਾ, ਮਾਤਾ ਸਵਰਨਾ ਵਧਵਾ ਦਾ ਹੋਣਹਾਰ ਫਰਜੰਦ ਅੱਜ ਕੱਲ੍ਹ ਬਠਿੰਡਾ ਸ਼ਹਿਰ ਵਿਖੇ ਪੱਕਾ ਰੈਣ ਬਸੇਰਾ ਕਰਕੇ ਪੁਰਾਤਨ ਵਿਰਾਸਤ ਨੂੰ ਸੰਭਾਲਣ ਵਿੱਚ ਜੁਟਿਆ ਹੋਇਆ ਹੈ।ਉਸ ਕੋਲ ਈਸਟ ਇੰਡੀਆ ਕੰਪਨੀ ਦੇ ਸਿੱਕੇ, ਮੰਸੂਰੀ ਪੈਸੇ, ਭਾਰਤ ਦੇ ਗਲੀ ਵਾਲੇ ਪੈਸੇ, ਡਬਲੀ ਪੈਸੇ, ਅੱਧੇ ਆਨੇ, ਦੋ ਆਨੇ, ਚੁਆਨੀ, ਅਠਿਆਨੀ, ਇਕ ਪੈਸੇ, ਚਾਂਦੀ ਦਾ ਰੁਪਿਆ, 1/12 ਆਨੇ, ਟਕੇ, ਧੇਲੇ, ਸੰਨ 1616 ਦੇ 786 ਨੰਬਰ ਵਾਲੇ ਮੁਸਲਿਮ ਸਿੱਕੇ , ਮਹਾਰਾਣੀ ਵਿਕਟੋਰੀਆਂ ਦੇ ਸਿੱਕੇ, ਨੇਪੋਲੀਅਨ ਸਿੱਕੇ, ਰਾਜਸਥਾਨ ਦੇ ਰਾਜਾ ਸਵੈਮਾਨ ਦੇ ਸਿੱਕੇ, ਮਹਾਰਾਜਾ ਰਣਜੀਤ ਸਿੰਘ ਕਾਲ ਦੇ ਸਿੱਕੇ, (ਜਿਸ ਉਪਰ ਇਕ ਪਾਸੇ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਹੈ ਉਨ੍ਹਾਂ ਦੇ ਨਾਲ ਭਾਈ ਬਾਲਾ ਤੇ ਮਰਦਾਨਾ ਜੀ ਨਜ਼ਰ ਆ ਰਹੇ ਹਨ) ਰਾਮ ਦਰਬਾਰ ਦੇ ਸਿੱਕੇ, ਜਿਸ ਉਪਰ ਸੀਤਾ-ਰਾਮ ਵਿਆਹ ਦਾ ਚਿੱਤਰ ਤੇ ਦੂਜੇ ਪਾਸੇ ਰਾਮ-ਲਛਮਣ ਭਰਾਵਾਂ ਦੀ ਜੋੜੀ ਦੇ ਚਿੱਤਰ ਹਨ।
ਹੈਦਰਾਬਾਦ ਦੇ ਨਿਜ਼ਾਮ ਦੀਆਂ ਦਮੜੀਆਂ, ਸਲਤਾਨ ਧਰਮ ਦੇ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੇ ਸਿੱਕੇ, ਜਾਪਾਨੀ ਕਰੰਸੀ ਨੋਟ, ਰੂਸ ਦੇਸ਼ ਦੇ 100 ਸਾਲ ਪੁਰਾਣੇ 5 ਤੇ 10,000 ਤੱਕ ਦੇ ਰੂਬਲ ਦੇ ਨੋਟ, ਇੰਡੀਆਂ ਦੇ ਪੁਰਾਣੇ 10 ਅਤੇ 100 ਦੇ ਨੋਟ, 100 ਸਾਲ ਪਹਿਲਾ ਵੱਖ-ਵੱਖ ਦੇਸ਼ਾਂ ਦੇ ਆਲ ਇੰਡੀਆਂ ਰੇਡੀਓ ਦਿੱਲੀ ਨੂੰ ਭੇਜੇ ਹੋਏ ਪੱਤਰ, 150 ਦੇਸ਼ਾਂ ਦੀਆਂ ਡਾਕ ਟਿਕਟਾਂ ਤੇ ਪੰਜਾਬ ਵਿੱਚੋ ਅਲੋਪ ਹੋ ਚੁੱਕੀਆਂ ਵਸਤੂਆਂ ਦਾ ਅਦਭੁਤ ਖਜਾਨਾ ਮੌਜੂਦ ਹੈ। ਇਨ੍ਹਾਂ ਤੋਂ ਇਲਾਵਾ ਉਸ ਕੋਲ ਚੰਡੀਗੜ੍ਹ ਦੀ ਹਰੇਕ ਸੈਕਟਰ ਦੀ 786 ਨੰਬਰ ਵਾਲੀ ਪਾਰਕਿੰਗ ਟਿਕਟ, ਜੋ ਉਸ ਨੇ ਚੰਡੀਗੜ੍ਹ ਵਿਖੇ ਫੈਸ਼ਨ ਡਿਜਇਨ ਦੀ ਪੜ੍ਹਾਈ ਕਰਦਿਆ ਇਕੱਠੀਆਂ ਕੀਤੀਆਂ, 786 ਨੰਬਰ ਦੇ ਅਨੇਕਾਂ ਨੋਟ, ਬੱਸ, ਟ੍ਰੇਨ ਦੀਆਂ ਟਿਕਟਾਂ, ਪੁਰਾਣੇ ਬਿੱਲ, ਫੈਂਸੀ ਨੰਬਰ ਦੇ ਨੋਟ ਅਤੇ ਹੋਰ ਦਸਤਾਵੇਜ ਮੌਜੂਦ ਹਨ। ਦੁਨੀਆਂ ਦੇ ਦੁਰਲੱਭ ਨੋਟ ਤੇ ਸਿੱਕੇ ਇਕੱਠੇ ਕਰ ਰਹੇ ਕੰਵਲਦੀਪ ਵਧਵਾ ਕੋਲ ਇਸ ਸਮੇਂ 235 ਦੇਸ਼ਾਂ ਦੇ ਨੋਟ ਹਨ, ਹਜ਼ਾਰਾਂ ਸਾਲਾ ਪੁਰਾਣੇ ਦੇਸੀ-ਵਿਦੇਸ਼ੀ ਸਿੱਕਿਆ ਦਾ ਭੰਡਾਰ ਵੀ ਹੈ।ਇਨ੍ਹਾਂ ਵਸਤੂਆਂ ਦੇ ਭੰਡਾਰ ‘ਤੇ ਉਹ ਹੁਣ ਤੱਕ 8 ਲੱਖ ਰੁਪਏ ਖਰਚ ਕਰ ਚੁੱਕਿਆ ਹੈ।ਨਰੂਆਣਾ ਰੋਡ ‘ਤੇ ਆਪਣਾ ਇੰਗਲਿਸ਼ ਸਕੂਲ ਚਲਾ ਰਹੇ ਕੰਵਲਦੀਪ ਵਧਵਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਵਸਤਾਂ ਇਕੱਠੀਆਂ ਕਰਨ ਸ਼ੌਕ ਉਸ ਨੂੰ 2003 ਵਿਚ ਪਿਆ।
ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੂੰ ਸਖ਼ਤ ਮਿਹਨਤ ਕਰਨੀ ਪਈ।ਉਸ ਨੇ ਵੱਖ ਵੱਖ ਸ਼ਹਿਰਾਂ-ਪਿੰਡਾਂ ਦੀ ਖਾਕ ਛਾਣ ਕੇ ਇਹ ਪੁਰਾਤਨ ਅਤੇ ਵਿਰਸੇ ਨਾਲ ਸਬੰਧਿਤ ਵਸਤੂਆਂ ਇਕੱਠੀਆਂ ਕੀਤੀਆਂ ਹਨ। ਇਨ੍ਹਾਂ ਚੀਜ਼ਾਂ ਦੀ ਭਾਲ ਵਿਚ ਉਹ ਅਜੇ ਵੀ ਸਰਗਰਮ ਹੈ।ਇਸ ਅਲੋਪ ਹੋ ਰਹੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ ਪ੍ਰੇਰਣਾ ਕੰਵਲਦੀਪ ਵਧਵਾ ਨੂੰ ਆਪਣੇ ਪਿਤਾ ਜੀ ਤੋਂ ਮਿਲੀ।ਕੰਵਲਦੀਪ ਵਧਵਾ ਨੇ ਦੱਸਿਆ ਕਿ ਮੇਰੇ ਇਸ ਸ਼ੌਕ ਵਿੱਚ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸੇ ਸ਼ੌਕ ਲਈ ਉਸ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਕੰਵਲਦੀਪ ਵਧਵਾ ਇਸ ਸ਼ੌਕ ਦੇ ਨਾਲ-ਨਾਲ ਵਧੀਆ ਸਮਾਜ-ਸੇਵਕ ਵੀ ਹੈ, ਬਠਿੰਡਾ ਸ਼ਹਿਰ ਨੂੰ ਸਾਫ਼ ਤੇ ਹਰਾ ਭਰਾ ਬਨਾਉਣ ਵਿਚ ਵੀ ਉਸ ਦਾ ਬਹੁਤ ਵੱਡਾ ਯੋਗਦਾਨ ਹੈ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ ਸਮਰਾਲਾ, ਜ਼ਿਲ੍ਹਾ ਲੁਧਿਆਣਾ
ਮੋਬਾ: 98763-22677