ਦਿੱਲੀ ਕਮੇਟੀ ਤੇ ਹੋਰ ਪੰਥਕ ਸੰਸਥਾਵਾਂ ਦੇ ਵਿਦਿਅਕ ਅਦਾਰਿਆਂ ਲਈ ਮਾਲੀ ਸਹਾਇਤਾ ਦੀ ਕੀਤੀ ਮੰਗ
ਨਵੀਂ ਦਿੱਲੀ, 14 ਜੂਨ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿਖੇ ਵਰਲਡ ਬੈਂਕ ਅਤੇ ਵਿਸ਼ਵ ਮੁਦ੍ਰਾ ਕੋਸ਼ ਦੇ ਉੱਚ ਅਧਿਕਾਰੀਆਂ ਨਾਲ ਵਿਦਿਅਕ ਅਦਾਰਿਆਂ ਨੂੰ ਮਾਲੀ ਫੰਡ ਮੁਹੈਆ ਕਰਵਾਉਣ ਲਈ ਮੀਟਿੰਗ ਕੀਤੀ। ਦੋਪਹਿਰ ਦੇ ਖਾਣੇ ਤੇ ਹੋਈ ਇਹ ਮੀਟਿੰਗ ਵਰਲਡ ਬੈਂਕ ਦੇ ਐਸ.ਡੀ. ਨੈਟਵਰਕ ਦੇ ਕਾਰਜਕਾਰੀ ਨਿਦੇਸ਼ਕ ਦੇ ਸਲਾਹਕਾਰ ਦਵਿੰਦਰ ਪੀ.ਐਸ. ਸੰਧੂ ਦੇ ਵਿਸ਼ੇਸ਼ ਸੱਦੇ ਤੇ ਆਯੋਜਿਤ ਕੀਤੀ ਗਈ। ਦਿੱਲੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਭਾਰਤ ਅਤੇ ਵਿਦੇਸ਼ਾਂ ‘ਚ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਲਈ ਵਿਸ਼ੇਸ਼ ਫੰਡ ਜਾਰੀ ਕਰਵਾਉਣ ਲਈ ਜੀ.ਕੇ. ਵੱਲੋਂ ਅਪੀਲ ਕਰਦੇ ਹੋਏ ਵਰਲਡ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਸਿੱਖ ਪਰਿਵੇਸ਼ ਦੀ ਜਾਣਕਾਰੀ ਦੇਣ ਦੇ ਨਾਲ ਹੀ ਭਾਰਤ ਤੇ ਅਮਰੀਕਾ ਵਿਚ ਵਸਦੇ ਸਿੱਖਾਂ ਵੱਲੋਂ ਆਪਣੇ ਮੁਲਕ ਦੀ ਤਰੱਕੀ ‘ਚ ਪਾਏ ਗਏ ਯੋਗਦਾਨ ਦਾ ਵੀ ਹਵਾਲਾ ਦਿੱਤਾ। ਸਿੱਖਾਂ ਅਤੇ ਪੰਜਾਬੀਆਂ ਨੂੰ ਆਪਣੀ ਸੋਚ ਤੇ ਪੱਕਾ, ਮਹਿਨਤੀ ਅਤੇ ਹਰ ਮਾਹੌਲ ‘ਚ ਆਪਣੇ ਆਪ ਨੂੰ ਢਾਲਦੇ ਹੋਏ ਉਸਾਰੂ ਨਤੀਜੇ ਦੇਣ ਵਾਲੀ ਜਮਾਤ ਐਲਾਨਦੇ ਹੋਏ ਜੀ.ਕੇ. ਨੇ ਸਿੱਖਾਂ ਦੀ ਉਸਾਰੂ ਤਾਕਤ ਨੂੰ ਤਰੀਕੇ ਨਾਲ ਵਰਤਨ ਤੇ ਵੀ ਜ਼ੋਰ ਦਿੱਤਾ। ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਵੱਲੋਂ ਹਰ ਥਾਂ ਤੇ ਆਪਣੀ ਤਾਕਤ ਦੇ ਸਿਰ ਤੇ ਨਵਾਂ ਪੰਜਾਬ ਬਨਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਸਿੱਖਾਂ ਦੀ ਵਿਕਾਸਮੁੱਖੀ, ਅਗਾਹਵਧੂ ਸੋਚ ਅਤੇ ਸ਼ਾਂਤੀ ਨਾਲ ਕੰਮ ਕਰਨ ਦੀ ਕਾਬਲੀਅਤ ਨੂੰ ਵੀ ਵਿਦੇਸ਼ਾਂ ‘ਚ ਪ੍ਰਚਾਰਣ ਦੀ ਵੀ ਗੱਲ ਆਖੀ। ਇਸ ਮੀਟਿੰਗ ‘ਚ ਵਰਲਡ ਬੈਂਕ ਦੇ ਸੀਨੀਅਰ ਸਿੱਖਿਆ ਅਧਿਕਾਰੀ ਸੁਖਦੀਪ ਬਰਾੜ, ਮੁੱਖ ਸਲਾਹਕਾਰ ਵਿਸ਼ਵ ਮੁਦ੍ਰਾ ਕੋਸ਼ (ਪੋਲੀਸੀ ਡਿਵੀਜ਼ਨ) ਮਨਮੋਹਨ ਸਿੰਘ ਕੁਮਾਰ ਤੇ ਉੱਚ ਅਧਿਕਾਰੀ ਮੀਤੀ ਕਵਲ, ਮਹਿੰਦਰ ਪਾਲ ਕਵਲ, ਗੁਰਚਰਣ ਸਿੰਘ ਅਤੇ ਮਨਮੋਹਨ ਸਿੰਘ ਮੌਜੂਦ ਸਨ।ਜੀ.ਕੇ. ਅਤੇ ਉੱਚ ਅਧਿਕਾਰੀਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਕੌਮਾਂਤਰੀ ਪੱਧਰ ਦੀ ਉਪਲਬੱਧ ਕਰਵਾਉਣ ਦੇ ਮੁੱਦੇ ਅਤੇ ਵਰਲਡ ਬੈਂਕ ਤੇ ਵਿਸ਼ਵ ਮੁਦ੍ਰਾ ਕੋਸ਼ ਵੱਲੋਂ ਇਸ ਮਸਲੇ ਤੇ ਲੋੜੀਂਦਾ ਸਹਿਯੋਗ ਪ੍ਰਾਪਤ ਕਰਨ ਵਾਸਤੇ ਆਪਣੇ ਵਿਦਿਅਕ ਅਦਾਰਿਆਂ ਦੇ ਰੱਖ-ਰੱਖਾਵ ਤੇ ਰੈਕੀਂਗ ਵਧਾਉਣ ਤੇ ਵੀ ਲੰਬੀ ਗੱਲਬਾਤ ਕੀਤੀ ਗਈ। ਸਿੱਖ ਨੌਜਵਾਨਾਂ ‘ਚ ਧਾਰਮਿਕ ਸੋਚ ਨੂੰ ਉਭਾਰਣ ਅਤੇ ਵਿਦੇਸ਼ੀ ਅਦਾਰਿਆਂ ‘ਚ ਸਿੱਖ ਨੌਜਵਾਨਾਂ ਨੂੰ ਨੌਕਰੀਆਂ ਉਪਲਬੱਧ ਕਰਾਉਣ ਵਾਸਤੇ ਵੀ ਢਾਂਚਾ ਤਿਆਰ ਕਰਨ ਵਾਸਤੇ ਸਹਿਮਤੀ ਬਣਾਈ ਗਈ। ਵਿਦੇਸ਼ਾਂ ‘ਚ ਗਲਤ ਪਛਾਣ ਕਰਕੇ ਸਿੱਖਾਂ ਤੇ ਹੋ ਰਹੇ ਹਮਲਿਆਂ ਦੀ ਨਿਖੇਦੀ ਕਰਦੇ ਹੋਏ ਵਿਦੇਸ਼ੀਆਂ ਨੂੰ ਸਿੱਖ ਧਰਮ ਬਾਰੇ ਮੁਢੱਲੀ ਜਾਣਕਾਰੀ ਦੇਣ ਦੀ ਵੀ ਯੋਜਨਾ ਦਾ ਖਾਕਾ ਤਿਆਰ ਕੀਤਾ ਗਿਆ। ਉੱਚ ਅਧਿਕਾਰੀਆਂ ਵੱਲੋਂ ਦਿੱਲੀ ਕਮੇਟੀ ਪ੍ਰਧਾਨ ਨੂੰ ਆਪਣੇ ਵਿਦਿਅਕ ਅਦਾਰਿਆਂ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਕਰਨ ਲਈ ਵਰਲਡ ਬੈਂਕ ਦੇ ਦਿੱਲੀ ਦਫ਼ਤਰ ਨਾਲ ਰਾਫਤਾ ਕਾਯਮ ਕਰਦੇ ਹੋਏ ਆਪਣਾ ਮਤਾ ਪੇਸ਼ ਕਰਨ ਦੀ ਵੀ ਸਲਾਹ ਦਿੱਤੀ ਗਈ। ਜੀ.ਕੇ. ਨੇ ਵਰਲਡ ਬੈਂਕ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਆਪਣੇ ਵਿਦਿਅਕ ਅਦਾਰਿਆਂ ਦੀ ਨੁਹਾਰ ਬਦਲਣ ਦਾ ਵੀ ਦਾਅਵਾ ਕੀਤਾ।