Thursday, May 15, 2025
Breaking News

ਲੇਖਕਾਂ ਵੱਲੋਂ ਇੱਕ ਦਿਨ ਕਿਸਾਨੀ ਸੰਘਰਸ਼ ਦੇ ਨਾਮ

ਧੂਰੀ, 7 ਜਨਵਰੀ (ਪ੍ਰਵੀਨ ਗਰਗ) – ਬੀਤੇ ਐਤਵਾਰ ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਖੇਤੀ ਸੋਧ ਬਿਲਾਂ ਦੇ ਖਿਲਾਫ਼ ਚੱਲ ਰਹੇ ਦੇਸ਼ ਵਿਆਪੀ ਲੋਕ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਸਭਾ ਦੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੂਲ ਚੰਦ ਸ਼ਰਮਾ ਵੱਲੋਂ ਹਾਜ਼ਰੀਨ ਨੂੰ ‘ਜੀ ਆਇਆਂ’ ਕਹਿੰਦਿਆਂ ਕਿਸਾਨੀ ਅੰਦੋਲਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੈਤਿਕ ਜਿੱਤ ਤਾਂ ਹੋ ਹੀ ਚੁੱਕੀ ਹੈ।ਇਸ ਤੋਂ ਅੱਗੇ ਭਾਵੇਂ ਕੁੱਝ ਵੀ ਹੋਵੇ, ਲੇਕਿਨ ਇਸ ਦੇ ਸਾਰਥਕ ਨਤੀਜੇ ਜ਼ਰੂਰ ਨਿੱਕਲਣਗੇ।ਸਭਾ ਦੇ ਸਕੱਤਰ ਚਰਨਜੀਤ ਸਿੰਘ ਮੀਮਸਾ ਅਤੇ ਮੈਂਬਰ ਅਮਨ ਜੱਖਲਾਂ ਜੋ ਦਿੱਲੀ ਵਿਖੇ ਵੀ ਕਈ ਦਿਨ ਰਹਿ ਕੇ ਆਏ ਹਨ, ਨੇ ਵੀ ਅੱਖੀਂ ਡਿੱਠਾ ਹਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।ਕਵੀ ਦਰਬਾਰ ਦੀ ਸ਼ੁਰੂਆਤ ਰਣਜੀਤ ਸਿੰਘ ਧੂਰੀ ਦੀ ਖ਼ੂਬਸੂਰਤ ਅਤੇ ਭਾਵਪੂਰਤ ਕਵਿਤਾ ਨਾਲ਼ ਹੋਈ।ਉਹਨਾਂ ਨੇ ਆਪਣੀ ਕਿਤਾਬ ਆਵਾਜ਼ ਤੋਂ ਰਬਾਬ ਤੱਕ ਸਭਾ ਦੀ ਲਾਇਬ੍ਰੇਰੀ ਲਈ ਵੀ ਭੇਂਟ ਕੀਤੀ।
                ਇਸ ਉਪਰੰਤ ਜਗਰੂਪ ਸਿੰਘ ਦਰੋਗੇਵਾਲ, ਅਕਾਸ਼ਦੀਪ ਸਿੰਘ, ਗੁਰਮੀਤ ਸਿੰਘ ਸੋਹੀ, ਚਰਨਜੀਤ ਸਿੰਘ ਮੀਮਸਾ, ਅਮਨ ਜੱਖਲਾਂ, ਜਗਦੇਵ ਸ਼ਰਮਾ, ਸਹਿਜਪ੍ਰੀਤ ਸਿੰਘ, ਨਾਹਰ ਸਿੰਘ ਮੁਬਾਰਕਪੁਰੀ, ਗੁਰਜੰਟ ਸਿੰਘ ਭੈਣੀ, ਅਮਨਦੀਪ ਭੈਣੀ, ਡਾ.ਪਰਮਜੀਤ ਦਰਦੀ, ਮੀਤ ਸਕਰੌਦੀ, ਜਗਦੀਸ਼ ਸਿੰਘ ਖੀਪਲ, ਸੁਖਵਿੰਦਰ ਲੋਟੇ ਅਤੇ ਮੂਲ ਚੰਦ ਸ਼ਰਮਾਂ ਨੇ ਆਪੋ-ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ।
             ਅੰਤ ਵਿੱਚ ਕੁਲਜੀਤ ਧਵਨ ਦੇ ਪਿਤਾ ਜੀ ਅਤੇ ਕਿਸਾਨੀਂ ਸੰਘਰਸ਼ ਵਿੱਚ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਦੋ ਮਿੰਟ ਦਾ ਮੋਨ ਵੀ ਰੱਖਿਆ ਗਿਆ।

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …