Friday, December 13, 2024

ਕ੍ਰਾਂਤੀਕਾਰੀ ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ (15 ਅਪ੍ਰੈਲ 1469) ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਪਿਤਾ ਕਲਿਆਣ ਚੰਦ ਦਾਸ ਬੇਦੀ ਅਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ ਸੀ।ਪ੍ਰਲੋਕ ਗਮਨ 22 ਸਤੰਬਰ 1539 (70 ਸਾਲ ਦੀ ਉਮਰ ਵਿੱਚ) ਕਰਤਾਰਪੁਰ (ਲਾਹੌਰ, ਪਾਕਿਸਤਾਨ) ਵਿਖੇ।ਧਰਮ ਪਤਨੀ ਮਾਤਾ ਸੁਲੱਖਣੀ ਜੀ, ਬੱਚੇ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ, ਭੈਣ ਬੇਬੇ ਨਾਨਕੀ ਜੀ ਸਨ।ਆਪ ਜੀ ਦੇ ਪੱਕੇ ਸਾਥੀ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਸਨ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਬਾਣੀਆਂ ਜਪੁਜੀ ਸਾਹਿਬ, ਆਸਾ ਦੀ ਵਾਰ ਤੇ ਸਿੱਧ ਗੋਸ਼ਟ ਹਨ।ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਅਫ਼ਗ਼ਾਨਿਸਤਾਨ ਵਿੱਚ ਪੀਰ ਬਾਲਗਦਾਨ, ਸ਼੍ਰੀ ਲੰਕਾ ਵਿੱਚ ਨਾਨਕਚਰਿਆਯਾ, ਤਿੱਬਤ ਵਿੱਚ ਨਾਨਕ ਲਾਮਾ, ਸਿੱਕਮ ਅਤੇ ਭੂਟਾਨ ਵਿੱਚ ਗੁਰੂ ਰਿਨਪੋਚ, ਨੇਪਾਲ ਵਿੱਚ ਨਾਨਕ ਰਿਸਿ, ਇਰਾਕ ਵਿੱਚ ਨਾਨਕ ਪੀਰ, ਸਾਊਦੀ ਅਰਬ ਵਿੱਚ ਵਾਲੀ ਹਿੰਦੀ, ਮਿਸਰ ਵਿੱਚ ਨਾਨਕ ਵਾਲੀ, ਰੂਸ ਵਿੱਚ ਨਾਨਕ ਕਦਮਦਾਰ, ਚੀਨ ਵਿੱਚ ਬਾਬਾ ਫੂਸਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਜੇਕਰ ਸਿੱਖ ਧਰਮ ਦੇ ਮੋਢੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਭ ਤੋਂ ਵੱਡੇ ਕ੍ਰਾਂਤੀਕਾਰੀ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੈ।ਬਚਪਨ ਵਿੱਚ ਜਨੇਉ ਪਾਉਣ ਤੋਂ ਇਨਕਾਰ ਕਰਨਾ, ਉਨ੍ਹਾਂ ਦਾ ਪਾਖੰਡਵਾਦ ਦੇ ਤਿਆਗ ਦਾ ਪਹਿਲਾ ਸੰਦੇਸ਼ ਸੀ।ਉਨ੍ਹਾਂ ਨੇ ਜੀਵਨ ਭਰ ਅਧਿਆਤਮਿਕਤਾ ਦੇ ਨਾਲ-ਨਾਲ ਤਰਕਸ਼ੀਲਤਾ ਦਾ ਹੋਕਾ ਦਿੱਤਾ।ਉਨ੍ਹਾਂ ਨੇ ਹਰ ਇੱਕ ਗੱਲ ਦਲੀਲ ਦੇ ਨਾਲ ਕੀਤੀ, ਚਾਹੇ ਗੰਗਾ ਤੇ ਖੜ੍ਹ ਕੇ ਕਰਤਾਰਪੁਰ ਖੇਤਾਂ ਨੂੰ ਪਾਣੀ ਦੇਣ ਦੇ ਗੱਲ ਕਹੀ ਹੋਵੇ ਜਾਂ ਮੱਕਾ ਵਿਖੇ ਪਿੱਠ ਕਰਕੇ ਖੜ੍ਹ ਜਾਣ ਦੀ ਗੱਲ ਹੋਵੇ।ਉਨ੍ਹਾਂ ਨੇ ਹਮੇਸ਼ਾਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ, ਉਹ ਚਾਹੇ ਬਾਬਰ ਨੂੰ ਜ਼ਾਲਮ ਕਹਿਣ ਵਾਲੀ ਗੱਲ ਹੋਵੇ।ਉਨ੍ਹਾਂ ਇਸ ਬਾਰੇ ਰੱਬ ਨੂੰ ਉਲਾਮਾ ਦਿੱਤਾ…………
‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’

ਜਾਂ ਇਸਤਰੀ ਜਾਤੀ ਤੇ ਹੋ ਰਹੇ ਜੁਲਮਾਂ ਦੀ ਗੱਲ ਹੋਵੇ ਤਾਂ…………
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਰਾਹੀਂ ਆਪਣਾ ਪੱਖ ਰੱਖਿਆ।

ਉਨ੍ਹਾਂ ਨੇ ਸਾਰੀ ਉਮਰ ਗਿਆਨ ਹਾਸਿਲ ਕੀਤਾ ਅਤੇ ਸਾਰੀ ਦੁਨੀਆਂ ਨੂੰ ਵੰਡਿਆ।ਇਸੇ ਕਾਰਨ ਚਾਰੇ ਦਿਸ਼ਾਵਾਂ ਦੇ ਵਿੱਚ ਏਸ਼ੀਆ ‘ਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਅੰਕਾਰ (ੴ) `ਇਕ ਰੱਬ` ਦਾ ਸੰਦੇਸ਼ ਦਿੱਤਾ।ਉਹਨਾਂ ਦੀਆਂ ਯਾਤਰਾਵਾਂ ਨੂੰ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸੇ ਗਿਆਨ ਕਾਰਨ ਉਹ ਆਉਣ ਵਾਲੇ ਹਜਾਰਾਂ ਸਾਲਾਂ ਬਾਰੇ ਪਹਿਲਾਂ ਹੀ ਦੱਸ ਗਏ ਸਨ, ਜੋ ਵਿਗਿਆਨ ਹੁਣ ਖੋਜ਼ ਰਿਹਾ ਹੈ।ਵਿਗਿਆਨੀਆਂ ਨੇ ਹੁਣ ਖੋਜ਼ ਕੀਤੀ ਹੈ ਕਿ ਇਸ ਧਰਤੀ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਧਰਤੀਆਂ ਹਨ।
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਜਾਰਾਂ ਸਾਲ ਪਹਿਲਾ ਕਹਿ ਦਿੱਤਾ ਸੀ
ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਸੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਵਸ ‘ਤੇ ਪ੍ਰਣ ਕਰੀਏ ਕਿ ਅਸੀਂ ਉਨ੍ਹਾਂ ਦੇ ਸਿਧਾਂਤਾਂ ਕਿਰਤ ਕਰੋ, ਨਾਮ ਜਪੋ ਵੰਡ ਛਕੋ।
ਕਿਰਤ ਕਰੋ: ਬਿਨਾਂ ਕਿਸੇ ਸ਼ੋਸ਼ਣ ਜਾਂ ਧੋਖਾਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਵਿੱਚ ਕਮਾਉਣਾ।
ਨਾਮ ਜਪੋ: ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ’ ਨੂੰ ਅਪਣਾਈਏ।
ਵੰਡ ਛਕੋ: ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ।
ਲੇਖ 1711202401

ਭਵਨਦੀਪ ਸਿੰਘ ਪੁਰਬਾ

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …