Tuesday, April 8, 2025
Breaking News

ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨ ਪੂਰੀ ਤਰ੍ਹਾਂ ਸੁਰੱਖਿਅਤ – ਡਾ. ਗੀਤਾਂਜਲੀ ਸਿੰਘ

ਨਵਾਂਸ਼ਹਿਰ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼ ਵਿੱਚ ਬੇਕਾਬੂ ਆਬਾਦੀ ਨੂੰ ਸਥਿਰ ਕਰਨ ਦੇ ਉਪਰਾਲਿਆਂ ਦੇ ਤੌਰ ‘ਤੇ 27 ਜੂਨ ਤੋਂ 10 ਜੁਲਾਈ 2021 ਤੱਕ ਵਿਸ਼ਵ ਆਬਾਦੀ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਪੀ.ਐਚ.ਸੀ ਮੁਜੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਨੇ ਮਿੰਨੀ ਪੀ.ਐਚ.ਸੀ ਜਾਡਲਾ ਸਮੇਤ ਵੱਖ-ਵੱਖ ਥਾਵਾਂ ‘ਤੇ ਸਿਹਤ ਵਿਭਾਗ ਦੇ ਫੀਲਡ ਕਾਮਿਆਂ ਅਤੇ ਆਮ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾਂ ਦੀ ਮਹੱਤਤਾ ਬਾਰੇ ਦੱਸਿਆ।
                   “ਆਫਤ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰੱਥ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ” ਥੀਮ ਤਹਿਤ ਮਨਾਏ ਜਾ ਰਹੇ ਇਸ ਪੰਦਰਵਾੜੇ ਦਾ ਮੁੱਖ ਮਕਸਦ ਆਮ ਲੋਕਾਂ ਖਾਸ ਕਰਕੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਗਰਭ ਰੋਕੂ ਸਾਧਨ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਡਾ. ਗੀਤਾਂਜਲੀ ਸਿੰਘ ਨੇ ਪਰਿਵਾਰ ਨਿਯੋਜਨ ਦੇ ਨਵੇਂ ਸਾਧਨਾਂ ਸਮੇਤ ਸਥਾਈ ਅਤੇ ਅਸਥਾਈ ਸਾਧਨਾਂ ਜਿਵੇਂ ਕਿ ਕੰਡੋਮ, ਓਰਲ ਪਿੱਲਜ਼, ਕਾਪਰ-ਟੀ, ਪੀ.ਪੀ.ਆਈ.ਯੂ.ਸੀ.ਡੀ, ਛਾਇਆ ਗਰਭ ਨਿਰੋਧਕ ਗੋਲੀ, ਅੰਤਰਾ ਗਰਭ ਨਿਰੋਧਕ ਇੰਜੈਕਸ਼ਨ, ਨਲਬੰਦੀ ਅਤੇ ਨਸਬੰਦੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਨੂੰ ਇਹ ਸਾਧਨ ਜਰੂਰ ਅਪਣਾਉਣੇ ਚਾਹੀਦੇ ਹਨ।
                 ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਦੋ ਬੱਚਿਆਂ ਵਿੱਚ ਅੰਤਰ ਰੱਖਣ ਲਈ ਅੰਤਰਾ ਟੀਕਾ ਲਾਇਆ ਜਾਂਦਾ ਹੈ ਜੋ ਕਿ ਜਣੇਪੇ ਤੋਂ 6 ਹਫਤੇ ਬਾਅਦ ਹਰ 3 ਮਹੀਨੇ ਦੇ ਅੰਤਰ `ਤੇ ਲੱਗਦਾ ਹੈ।ਇਹ ਟੀਕਾ ਸਾਧਾਰਨ ਮਾਹਵਾਰੀ ਦੇ ਪਹਿਲੇ 7 ਦਿਨਾਂ ਦੌਰਾਨ ਲਾਇਆ ਜਾ ਸਕਦਾ ਹੈ, ਜੋ ਔਰਤ ਨੂੰ 3 ਮਹੀਨੇ ਤੱਕ ਗਰਭਵਤੀ ਹੋਣ ਤੋਂ ਰੋਕੇਗਾ।ਔਰਤਾਂ ਗਰਭਧਾਰਨ ਤੋਂ ਬਚਣ ਲਈ ਹਰ ਤਿੰਨ ਮਹੀਨੇ ਬਾਅਦ ਇਸ ਦੀ ਵਰਤੋਂ ਕਰ ਸਕਦੀਆਂ ਹਨ।
                ਡਾ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਗਰਭਰੋਕੂ ਗੋਲੀ ਛਾਇਆ ਦੀ ਵੀ ਸ਼ੁਰੂਆਤ ਕੀਤੀ ਗਈ ਸੀ, ਜੋ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਵੀ ਬਹੁਤ ਸੁਰੱਖਿਅਤ ਹੈ।ਇਸ ਗੋਲੀ ਦਾ ਮਹਿਲਾਵਾਂ ਦੀ ਸਿਹਤ `ਤੇ ਕੋਈ ਸਾਈਡ ਇਫੈਕਟ ਨਹੀਂ ਪੈਂਦਾ ਹੈ, ਕਿਉਂਕਿ ਇਹ ਕੋਈ ਹਾਰਮੋਨਲ ਗੋਲੀ ਨਹੀਂ ਹੈ।ਇਹ ਨਵੇਂ ਸਾਧਨ ਵਧੇਰੇ ਪ੍ਰਭਾਵੀ, ਸੁਵਿਧਾਜਨਕ ਅਤੇ ਪਰਖੇ ਹੋਏ ਹਨ।
                      ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਜੂਕੇਟਰ ਮਨਿੰਦਰ ਸਿੰਘ ਸਮੇਤ ਹੋਰ ਸਟਾਫ ਹਾਜਰ ਸੀ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …