ਕਬਾੜੀਏ ਕਿਸਾਨੀ ਨਾਲ ਸਬੰਧਿਤ ਚੀਜ਼ਾਂ ਖਰੀਦਣ ਮੌਕੇ ਵੇਚਣ ਵਾਲੇ ਦਾ ਸ਼ਨਾਖਤੀ ਕਾਰਡ ਜਰੂਰ ਲੈਣ – ਖੀਰਨੀਆਂ
ਸਮਰਾਲਾ, 5 ਨਵੰਬਰ (ਇੰਦਰਜੀਤ ਸਿੰਘ ਕੰਗ) – ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਅਗਵਾਈ ਹੇਠ ਹੋਈ।ਮੀਟਿੰਗ ਦੌਰਾਨ ਬਲਬੀਰ ਸਿੰਘ ਪ੍ਰਧਾਨ ਖੀਰਨੀਆਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਕਿਸਾਨੀ ਮਸਲਿਆਂ ਸਬੰਧੀ ਵਿਚਾਰ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਅਜਕਲ ਕਿਸਾਨਾਂ ਦੀਆਂ ਮੋਟਰਾਂ ਤੇ ਚੋਰਾਂ ਨੇ ਹੱਲਾ ਬੋਲਿਆ ਹੋਇਆ ਹੈ, ਉਹ ਮੋਟਰਾਂ ਦੀਆਂ ਤਾਰਾਂ, ਪਾਈਪਾਂ, ਸਟਾਰਟਰ ਅਤੇ ਟ੍ਰਾਂਸਫਾਰਮਰ ਚੋਰੀ ਕਰਕੇ ਲੈ ਜਾਂਦੇ ਹਨ।ਜਿਨ੍ਹਾਂ ਕਾਰਨ ਕਿਸਾਨਾਂ ਅੰਦਰ ਕਾਫੀ ਗੁੱਸੇ ਦੀ ਲਹਿਰ ਹੈ।ਉਨ੍ਹਾਂ ਤਾਰਾਂ ਖਰੀਦਣ ਵਾਲੇ ਕਵਾੜੀਆਂ ਨੂੰ ਵੀ ਹਦਾਇਤ ਕੀਤੀ ਕਿ ਜੇਕਰ ਉਹ ਕਿਰਸਾਨੀ ਨਾਲ ਸਬੰਧਿਤ ਚੀਜ਼ਾਂ ਦੀ ਖਰੀਦ ਕਰਦੇ ਹਨ ਤਾਂ ਉਹ ਵੇਚਣ ਵਾਲੇ ਦਾ ਸ਼ਨਾਖਤੀ ਕਾਰਡ ਜਰੂਰ ਨਾਲ ਲੈਣ, ਜਿਸ ਨਾਲ ਵੇਚਣ ਵਾਲੇ ਦਾ ਰਿਕਾਰਡ ਬਣ ਸਕੇ ਅਤੇ ਚੋਰੀਆਂ ਨੂੰ ਠੱਲ ਪੈ ਸਕੇ।ਇਸ ਵਿਸ਼ੇ ‘ਤੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ।
ਬਲਾਕ ਪ੍ਰਧਾਨ ਬਿੱਕਰ ਸਿੰਘ ਮਾਨ ਨੇ ਸਮਰਾਲਾ ਪ੍ਰਸਾਸ਼ਨ ਨੂੰ ਸੜਕਾਂ ਦੇ ਆਲੇ ਦੁਆਲੇ ਫਿਰ ਰਹੇ ਪਸ਼ੂਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।ਅਜਕਲ ਕਣਕ ਦੀ ਬਿਜ਼ਾਈ ਦਾ ਸਮਾਂ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਾਡੇ ਧਿਆਨ ਵਿੱਚ ਆਇਆ ਹੈ ਕਿ ਕਈ ਕਿਸਾਨ ਯੂਨੀਅਨਾਂ ਦੇ ਆਗੂ ਆਪਣੀ ਲੀਡਰੀ ਦੀ ਧੌਂਸ ਦੇ ਕੇ ਚਹੇਤਿਆਂ ਨੂੰ ਖਾਦ ਚੁੱਕਾਈ ਜਾ ਰਹੇ ਹਨ, ਜਿਸ ਨਾਲ ਆਮ ਕਿਸਾਨ ਖਾਦ ਤੋਂ ਵਾਂਝੇ ਰਹਿ ਜਾਂਦੇ ਹਨ।ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਜਿਹਾ ਮਾਮਲਾ ਸਾਡੀ ਯੂਨੀਅਨ ਦੇ ਧਿਆਨ ਵਿੱਚ ਆਇਆ ਤਾਂ ਉਸ ਯੂਨੀਅਨ ਦਾ ਵਿਰੋਧ ਕੀਤਾ ਜਾਵੇਗਾ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸਿਮਰਨਜੀਤ ਸਿੰਘ ਮੀਤ ਪ੍ਰਧਾਨ, ਗੁਰਮੇਲ ਸਿੰਘ, ਹਰਪ੍ਰੀਤ ਸਿੰਘ, ਹੁਸ਼ਿਆਰ ਸਿੰਘ ਬੰਬ, ਬਹਾਦਰ ਸਿੰਘ ਮੰਜ਼ਾਲੀਆਂ, ਜਸਵੀਰ ਸਿੰਘ ਪ੍ਰਧਾਨ ਪਵਾਤ, ਅਵਤਾਰ ਸਿੰਘ ਅਜਲੌਦ, ਕਰਨੈਲ ਸਿੰਘ ਜ਼ਿਲ੍ਹਾ ਸੈਕਟਰੀ, ਜੀਤ ਸਿੰਘ ਟੋਡਰਪੁਰ, ਹਰਜੀਤ ਸਿੰਘ, ਨਵੀ ਮਾਂਗਟ, ਸੁਖਦੇਵ ਸਿੰਘ ਮਾਂਗਟ, ਚਰਨ ਸਿੰਘ ਸਮਰਾਲਾ, ਦਿਲਜੀਤ ਸਿੰਘ ਮਾਨੂੰਪੁਰ, ਗੁਰਜਪਾਲ ਸਿੰਘ ਜਲਣਪੁਰ, ਬਿਕਰਮ ਸਿੰਘ, ਹਰਵਿੰਦਰ ਸਿੰਘ, ਅਰਸ਼ਪ੍ਰੀਤ ਸਿੰਘ, ਕਰਮਜੀਤ ਸਿੰਘ ਅਤੇ ਦਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੱਲ ਮਾਜਰਾ ਜ਼ਿਲ੍ਹਾ ਮੀਤ ਪ੍ਰਧਾਨ ਆਦਿ ਹਾਜ਼ਰ ਸਨ।