ਨਵੀ ਦਿੱਲੀ, 26 ਦਸੰਬਰ (ਅੰਮਿੰਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੰਨਾਉਣ ਲਈ 28 ਅਤੇ 29 ਦਸੰਬਰ (13 ਅਤੇ 14 ਪੋਹ, ਸੰਮਤ ਨਾਨਕਸ਼ਾਹੀ 546) ਐਤਵਾਰ ਅਤੇ ਸੋਮਵਾਰ ਦਾ ਦੋ-ਦਿਨਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਰਾਣਾ ਨੇ ਦਸਿਆ ਕਿ ਐਤਵਾਰ 28 ਦਸੰਬਰ ਨੂੰ ਸਵੇਰੇ 9.30 ਵੱਜੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ਾਹਾਨਾ ਨਗਰ ਕੀਰਤਨ ਅਰੰਭ ਹੋਵੇਗਾ, ਜੋ ਤਾਲਕਟੋਰਾ ਰੋਡ, ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀਪੁਰ ਡਿਪੂ, ਮੋਤੀ ਨਗਰ, ਕੀਰਤੀ ਨਗਰ, ਰਮੇਸ਼ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸੁਭਾਸ਼ ਨਗਰ ਮੋੜ, ਤਿਲਕ ਨਗਰ, ਜੇਲ੍ਹ ਰੋਡ ਤੋਂ ਹੁੰਦਾ ਹੋਇਆ ਰਾਤ ਦੇਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਏ-ਬਲਾਕ ਫਤਹਿ ਨਗਰ ਵਿੱਖੇ ਸਮਾਪਤ ਹੋਵੇਗਾ। ਉਨ੍ਹਾਂ ਦਸਿਆ ਕਿ ਇਸ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਪਿਛੇ ਸ਼ਬਦੀ ਜੱਥੇ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬਚਿਆਂ ਦੇ ਬਾਵਰਦੀ ਬੈਂਡ, ਗਤਕਾ ਪਾਰਟੀਆਂ ਅਤੇ ਸੰਗਤਾਂ ਪੈਦਲ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਣਗੀਆਂ।
ਸ. ਰਾਣਾ ਨੇ ਦਸਿਆ ਕਿ ਐਤਵਾਰ 28 ਦਸੰਬਰ ਨੂੰ ਹੀ ਸਵੇਰੇ ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਏ-ਬਲਾਕ ਫਤਹਿ ਨਗਰ ਵਿਖੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣਗੇ। ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।ਸ. ਪਰਮਜੀਤ ਸਿੰਘ ਰਾਣਾ ਨੇ ਹੋਰ ਦਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮੁੱਖ ਗੁਰਮਤਿ ਸਮਾਗਮ ਸੋਮਵਾਰ 29 ਦਸੰਬਰ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲਖੀਸ਼ਾਹ ਵਣਜਾਰਾ ਹਾਲ ਵਿਖੇ ਹੋਵੇਗਾ। ਜਿਸਦੀ ਅਰੰਭਤਾ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ। ਆਸਾ ਦੀ ਵਾਰ ਦਾ ਕੀਰਤਨ ਭਾਈ ਅਜੀਤ ਸਿੰਘ ਕੁਲਬੀਰ ਸਿੰਘ ਦਾ ਕੀਰਤਨੀ ਜੱਥਾ ਕਰੇਗਾ ਅਤੇ ਗੁਰ-ਸ਼ਬਦ ਦੀ ਕੱਥਾ ਗਿਆਨੀ ਜਸਬੀਰ ਸਿੰਘ ਰੋਡੇ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਕਰਨਗੇ। ਉਪਰੰਤ ਪੰਥ ਪ੍ਰਵਾਨਤ ਪ੍ਰਸਿੱਧ ਕੀਰਤਨੀ ਜਥੇ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੋਕੇ ਤੇ ਹੋਣ ਵਾਲੇ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਪੁਰ ਅਧਾਰਤ ਆਪਣੀਆਂ ਸਜਰੀਆਂ ਕਾਵਿ ਰਚਨਾਵਾਂ ਪੇਸ਼ ਕਰਨਗੇ। ਦੁਪਹਿਰ ਬਾਅਦ ਪੰਥਕ ਆਗੂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ, ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਸੇਵਾ ਪੰਥੀ ਬਾਬਾ ਬਚਨ ਸਿੰਘ ਜੀ ਸੰਗਤਾਂ ਨੂੰ ਨਾਮ ਸਿਮਰਨ ਕਰਵਾਣਗੇ। ਉਨ੍ਹਾਂ ਦਸਿਆ ਕਿ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2.30 ਤਕ ਅਤੇ ਰਾਤ 9 ਵਜੇ ਤੋਂ ਸਮਾਪਤੀ ਤਕ ਚੜ੍ਹਦੀਕਲਾ ਟਾਈਮ ਟੀਵੀ ਅਤੇ ਗੁਰਦੁਆਰਾ ਕਮੇਟੀ ਦੀ ਵੈੱਬਸਾਈਟ www.baani.net ਤੇ ਹੋਵੇਗਾ। ਸ. ਰਾਣਾ ਨੇ ਦਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਪੁਰ ਦਰਸ਼ਨੀ ਦੀਪਮਾਲਾ ਹੋਵੇਗੀ ਅਤੇ ਆਤਸ਼ਬਾਜ਼ੀ ਦਾ ਆਕਰਸ਼ਕ ਪ੍ਰਦਰਸ਼ਨ ਹੋਵੇਗਾ।
Check Also
ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …
Punjab Post Daily Online Newspaper & Print Media