(ਮਿੰਨੀ ਕਹਾਣੀ)
ਜਗੀਰ ਸਿੰਘ ਨੇ ਸਰਕਾਰ ਤੋਂ ਕਰਜਾ ਚੁੱਕ ਕੇ ਮੁੰਡੇ ਨੂੰ ਇਟਲੀ ਭੇਜਿਆ।ਜਲਦੀ ਹੀ ਕੁੜੀ ਦਾ ਵਿਆਹ ਕਰਨਾ ਪਿਆ, ਕਰਜਾ ਦੁਗਣਾ ਹੋ ਗਿਆ। ਕੰਮ ਨਾ ਮਿਲਣ ਕਰਕੇ ਮੁੰਡੇ ਤੋਂ ਕੋਈ ਪੈਸਾ ਨਾ ਉਤਾਰ ਹੋਇਆ। ਹਰ ਰੋਜ਼ ਖ਼ਬਰਾਂ ਆ ਰਹੀਆ ਸਨ ਕਿ ਕਰਜੇ ਦੇ ਮਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਜਗੀਰ ਨੇ ਰੱਸਾ ਲਿਆ ‘ਤੇ ਖੂਹ ਤੇ ਪੁਰਾਣੇ ਨਿੰਮ ਦੇ ਰੁੱਖ ਨਾਲ ਫਾਹਾ ਲੈਣ ਦੀ ਸੋਚੀ। ਇੰਨੇ ਨੂੰ ਰੱਖਿਆ ਕਾਮਾ ਬੋਲਿਆ, ਤਾਇਆ ਤੈਨੂੰ ਪਿੰਡ ਸੱਥ ‘ਚ ਬੁਲਾਇਆ ਸਰਕਾਰੀ ਬੰਦਿਆਂ ਨੇ।
ਮੈਂ ਨਹੀਂ ਜਾਣਾ ਭਤੀਜ, ਸਾਰੇ ਪਿੰਡ ਨੂੰ ਪਤਾ ਏ ਮੈਂ ਸਰਕਾਰ ਦਾ ਕਰਜਾਈ ਹਾਂ। ਐਵੇਂ ਬੇਇਜ਼ਤੀ ਕਰਨਗੇ।
ਚੱਲੀਏ ਤਾਇਆ ਸ਼ਾਇਦ ਕਰਜਾ ਹੀ ਮੁਆਫ਼ ਕਰ ਦੇਣ।
ਇਸ ਆਸ ਤੇ ਸੱਥ ‘ਚ ਪਹੁੰਚੇ ਤਾਂ ਸਪੀਕਰ ‘ਚ ਬੋਲਿਆ ਗਿਆ, ਜਗੀਰ ਸਿੰਘ ਦੇ ਹੌਂਸਲੇ ਨੂੰ ਸਾਡਾ ਸਲਾਮ ਹੈ। ਇਸ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਨੇ ਹੱਲੇ ਤੱਕ ਖੁਦਕੁਸ਼ੀ ਨਹੀਂ ਕੀਤੀ। ਮੈਡਲ ਪਵਾ ਕੇ ਜਗੀਰ ਦੇ ਹੰਝੂ ਵਹਿ ਤੁਰੇ ਕਿ ਕਰਜਾ ਤਾਂ ਸਿਰ ਦਾ ਸਿਰ ਹੀ ਰਹਿ ਗਿਆ।
ਜਰਨੈਲ ਸਿੰਘ ਕੁਹਾੜ
ਕੁਹਾੜ ਕਲਾਂ, ਸ਼ਾਹਕੋਟ, ਜਲੰਧਰ
98720-80301