Thursday, April 18, 2024

ਹੰਝੂ ਬਣੇ ਸੁਪਨੇ (ਮਿੰਨੀ ਕਹਾਣੀ)

                ਰਾਣੋ ਤੋਂ ਮਕਾਨ ਮਾਲਕਣ ਨੇ ਘਰ ਦੀ ਸਫ਼ਾਈ ਕਰਵਾਈ।ਜਾਣ ਲੱਗਿਆਂ ਵਿਸਾਖੀ ਮਨਾਉਣ ਖ਼ਾਤਿਰ ਪੰਜ ਸੌ ਰੁਪਏ ਰਾਣੋ ਨੂੰ ਦੇ ਦਿੱਤੇ।ਰਾਣੋ ਸਾਰੇ ਰਾਹ ਹੱਥ ‘ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ।ਉਹ ਇਕੱਲੀ ਹੀ ਮੁਸਕਰਾਉਂਦੀ ਹੋਈ ਸੋਚ ਰਹੀ ਸੀ, ‘ਚਲੋ ਬੀਬੀ ਧੀ ਦਾ ਸੋਹਣਾ ਜਿਹਾ ਸੂਟ ਆ ਜਊ, ਰਾਜੂ ਦੀਆਂ ਚੱਪਲਾਂ ਵੀ ਟੁੱਟੀਆਂ ਪਈਆਂ ਨੇ, ਨਵੀਆਂ ਚੱਪਲਾਂ ਪਾ ਕੇ ਖੁਸ਼ ਹੋ ਜਊ।ਰਹਿੰਦੇ ਪੈਸਿਆਂ ਦੇ ਵਿਸਾਖੀ ਵਾਲੇ ਦਿਨ ਲੱਡੂ ਲਿਆ ਦੇਵਾਂਗੀ।ਕੋਈ ਵਧੀਆ ਜਿਹੀ ਸਬਜ਼ੀ ਵੀ ਲੈ ਆਵਾਂਗੀ, ਬਾਲ ਵਿਚਾਰੇ ਰੋਜ਼ ਚੱਟਣੀ ਤੇ ਅਚਾਰ ਨਾਲ ਰੋਟੀ ਖਾਂਦੇ ਆ’।ਸੋਚਾਂ ਸੋਚਦਿਆਂ ਰਾਣੋ ਘਰ ਪਹੁੰਚ ਗਈ।
                     ਰਾਜੂ ਤੇ ਦੀਪੀ ਮਾਂ ਨੂੰ ਵੇਖ ਕੇ ਖੁਸ਼ ਹੋ ਗਏ।ਉਸ ਨੇ ਆਪਣੇ ਬੱਚਿਆਂ ਨੂੰ ਪੰਜ ਸੌ ਦਾ ਨੋਟ ਖੁਸ਼ੀ-ਖੁਸ਼ੀ ਵਿਖਾਇਆ।ਇੰਨੇ ਨੂੰ ਉਸ ਦਾ ਘਰਵਾਲਾ ਉਠਿਆ ਤੇ ਰਾਣੋ ਦੇ ਹੱਥਾਂ ‘ਚੋਂ ਪੰਜ ਸੌ ਦਾ ਨੋਟ ਖੋਹ ਕੇ ਬਾਹਰ ਵੱਲ ਤੁਰ ਗਿਆ।ਰਾਣੋ ਰੌਂਦੀ ਕਲਪਦੀ ਦਰਵਾਜੇ ਤੱਕ ਪੈਸੇ ਫੜਨ ਲਈ ਭੱਜੀ, ਪਰ ਉਹ ਰਾਣੋ ਨੂੰ ਧੱਕਾ ਦੇ ਕੇ ਸੁੱਟ ਗਿਆ।ਦਸ ਕੁ ਮਿੰਟਾਂ ਬਾਅਦ ਮਹਿੰਗੀ ਸ਼ਰਾਬ ਲੈ ਕੇ ਘਰ ਮੁੜਿਆ।ਮੇਜ਼ ‘ਤੇ ਧਰ ਕੇ ਗ਼ਲਾਸ ‘ਚ ਸ਼ਰਾਬ ਪਾ ਕੇ ਪੀਣ ਲੱਗਾ।ਰਾਣੋ ਬੱਚਿਆਂ ਨੂੰ ਕਲਾਵੇ ‘ਚ ਲੈ ਕੇ ਇਹ ਸਭ ਵੇਖਦੀ ਰਹੀ।ਉਸ ਨੂੰ ਲੱਗਿਆ ਜਿਵੇਂ ਉਸ ਦਾ ਪਤੀ ਰਾਣੋ ਤੇ ਬੱਚਿਆਂ ਦੀਆਂ ਰੀਝਾਂ ਨੂੰ ਗਟਾ-ਗਟ ਪੀ ਰਿਹਾ ਹੋਵੇ।ਰਾਣੋ ਦੇ ਸੁਪਨੇ ਉਸ ਦੀਆਂ ਅੱਖਾਂ ‘ਚੋਂ ਹੰਝੂ ਬਣ ਵਹਿ ਤੁਰੇ…। 0304202201

ਸੁਖਵਿੰਦਰ ਕੌਰ ‘ਹਰਿਆਓ’
ਉਭੱਵਾਲ, ਸੰਗਰੂਰ।
ਮੋ -8427405492

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …