ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਦਿੱਲੀ-ਕਟੜਾ ਐਕਸਪ੍ਰੈਸ ਵੇਅ ਸਬੰਧੀ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸੜਕਾਂ ਦਾ ਜ਼ਾਲ ਵਿਸ਼ਿਆ ਹੋਣਾ ਚਾਹੀਦਾ ਹੈ ਤਾਂ ਜੋ ਸੂਬਿਆਂ ਦਾ ਇਕ ਦੂਜੇ ਨਾਲ ਸੜਕੀ ਰਾਬਤਾ ਕਾਇਮ ਹੋ ਸਕੇ ਅਤੇ ਵਪਾਰ ਵਿੱਚ ਵਾਧਾ ਹੋ ਸਕੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਵਿਭਾਗ ਮੰਤਰੀ ਪੰਜਾਬ ਨੇ ਅੱਜ ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਨੈਸ਼ਨਲ ਪ੍ਰਾਜੈਕਟ ਹਾਈਵੇ ਦੇ ਅਧਿਕਾਰੀਆਂ, ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।
ਈ.ਟੀ.ਓ ਨੇ ਕਿਹਾ ਕਿ ਸੂਬੇ ਦੇ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕਿਸੇ ਸੂਬੇ ਦਾ ਵਿਕਾਸ ਉਥੇ ਦੇ ਸੜਕੀ ਜ਼ਾਲ ਨੂੰ ਵੇਖ ਕੇ ਹੀ ਲਗਾਇਆ ਜਾ ਸਕਦਾ ਹੈ।ਈ.ਟੀ.ਓ ਨੇ ਸਮੂਹ ਐਸ.ਡੀ.ਐਮਾਂ ਨੂੰ ਹਦਾਇਤ ਕਰਦਿਆਂ ਕਿਸੇ ਜ਼ਮੀਨ ਦੀ ਮਾਲਕੀ ਦਾ ਮੁਆਵਜਾ ਦੇਣ ਵਿੱਚ ਦੇਰ ਨਹੀਂ ਹੋਣੀ ਚਾਹੀਦੀ ਅਤੇ ਸਬੰਧਤ ਮਾਲਕਾਂ ਨੂੰ ਸਰਕਾਰ ਵਲੋਂ ਜੋ ਮੁਆਵਜ਼ਾ ਨਿਰਧਾਰਤ ਕੀਤਾ ਗਿਆ ਹੈ, ਉਹੀ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੈਡਿੰਗ ਕੇਸਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਭੂਮੀ ਨੂੰ ਐਕਵਾਇਰ ਕਰਕੇ ਪ੍ਰਾਜੈਕਟ ਦਾ ਕੰਮ ਜਲਦੀ ਨੇਪਰੇ ਚਾੜਿਆ ਜਾ ਸਕੇ।ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿੰਨਾਂ ਸਥਾਨਾਂ ‘ਤੇ ਜਿਆਦਾ ਦੁਰਘਟਨਾਵਾਂ ਹੁੰਦੀਆਂ ਹਨ ਦੇ ਬਲਾਕ ਸਪਾਟਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ।
ਈ.ਟੀ.ਓ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਜਮੀਨ ਦੇ ਮਾਲਕੀ ਰੇਟ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੈ ਤਾਂ ਉਹ ਆਰਬੀਟਰੇਟਰ ਕੋਲ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਿਰਧਾਰਤ ਕੀਤੇ ਪੈਸੇ ਹੀ ਸਬੰਧਤ ਮਾਲਕਾਂ ਨੂੰ ਦਿੱਤੇ ਜਾ ਰਹੇ ਹਨ।ਈ.ਟੀ.ਓ ਨੇ ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤਰਨ ਤਾਰਨ ਵਿਖੇ ਵੀ ਆਪਣਾ ਦਫਤਰ ਖੋਲ੍ਹਣ ਤਾਂ ਜੋ ਤਰਨ ਤਾਰਨ ਦੇ ਲੋਕ ਆਪਣੀ ਕਿਸੇ ਵੀ ਸਮੱਸਿਆ ਲਈ ਉਥੇ ਹੀ ਸੰਪਰਕ ਕਰ ਸਕਣ।
ਇਸ ਮੌਕੇ ਹਰਪ੍ਰੀਤ ਸਿੰਘ ਐਸ.ਡੀ.ਐਮ ਅੰਮਿ੍ਰਤਸਰ-2, ਸ੍ਰੀਮਤੀ ਅਲਕਾ ਕਾਲੀਆ, ਐਸ.ਡੀ.ਐਮ ਬਾਬਾ ਬਕਾਲਾ, ਮਨਕੰਵਲ ਸਿੰਘ ਐਸ.ਡੀ.ਐਮ ਅੰਮਿ੍ਰਤਸਰ-1, ਦੀਪਕ ਭਾਟੀਆ ਐਸ:ਡੀ:ਐਮ ਖਡੂਰ ਸਾਹਿਬ, ਰਜਨੀਸ਼ ਅਰੋੜਾ ਐਸ:ਡੀ:ਐਮ ਤਰਨਤਾਰਨ, ਮੈਡਮ ਅਮਨਦੀਪ ਕੌਰ ਐਸ.ਡੀ.ਐਮ ਗੁਰਦਾਸਪੁਰ, ਰਾਜੇਸ਼ ਗੁਲਾਟੀ ਜਿਲ੍ਹਾ ਜੰਗਲਾਤ ਅਫਸਰ, ਇੰਦਰਜੀਤ ਸਿੰਘ ਐਸ.ਈ ਨੈਸ਼ਨਲ ਹਾਈਵੇ ਡਵੀਜਨ, ਨਿਰਮਲ ਸਿੰਘ ਨਾਇਬ ਤਹਿਸੀਲਦਾਰ ਹਰਗੋਬਿੰਦਪੁਰਾ, ਗੁਰਮੀਤ ਸਿੰਘ ਡੀ.ਆਰ.ਓ ਗੁਰਦਾਸਪੁਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।