‘ਹਮ ਦੇਖੇਂਗੇ, ਲਾਜ਼ਿਮ ਹੈ ਕਿ ਹਮ ਦੇਖੇਂਗੇ, ਜੋ ਲੌਹੇ ਅਜ਼ਲ ਪੇ ਲਿਖਾ ਹੈ…’ ਸੁਣਾ ਮਾਸਟਰ ਤਰਲੋਚਨ ਸਿੰਘ ਨੇ ਲੁੱਟਿਆ ਮੇਲਾ
ਸਮਰਾਲਾ, 13 ਫਰਵਰੀ (ਇੰਦਰਜੀਤ ਸਿੰਘ ਕੰਗ)- ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ।ਇਸ ਦੌਰਾਨ ਲੇਖਕਾਂ ਵਲੋਂ ਪੇਸ਼ ਕੀਤੀਆਂ ਰਚਨਾਵਾਂ ਦਾ ਲੰਮਾਂ ਤੇ ਦਿਲਚਸਪ ਦੌਰ ਚੱਲਿਆ।ਪ੍ਰੋਗਰਾਮ ਦਾ ਆਗਾਜ਼ ਮਾਸਟਰ ਤਰਲੋਚਨ ਸਿੰਘ ਵਲੋਂ ਪਾਕਿਸਤਾਨ ਦੇ ਉਘੇ ਸ਼ਾਇਰ ਫੈਜ਼ ਅਹਿਮਦ ਫੈਜ਼ ਦੇ ਜਨਮ ਦਿਨ ਮੌਕੇ ਉਨ੍ਹਾਂ ਬਾਰੇ ਜਾਣ ਪਛਾਣ ਕਰਾਉਂਦਿਆਂ ਇਕਬਾਲ ਬਾਨੋ ਵਲੋਂ ਕਾਲੇ ਕੱਪੜੇ ਪਹਿਨ ਕੇ ਗਾਈ ਤੇ ਫੈਜ਼ ਦੀ ਲਿਖੀ ਰਿਕਾਰਡ ਕੀਤੀ ਮਸ਼ਹੂਰ ਗਜ਼ਲ ‘‘ਹਮ ਦੇਖੇਂਗੇ, ਲਾਜਿਮ ਹੈ ਕਿ ਹਮ ਦੇਖੇਂਗੇ, ਜੋ ਲੌਹੇ ਅਜ਼ਲ ਪੇ ਲਿਖਾ ਹੈ ਹਮ ਦੇਖੇਂਗੇ, ਜਬ ਜੁਲਮੇ ਸਿਤਮ ਕੇ ਕੋਹੇਗਾਂ ਰੂਈ ਕੀ ਤਰਹ ਉੜ ਜਾਏਂਗੇ’’ ਪੇਸ਼ ਕੀਤੀ ਗਈ।
ਮਸ਼ਹੂਰ ਸ਼੍ਰੋਮਣੀ ਪੁਰਸਕਾਰ ਵਿਜੇਤਾ ਬਾਲ ਲੇਖਕ ਕਮਲਜੀਤ ਸਿੰਘ ਨੀਲੋਂ ਨੇ ਆਪਣੀ ਸੱਜ਼ਰੀ ਕਹਾਣੀ ‘ਜੜ੍ਹਾਂ’ ਤੋਂ ਇਲਾਵਾ ਮਸ਼ਹੂਰ ਗ਼ਜ਼ਲਗੋ ਤੇ ਆਪਣੇ ਪਿਤਾ ਕੁਲਵੰਤ ਸਿੰਘ ਨੀਲੋਂ ਨਾਲ ਜੁੜੀਆਂ ਯਾਦਾਂ ਪੇਸ਼ ਕਰਕੇ ਹਾਜ਼ਰ ਮਾਹੌਲ ਭਾਵੁਕ ਬਣਾ ਦਿੱਤਾ।ਨੀਲੋਂ ਦੀ ਪੇਸ਼ਕਾਰੀ ਨੂੰ ਲੇਖਕਾਂ ਵਲੋਂ ਭਰਪੂਰ ਦਾਦ ਮਿਲੀ।ਮੈਨੇਜਰ ਕਰਮ ਚੰਦ ਨੇ ਆਪਣੀ ਕਵਿਤਾ ‘ਬਦਲਦੇ ਮੌਸਮਾਂ ਦਾ ਨਾਂਅ ਹੈ ਜ਼ਿੰਦਗੀ’ ਪੇਸ਼ ਕੀਤੀ।ਮਾਸਟਰ ਤਰਲੋਚਨ ਸਿੰਘ ਤੇ ਮੰਚ ਦੇ ਪ੍ਰਧਾਨ ਨੇ ਆਪਣੀ ਰਚਨਾ ‘ਮੇਰੀ ਮੁੱਕੀ ਨਾ ਤਲਾਸ਼, ਮਾਰੂਥਲਾਂ ਦੀ ਪਿਆਸ, ਮੈਂ ਤਾਂ ਵਕਤ ਦੀ ਗਰਦ ’ਚੋਂ ਬਾਪੂ ਬੋਲਦਾਂ’’ ਪੇਸ਼ ਕੀਤੀ।ਰੁਪਿੰਦਰਪਾਲ ਸਿੰਘ ਗਿੱਲ ਨੇ ‘‘ਜੋਟੀ’’ ਮਿੰਨੀ ਕਹਾਣੀ, ਸੁਰਜੀਤ ਮੰਡ ਨੇ ਗ਼ਜ਼ਲਾਂ, ਨੌਜਵਾਨ ਸ਼ਾਇਰ ਤੇ ਗੀਤਕਾਰ ਅਮਨਦੀਪ ਸਿੰਘ ਨੇ ਗੀਤ ‘ਅੱਧੀ ਜਵਾਨੀ ਨਸ਼ਾ ਖਾ ਗਿਆ, ਅੱਧੀ ਖਾ ਗਿਆ ਫੋਨ’ ਪੇਸ਼ ਕੀਤੀ।ਪੇਸ਼ ਕੀਤੀਆਂ ਸਾਰੀਆਂ ਰਚਨਾਵਾਂ ‘ਤੇ ਨਿੱਠ ਕੇ ਬਹਿਸ ਹੋਈ, ਜਿਸ ਵਿੱਚ ਭਾਗ ਲੈਣ ਵਾਲਿਆਂ ‘ਚ ਮੁੱਖ ਤੌਰ ’ਤੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਕਮਲਜੀਤ ਸਿੰਘ ਨੀਲੋਂ, ਮਾਸਟਰ ਤਰਲੋਚਨ ਸਿੰਘ, ਕਰਮ ਚੰਦ ਤੇ ਸੁਰਜੀਤ ਮੰਡ ਸ਼ਾਮਲ ਸਨ।
ਇਸ ਮੌਕੇ ਹਾਜ਼ਰ ਸ਼ਾਇਰ ਮਾਸਟਰ ਤਰਲੋਚਨ ਸਿੰਘ ਪ੍ਰਧਾਨ ਲੇਖਕ ਮੰਚ, ਸੁਰਜੀਤ ਸਿੰਘ ‘ਵਿਸਾਦ’ ਜਨਰਲ ਸਕੱਤਰ, ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਸਰਪ੍ਰਸਤ, ਬਾਲ ਲੇਖਕ ਕਮਲਜੀਤ ਸਿੰਘ ਨੀਲੋਂ, ਗ਼ਜ਼ਲਗੋ ਸੁਰਜੀਤ ਮੰਡ, ਰੁਪਿੰਦਰਪਾਲ ਸਿੰਘ ਗਿੱਲ, ਅਮਨਦੀਪ ਸਿੰਘ, ਕਰਮ ਚੰਦ ਮੈਨੇਜਰ, ਰਾਜਦੀਪ ਸਿੰਘ ਦਿੱਗਪਾਲ ਤੇ ਅਵਤਾਰ ਸਿੰਘ ਉਟਾਲਾਂ ਹਾਜ਼ਰ ਸਨ।ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਅੰਤ ਵਿੱਚ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਸੁਰਜੀਤ ਸਿੰਘ ‘ਵਿਸਾਦ’ ਨੇ ਬਾਖੂਬੀ ਨਿਭਾਈ।