Wednesday, June 7, 2023

ਸ਼੍ਰੋਮਣੀ ਕਮੇਟੀ ਨੇ ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਲਈ ਦਿੱਤੇ 17 ਲੱਖ 58 ਹਜ਼ਾਰ

ਅੰਮ੍ਰਿਤਸਰ, 20 ਮਾਰਚ (ਜਗਦੀਪ ਸਿੰੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਕਲੀਗਰ ਸਿੱਖ ਬੱਚਿਆਂ ਦੀਆਂ ਸਕੂਲ ਫੀਸਾਂ ਲਈ 17 ਲੱਖ 58 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।ਇਹ ਸਹਾਇਤਾ ਰਾਸ਼ੀ ਸ਼੍ਰੋਮਣੀ ਕਮੇਟੀ ਦੇ ਅਹੱਦੇਦਾਰਾਂ ਨੇ ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਪੜ੍ਹਦੇ ਸਿਕਲੀਗਰ ਬੱਚਿਆਂ ਦੀਆਂ ਫੀਸਾਂ ਦੇ ਰੂਪ ਵਿਚ ਸਕੂਲਾਂ ਨੂੰ ਸੌਂਪੀ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਸਿੱਖ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਹਰ ਸਾਲ ਬੱਚਿਆਂ ਦੀਆਂ ਸਕੂਲ ਫੀਸਾਂ ਭਰਨ ਦਾ ਫੈਸਲਾ ਕੀਤਾ ਹੋਇਆ ਹੈ।ਇਸੇ ਤਹਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਵਿਦਿਅਕ ਸਾਲ 2022-23 ਦੀਆਂ ਫੀਸਾਂ ਭੇਜੀਆਂ ਗਈਆਂ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਭੇਜੇ ਵਫ਼ਦ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪੰਨੂ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਸਿੱਖ ਮਿਸ਼ਨ ਰਾਏਪੁਰ ਦੇ ਇੰਚਾਰਜ ਗੁਰਮੀਤ ਸਿੰਘ, ਵਿਸ਼ਾਖਾਪਟਨਮ ਤੋਂ ਦਿਲਸ਼ਾਹ ਸਿੰਘ ਅਨੰਦ ਅਤੇ ਗੁਰਦੁਆਰਾ ਇੰਸਪੈਕਟਰ ਮੋਹਨਦੀਪ ਸਿੰਘ ਸ਼ਾਮਲ ਹਨ।ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪੰਨੂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਰਾਏਪੁਰ, ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ, ਕਾਕੀਨਾੜਾ ਤੇ ਰਾਜਮੁੰਦਰੀ ਵਿਖੇ ਵੱਖ-ਵੱਖ ਸਕੂਲਾਂ ਜਾ ਕੇ ਸਿੱਧੇ ਤੌਰ ’ਤੇ ਸਕੂਲਾਂ ਨੂੰ ਫੀਸਾਂ ਸੌਂਪੀਆਂ ਗਈਆਂ ਹਨ।ਬੀਤੇ ’ਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਸਾਲ ਭਰ ਦੀਆਂ ਫੀਸਾਂ ਇਕੋ ਸਮੇਂ ਖੁਦ ਜਾ ਕੇ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਇਸ ਦੀ ਸੁਜੋਗ ਵਰਤੋਂ ਯਕੀਨੀ ਬਣੀ ਰਹੇ।ਪੰਨੂ ਅਨੁਸਾਰ ਇਹ ਫੀਸਾਂ ਦੇਣ ਦਾ ਮੰਤਵ ਸਿਕਲੀਗਰ ਸਿੱਖ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਸਿਖਿਅਤ ਕਰਨਾ ਹੈ, ਤਾਂ ਜੋ ਭਵਿੱਖ ਵਿਚ ਉਨ੍ਹਾਂ ਦਾ ਨਿਰਭਾ ਠੀਕ ਢੰਗ ਨਾਲ ਹੋ ਸਕੇ।ਇਸੇ ਤਹਿਤ ਹੀ ਵਿਦਿਅਕ ਖਰਚਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ।

Check Also

ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ

ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …