Tuesday, April 16, 2024

‘ਰਾਮਗੜ੍ਹੀਆ ਮਿਸਲ’ ਦਾ ਬਹਾਦਰ ਸਰਦਾਰ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ

ਹੁਣ ਸਿੱਖਾਂ ਦਾ ਇਹ ਕਿਲ੍ਹਾ ‘ਰਾਮਗੜ੍ਹ’ ਮੁਗਲਾਂ ਦੀਆਂ ਅੱਖਾਂ ਦਾ ਰੋੜਾ ਬਣ ਗਿਆ ਅਤ ਉਹ ਜਦ ਵੀ ਲਾਹੌਰ ਜਾਂ ਅੰਮ੍ਰਿਤਸਰ ਤੇ ਹਮਲਾ ਕਰਦੇ ਤਾਂ ਸਭ ਤੋਂ ਪਹਿਲਾਂ ਰਾਮਗੜ੍ਹ ਕਿਲ੍ਹੇ ਨੂੰ ਘੇਰਾ ਪਾ ਕੇ ਇਸ ‘ਤੇ ਕਬਜ਼ਾ ਕਰਦੇ ਤੇ ਇਸ ਨੂੰ ਢਾਹ ਕੇ ਮਲੀਆ ਮੇਟ ਕਰ ਦੇਂਦੇ।ਸਾਰੇ ਸਿੱਖ ਇਸ ਨੂੰ ਹਰ ਵਾਰ ਸ੍ਰ: ਜੱਸਾ ਸਿੰਘ ਦੀ ਜਥੇਦਾਰੀ ਹੇਠ ਮੁੜ ਉਸਾਰ ਕੇ ਮੁਗਲਾਂ ਦਾ ਮੂੰਹ ਚਿੜਾਉਂਦੇ।ਇਸ ਤਰਾਂ ਇਸ ਰਾਮਗੜ੍ਹ ਕਿਲੇ੍ਹ ਨੂੰ ਬਾਰ ਬਾਰ ਉਸਾਰਨ ਅਤੇ ਇਸ ਦੀ ਰੱਖਿਆ ਲਈ ਲੜਦਿਆਂ ਸ੍ਰ: ਜੱਸਾ ਸਿੰਘ ਤੇ ਬਾਕੀ ਸਾਰੇ ਸਿੰਘਾਂ ਨੂੰ ਰਾਮਗੜ੍ਹ ਕਿਲੇ੍ਹ ਵਾਲੇ ਕਹਿ ਕੇ ਮਾਣ ਦਿੱਤਾ ਜਾਣ ਲੱਗ ਪਿਆ। ਇਸ ਤਰਾਂ ਸ੍ਰ: ਜੱਸਾ ਸਿੰਘ ਹੁਣ ਰਾਮਗੜ੍ਹੀਆ ਵਜੋਂ ਜਾਣਿਆ ਜਾਣ ਲੱਗ ਪਿਆ ਅਤੇ ਉਸ ਦੇ ਸਬ ਅਨੁਆਈ ਵੀ ਰਾਮਗੜ੍ਹੀਆ ਕਹਾਉਣ ਵਿੱਚ ਮਾਣ ਮਹਿਸੂਸ ਕਰਨ ਲੱਗ ਪਏ।ਜਦੋਂ ਸਿੱਖ ਬਾਰਾਂ ਮਿਸਲਾਂ ਵਿੱਚ ਵੰਡੇ ਗਏ ਤਾਂ ਸ੍ਰ: ਜੱਸਾ ਸਿੰਘ ਉਸ ਵੇਲੇ ਸ੍ਰ: ਨੰਦ ਸਿੰਘ ਸੰਘਾਣੀਆਂ ਦੀ ਮਿਸਲ ਵਿੱਚ ਸਨ, ਪਰ ਸੰਘਾਣੀਆਂ ਦੀ ਮੌਤ ਦੇ ਬਾਅਦ ਇਸ ਨੂੰ ਇਸ ਮਿਸਲ ਦਾ ਮੁਖੀ ਥਾਪ ਦਿੱਤਾ ਗਿਆ, ਜੋ ਕਿ ਬਾਅਦ ਵਿੱਚ ‘ਰਾਮਗੜ੍ਹੀਆ ਮਿਸਲ’ ਵਜੋਂ ਮਸ਼ਹੂਰ ਹੋਈ।
ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਬਹਾਦੁਰੀ, ਸਿਆਣਪ, ਦੂਰਅੰਦੇਸ਼ੀ ਅਤੇ ਯੁੱਧ ਕੌਸ਼ਲ ਨਾਲ ਇਸ ਮਿਸਲ ਨੂੰ ਬਾਕੀ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਅਤੇ ਅਮੀਰ ਮਿਸਲ ਬਣਾ ਦਿੱਤਾ ਅਤੇ ਆਪਣੇ ਇਲਾਕਿਆਂ ਦਾ ਸਭ ਤੋਂ ਵੱਧ ਵਿਸਤਾਰ ਕਰਕੇ ਮਹਾਰਾਜਾ ਦਾ ਦਰਜ਼ਾ ਪ੍ਰਾਪਤ ਕੀਤਾ।ਇਸ ਦੇ ਜਿੱਤੇ ਇਲਾਕਿਆਂ ਵਿੱਚ ਅੰਮ੍ਰਿਤਸਰ, ਪੱਟੀ, ਲਾਹੌਰ, ਬਟਾਲਾ, ਕਦੀਆਂ, ਸ੍ਰੀ ਹਰਗੋਬਿੰਦਪੁਰ, ਕਲਾਨੌਰ, ਦੀਨਾਨਗਰ, ਮੁਕੇਰੀਆਂ, ਹਾਜੀਪੁਰ, ਤਲਵਾੜਾ, ਸਿੰਘਪੁਰ ਬਰਨਾਲਾ, ਉੜਮੁੜ ਟਾਂਡਾ, ਬੇਗੋੋਵਾਲ, ਦਾਤਾਰਪੁਰ, ਦੀਪਾਲਪੁਰ, ਮਿਆਨੀ, ਹਾਜੀਪੁਰ, ਕਾਂਗੜਾ, ਨੂਰਪੁਰ, ਸਰੋਹੀ, ਰੋਹਿਲਾ, ਸਮੋਹਾ ਜੰਗ, ਦਿੱਲੀ, ਸਹਾਰਨਪੁਰ, ਮੁਜ਼ੱਫਰਨਗਰ, ਮੇਰਠ, ਹਿਸਾਰ, ਰੋਹਤਕ, ਹਾਂਸੀ ਤੇ ਸਿਰਸਾ ਆਦਿਕ ਸਨ।ਇਹ ਪਹਿਲਾ ਸਿੱਖ ਰਾਜਾ ਸੀ ਜਿਸ ਨੇ ਪਹਾੜੀ ਰਿਆਸਤਾਂ ਜਿੱਤ ਕੇ ਉਹਨਾਂ ਨੂੰ ਆਪਣੇ ਅਧੀਨ ਕੀਤਾ। ਇਸ ਨਾਲ ਇਸ ਦੀ ਸਲਾਨਾ ਆਮਦਨ ਦਸ ਤੋਂ ਪੰਦਰਾਂ ਲੱਖ ਰੁਪਏ ਤੋਂ ਵੀ ਵੱਧ ਹੋ ਗਈ ਸੀ।ਆਪ ਨੇ ਆਪਣੇ ਰਾਜ ਵਿੱਚ ਛੋਟੇ-ਵੱਡੇ ਮਿਲਾ ਕੇ ਤਕਰੀਬਨ 360 ਕਿਲੇ੍ਹ ਬਣਾਏ ਸਨ।ਹਰਿਮੰਦਰ ਸਾਹਿਬ ਦੀ ਰਾਖੀ ਲਈ ਚਾਰ ਮੰਜ਼ਲਾ ਰਾਮਗੜ੍ਹੀਆ ਬੁੰਗਾ ਤੇ ਦੋ ਮਿਨਾਰ ਅੱਜ ਵੀ ਮੌਜ਼ੂਦ ਹਨ ਅਤੇ ਸ੍ਰੀ ਅੰਿਮ੍ਰਤਸਰ ਸ਼ਹਿਰ ਦੇ ਚੌਥੇ ਹਿੱਸੇ ਵਿੱਚ ਰਾਮਗੜ੍ਹੀਆ ਕਟੜ੍ਹਾ ਵਸਾਇਆ।ਜਿਸ ਵਿੱਚ ਖਾਲਸਾ ਫੌਜਾਂ ਲਈ ਹਥਿਆਰ ਬਨਾਉਣ ਲਈ ਕਾਰਖਾਨੇ ਲਾਏ ਗਏ ਸਨ।ਬਟਾਲਾ ਤੇ ਅੰਮ੍ਰਿਤਸਰ ਸ਼ਹਿਰ ਦੀਆਂ ਫਸੀਲਾਂ, ਸ੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਵਜੋਂ ਵਿਕਸਿਤ ਕੀਤਾ, ਲਾਗੇ ਹੀ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਬਣਵਾਇਆ, ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਸਰੋਵਰ ਦੀ ਪਰਿਕਰਮਾ ਨੂੰ ਪੱਕਿਆਂ ਕਰਨ ਲਈ ਇੱਟਾਂ ਤਿਆਰ ਕੀਤੀਆਂ ਗਈਆਂ ਸਨ।ਪਰ ਨੂਰਦੀਨ ਦਾ ਪੁੱਤਰ ਅਮੀਰਦੀਨ ਜ਼ਬਰਦਸਤੀ ਚੁੱਕ ਕੇ ਲੈ ਗਿਆ ਤੇ ਨੂਰਦੀਨ ਦੀ ਸਰਾਂ ਬਣਵਾਈ ਸੀ, ਤਾਂ ਗੁਰੂ ਜੀ ਨੇ ਗੁਰਵਾਕ ਕੀਤਾ ਸੀ ਕਿ ਸਮਾਂ ਆਉਣ ‘ਤੇ ਇਹ ਇੱਟਾਂ ਮੁੜ ਕੇ ਇਸ ਸਰੋਵਰ ‘ਤੇ ਹੀ ਲੱਗਣਗੀਆਂ।ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਨੂਰਦੀਨ ਦੀ ਸਰਾਂ ਢਹਾ ਕੇ ਮੁੜ ਸਰੋਵਰ ਦੀ ਪਰਕਰਮਾ ਪੱਕੀ ਕਰਵਾ ਕੇ ਗੁਰਵਾਕ ਨੂੰ ਪੂਰਾ ਕੀਤਾ ਸੀ।ਏਸੇ ਤਰਾਂ ਆਪ ਨੇ ਗੁਰਦੁਆਰਾ ਸ੍ਰੀ ਬਾਬਾ ਅਟੱਲ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ।ਜਿਸ ਨੂੰ ਬਾਅਦ ਵਿੱਚ ਆਪ ਦੇ ਸਪੁੱਤਰ ਬਾਬਾ ਜੋਧ ਸਿੰਘ ਜੀ ਨੇ ਪੂਰਾ ਕੀਤਾ ਸੀ।
(ਭਾਗ ਤੀਜ਼ਾ) 2305202301

ਗਿਆਨ ਸਿੰਘ ਬਮਰਾਹ
ਅੰਮ੍ਰਿਤਸਰ।
ਮੋ – 9464283050

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …