ਬਾਜਵਾ ਦੀ ਅਗਵਾਈ ‘ਚ ਸਿੱਖ ਆਗੂਆਂ ਦਾ ਵਫ਼ਦ ਜਥੇਦਾਰ ਨੂੰ ਮਿਲਿਆ – ਮਸਲੇ ਦੇ ਹੱਲ ਦਾ ਮਿਲਿਆ ਭਰੋਸਾ
ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ‘ਚ ਸਿੱਖ ਆਗੂਆਂ ਦੇ ਇੱਕ ਵਫਦ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਤੋਂ ਕੀਤੇ ਜਾਂਦੇ ਸਿੱਧੇ ਕੀਰਤਨ ਪ੍ਰਸਾਰਨ ਤੋਂ ਪੀ.ਟੀ.ਸੀ ਟੀ.ਵੀ ਚੈਨਲ ਦੀ ਇਜਾਰੇਦਾਰੀ ਖ਼ਤਮ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਲੋਂੜੀਦੇ ਹੁਕਮ ਦੇਣ।ਸਿੱਖ ਆਗੂਆਂ ਨੇ ਕਿਹਾ ਕਿ ਗੁਰਬਾਣੀ ਕੋਈ ਸੰਸਾਰਕ ਵਸਤ ਨਹੀਂ ਹੈ।ਜਿਸ ਨੂੰ ਕੁੱਝ ਟਕਿਆਂ ਬਦਲੇ ਕਿਸੇ ਇੱਕ ਟੀਵੀ ਚੈਨਲ ਨੂੰ ਵੇਚਿਆ ਜਾ ਸਕੇ।ਸਗੋਂ ਇਹ ਪੂਰੀ ਮਨੁੱਖਤਾ ਦੇ ਭਲੇ ਲਈ ਇੱਕ ਸਰਬਸਾਂਝਾ ਸੰਦੇਸ਼ ਹੈ।ਜਿਹੜਾ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਣਾ ਚਾਹੀਦਾ ਹੈ।
ਸਿੱਖ ਆਗੂਆਂ ਦੇ ਇਸ ਵਫ਼ਦ ਵਲੋਂ ਦਿੱਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸਿਰਫ਼ ਇਕ ਸੀਮਤ ਪ੍ਰਸਾਰਨ ਘੇਰੇ ਅਤੇ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੰਜਾਬੀ ਚੈਨਲ ਪੀ.ਟੀ.ਸੀ ਨੂੰ ਕੁੱਝ ਕੁ ਰਕਮ ਬਦਲੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਇਲਾਹੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੇ ਹੱਕ ਦੇਣ ਨੂੰ ਕਿਸੇ ਤਰਾਂ ਵੀ ਦਰੁੱਸਤ ਨਹੀਂ ਮੰਨਿਆ ਜਾ ਸਕਦਾ।ਇਹ ਵੀ ਕਿਹਾ ਗਿਆ ਹੈ ਕਿ ਸ਼੍ਰੋਮਣੀ ਕੋਈ ਵਪਾਰਕ ਅਦਾਰਾ ਨਹੀਂ ਹੈ, ਸਗੋਂ ਇੱਕ ਮਿਸ਼ਨਰੀ ਸੰਸਥਾ ਹੈ, ਇਸ ਲਈ ਕੁੱਝ ਰਕਮ ਬਦਲੇ ਇੱਕ ਟੀ.ਵੀ ਚੈਨਲ ਨੂੰ ਕੀਰਤਨ ਪ੍ਰਸਾਰਣ ਦੇ ਹੱਕ ਦੇਣ ਦੀ ਥਾਂ ਹਰ ਸ਼੍ਰੋਮਣੀ ਕਮੇਟੀ ਹਰ ਉਸ ਟੀ.ਵੀ ਜਾਂ ਰੇਡੀਓ ਚੈਨਲ ਨੂੰ ਮੁਫ਼ਤ ਸਿਗਨਲ ਮੁਹੱਈਆ ਕਰਵਾਵੇ।ਜਿਹੜਾ ਵੀ ਇੱਕ ਮਿਥੀ ਗਈ ਮਰਿਯਾਦਾ ਅੰਦਰ ਰਹਿ ਕੇ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਕਰਨਾ ਚਾਹੁੰਦਾ ਹੈ।
ਸਿੱਖ ਆਗੂਆਂ ਨੇ ਕਿਹਾ ਕਿ ਜਿਸ ਤਰਾਂ ਸਿੱਖ ਸੰਗਤ ਪਾਕਿਸਤਾਨ ਵਿਚ ਰਹਿ ਗਏ ਪਾਵਨ ਗੁਰਧਾਮਾਂ ਦੇ “ਖੁੱਲੇ ਦਰਸ਼ਨ ਦੀਦਾਰਾਂ“ ਲਈ ਤਾਂਘ ਰਹੀ ਹੈ ਉਸੇ ਤਰਾਂ ਹੀ ਸਿੱਖ ਸੰਗਤ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਸਮੇਂ “ਖੁੱਲ੍ਹੇ ਪ੍ਰਸਾਰਨ“ ਦੀ ਵੀ ਇੱਛਾ ਹੈ।1982 ਵਿੱਚ ਸ਼ੁਰੂ ਹੋਏ ਧਰਮ ਯੁੱਧ ਮੋਰਚੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿੰਨੇ ਵੀ ਮੋਰਚੇ ਲੱਗੇ ਹਨ।ਸਾਰਿਆਂ ਵਿੱਚ ਹੀ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧੇ ਪ੍ਰਸਾਰਨ ਦੀ ਮੰਗ ਪ੍ਰਮੁੱਖ ਰਹੀ ਹੈ।ਇਸ ਲਈ ਹਰਿਮੰਦਰ ਸਾਹਿਬ ਤੋਂ ਕੀਰਤਨ ਪ੍ਰਸਾਰਨ ਦੀ ਇਜ਼ਾਜ਼ਤ ਬੜੇ ਵੱਡੇ ਸੰਘਰਸ਼ਾਂ ਤੋਂ ਬਾਅਦ ਮਿਲੀ ਹੈ।ਜਿਸ ਨੂੰ ਇੱਕ ਚੈਨਲ ਤੱਕ ਮਹਿਦੂਦ ਕਰਨਾ ਸਰਾਸਰ ਗਲਤ ਹੈ।
ਸਿੱਖ ਵਫਦ ਨੇ ਜਥੇਦਾਰ ਨੂੰ ਇਹ ਵੀ ਯਾਦ ਕਰਾਇਆ ਕਿ ‘ਗੁਰਾਂ ਦੇ ਨਾਂ ਉਤੇ ਜਿਉਣ ਵਾਲੇ‘ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਪੰਜਾਬ ਵਿਧਾਨ ਸਭਾ ਨੇ 6 ਨਵੰਬਰ 2019 ਨੂੰ ਬੁਲਾਏ ਗਏ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣੇ ਵਿਸ਼ੇਸ਼ ਅਜਲਾਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਸਮੇਤ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸ਼੍ਰੋੋਮਣੀ ਕਮੇਟੀ ਨੂੰ ਇਸ ਸਬੰਧੀ ਅਪੀਲ ਵੀ ਕੀਤੀ ਹੋਈ ਹੈ।ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ 18 ਨਵੰਬਰ 2019 ਨੂੰ ਆਪ ਜੀ ਨੂੰ ਲਿਖੇ ਇੱਕ ਪੱਤਰ ਰਾਹੀਂ ਇਹ ਮਾਮਲਾ ਵੀ ਧਿਆਨ ਵਿਚ ਲਿਆਂਦਾ ਜਾ ਚੁੱਕਿਆ ਹੈ।
ਜਥੇਦਾਰ ਸਾਹਿਬ ਨੂੰ ਇਹ ਵੀ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿਚ ਬਹੁਮਤ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ 1996 ਅਤੇ 2004 ਵਿਚ ਹੋਈ ਸ਼੍ਰੋੋਮਣੀ ਕਮੇਟੀ ਦੀ ਜਨਰਲ ਚੋਣ ਸਮੇਂ ਚੋਣ ਮੈਨੀਫੈਸਟੋ ਵਿੱਚ ਸਿੱਖ ਸੰਗਤ ਨਾਲ ਇਹ ਵਾਅਦਾ ਕੀਤਾ ਸੀ ਕਿ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਸ਼੍ਰੋਮਣੀ ਕਮੇਟੀ ਆਪਣਾ ਟੀ.ਵੀ ਚੈਨਲ ਸਥਾਪਤ ਕਰੇਗੀ।ਪਰ ਸਿੱਖ ਸੰਗਤ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਅਧਿਕਾਰ ਇੱਕ ਨਿੱਜੀ ਟੀ.ਵੀ ਨੂੰ ਦੇ ਕੇ ਸੰਗਤ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ ਹੈ। ਵਫਦ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਰਫ਼ ਇੱਕ ਚੈਨਲ ਨੂੰ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਹੱਕ ਦੇ ਕੇ ਸ਼੍ਰੋਮਣੀ ਕਮੇਟੀ ਆਪ ਹੀ ਗੁਰਬਾਣੀ ਦੇ ਚਾਨਣ ਨੂੰ ਕੀਰਤਨ ਰਾਹੀਂ ਘਰ-ਘਰ ਪਹੁੰਚਣ ਦੇ ਰਾਹ ਵਿੱਚ ਰੋੜਾ ਬਣ ਰਹੀ ਹੈ।
ਜਥੇਦਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰ ਕੇ ਇਸ ਮਾਮਲੇ ਦਾ ਹੱਲ ਕੱਢਣਗੇ।
ਇਸ ਵਫਦ ਵਿੱਚ ਤੋਂ ਬਾਜਵਾ ਤੋਂ ਬਿਨਾਂ ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਅਮਰੀਕ ਸਿੰਘ ਸ਼ਾਹਪੁਰ, ਸੁਰਜੀਤ ਸਿੰਘ ਤੁਗਲਵਾਲਾ, ਜਸਵੰਤ ਸਿੰਘ ਪੁੜੈਣ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਭਗਵੰਤਪਾਲ ਸਿੰਘ ਸੱਚਰ ਮੈਂਬਰ ਗਵਰਨਿੰਗ ਕੌਂਸਲ ਖਾਲਸਾ ਕਾਲਜ ਅਤੇ ਚੀਫ ਖਾਲਸਾ ਦੀਵਾਨ ਸ਼ਾਮਲ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …