Thursday, November 21, 2024

ਨਿੱਘੇ ਸੁਭਾਅ ਦੇ ਮਾਲਕ ਸਨ – ਬੀਬੀ ਅਮਰਪਾਲ ਕੌਰ

 ਭੋਗ ਤੇ ਵਿਸ਼ੇਸ਼

            ਦੇਸ਼ ਅੰਦਰ ਅਮਨ ਸ਼ਾਤੀ ਦੀ ਬਹਾਲੀ ਲਈ ਕੁਰਬਾਨ ਹੋਣ ਵਾਲੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਜ਼ਾਨਸ਼ੀਨ ਅਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਸੁਪਤਨੀ ਬੀਬੀ ਅਮਰਪਾਲ ਕੌਰ ਦਾ ਪਿਛਲੇ ਦਿਨੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਨਾਲ ਨਾ ਸਿਰਫ ਭਾਈ ਲੌਂਗੋਵਾਲ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਗੋ ਉਨ੍ਹਾਂ ਨਾਲ ਵਿਚਰਣ ਵਾਲੇ ਸਮੁੱਚੇ ਨੇੜਲਿਆਂ ਲਈ ਵੀ ਇਹ ਦੁੱਖ ਦੀ ਘੜੀ ਹੈ।
              ਬੀਬੀ ਅਮਰਪਾਲ ਕੌਰ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪ੍ਰਸਿੱਧ ਡਾਕਟਰ ਹਰਬੰਸ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਣਜੀਤ ਕੌਰ ਦੀ ਕੁੱਖੋਂ 29 ਨਵੰਬਰ 1959 ਨੂੰ ਸੰਗਰੂਰ ਵਿਖੇ ਹੋਇਆ।ਇੰਨ੍ਹਾਂ ਦਾ ਪਰਿਵਾਰ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਦਾ ਸੇਵਕ ਸੀ।ਉਨ੍ਹਾਂ ਦਾ ਬਚਪਨ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਅਤੇ ਦੇਖ ਰੇਖ ਹੇਠ ਬਤੀਤ ਹੋਇਆ ਜਿਸ ਕਾਰਨ ਲੋਕ ਸੇਵਾ, ੱਿਖੀ ਧਾਰਮਿਕ ਭਾਵਨਾ ਅਤੇ ਨਿਮਰਤਾ ਵਰਗੇ ਗੁਣ ਉਨ੍ਹਾਂ ਵਿਚ ਬਚਪਨ ਤੋਂ ਹੀ ਆ ਗਏ ਸਨ।ਆਪ 6 ਭੈਣਾਂ ਤੇ 2 ਭਰਾਵਾਂ ਵਿੱਚ ਇੱਕ ਭਰਾ ਨੂੰ ਛੱਡ ਕੇ ਸਭ ਤੋਂ ਛੋਟੀ ਸੀ ਅਤੇ ਪਿੰਗਲਵਾੜਾ ਸੰਸਥਾ ਦੇ ਮੁੱਖੀ ਡਾ. ਇੰਦਰਜੀਤ ਕੌਰ ਬੀਬਾ ਜੀ ਦੇ ਵੱਡੇ ਭੈਣ ਹਨ।ਬੀਬਾ ਅਮਰਪਾਲ ਕੌਰ ਨੇ ਅਕਾਲ ਡਿਗਰੀ ਕਾਲਜ਼ ਵਾਰ ਵਮੈਨ ਅਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਬੀ.ਏ, ਬੀ.ਐਡ, ਐਮ.ਏ, ਐਮ.ਐਡ ਕਰਕੇ ਅਧਿਆਪਨ ਦਾ ਕਿੱਤਾ ਚੁਣਿਆ।ਉੱਚ ਵਿੱਦਿਆ ਪ੍ਰਾਪਤ ਕਰਨ ਦੌਰਾਨ ਆਪ ਨੇ ਪੜ੍ਹਾਈ ਦੇ ਨਾਲ-ਨਾਲ ਸਹਾਇਕ ਗਤੀਵਿਧੀਆਂ ਵਿਚ ਵੀ ਹਿੱਸਾ ਲਿਆ।ਉਨ੍ਹਾਂ ਅਥੈਟਿਕਸ ਅਤੇ ਸੱਭਿਆਚਾਰਕ ਗਤੀਵਿਧੀਆਂ `ਚੋਂ ਮੈਡਲ ਪ੍ਰਾਪਤ ਕਰ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਪੜ੍ਹਾਈ ਤੋਂ ਬਾਅਦ ਉਨ੍ਹਾਂ ਦੀ ਅਧਿਆਪਕ ਵਜੋਂ ਪਹਿਲੀ ਨਿਯੁੱਕਤੀ ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਵਿਖੇ ਹੋਈ ਅਤੇ ਬਾਅਦ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਆ ਕੇ ਉਨ੍ਹਾਂ ਲੰਮਾ ਸਮਾਂ ਪਿੰਡ ਮੰਡੇਰ ਕਲਾਂ ਵਿਖੇ ਸੇਵਾ ਨਿਭਾਈ ਡਾ. ਹਰਬੰਸ ਸਿੰਘ ਦਾ ਪਰਿਵਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਵੀ ਨਜ਼ਦੀਕੀ ਸੀ।ਇਹੋ ਕਾਰਨ ਸੀ ਕਿ 14 ਫਰਵਰੀ 1988 ਵਿਚ ਆਪ ਜੀ ਦਾ ਵਿਆਹ ਸੰਤ ਲੌਂਗੋਵਾਲ ਦੇ ਅਨਿਨ ਸੇਵਕ ਗੋਬਿੰਦ ਸਿੰਘ ਲੌਂਗੋਵਾਲ ਨਾਲ ਹੋਇਆ ਉਹ ਫੱਕਰ ਅਤੇ ਸੰਤ ਸੁਭਾਅ ਦੇ ਮਾਲਕ ਸਨ। ਆਮ ਜੀਵਨ ਵਿਚ ਆਪ ਵਿਖਾਵੇ ਅਤੇ ਸਿਆਸਤ ਤੋਂ ਦੂਰ ਰਹਿ ਕੇ ਲੋਕ ਹਿੱਤਾਂ ਲਈ ਤਤਪਰ ਰਹੇ।ਭਾਈ ਲੌਂਗੋਵਾਲ ਵੱਡੇ-ਵੱਡੇ ਅਹੁੱਦਿਆਂ `ਤੇ ਬਿਰਾਜ਼ਮਾਨ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਦਾ ਜੀਵਨ ਸਰਲ ਅਤੇ ਲੋੜਵੰਦਾਂ ਦੀ ਮਦਦ ਵਾਲਾ ਹੀ ਰਿਹਾ।ਉਹ ਪਸ਼ੂ, ਪੰਛੀਆਂ, ਵਾਤਾਵਰਨ ਅਤੇ ਕੁਦਰਤ ਨੂੰ ਬੇਹੱਦ ਪਿਆਰ ਕਰਦੇ ਸਨ।ਪੇਕਾਂ ਅਤੇ ਸਹੁਰਾ ਘਰ ਵਿਚ ਧਾਰਮਿਕ ਮਾਹੌਲ ਹੋਣ ਕਾਰਨ ਨਿਤਨੇਮ ਕਰਨਾ, ਲੋੜਵੰਦਾਂ ਦੀ ਮਦਦ ਕਰਨਾ ਅਤੇ ਖਾਸ ਕਰ ਗਰੀਬ ਬੱਚਿਆਂ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਦੀ ਮਦਦ ਕਰਨਾ ਉਨ੍ਹਾਂ ਦੇ ਸੁਭਾਅ ਦੇ ਮੁੱਢਲੇ ਗੁਣ ਸਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਉਚ ਰੁਤਬਿਆਂ ਤੱਕ ਪਹੁੰਚਣ ਵਿਚ ਬੀਬੀ ਅਮਰਪਾਲ ਕੌਰ ਜੀ ਦਾ ਵੱਡਾ ਯੋਗਦਾਨ ਰਿਹਾ ਹੈ।ਉਹ ਆਪਣੇ ਪਿੱਛੇ ਇੱਕ ਬੇਟਾ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਅਤੇ ਇਕ ਬੇਟੀ ਗੁਰਮਨ ਕੌਰ ਨੂੰ ਛੱਡ ਗਏ ਹਨ।
             ਉਨ੍ਹਾਂ ਦੀ ਬੇਵਕਤੀ ਮੌਤ ਨਾਲ ਲੌਂਗੋਵਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਅੱਜ ਉਨ੍ਹਾਂ ਨਮਿਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਯਾਦਗਾਰ ਭਾਈ ਮਨੀ ਸਿੰਘ ਕੈਂਬੋਵਾਲ, ਲੌਂਗੋਵਾਲ ਜ਼ਿਲਾ ਸੰਗਰੂਰ ਵਿਖੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਹੋਵੇਗਾ।
               ਗੋਬਿੰਦ ਸਿੰਘ ਲੌਂਗੋਵਾਲ ਨੇ ਅਪਣੇ ਸ਼ੁਭਚਿੰਤਕਾਂ, ਰਿਸਤੇਦਾਰਾਂ ਅਤੇ ਸਨੇਹੀਆਂ ਨੂੰ ਬੇਨਤੀ ਕੀਤੀ ਹੈ ਕਿ ਕਰੋਨਾ ਵਾਇਰਸ ਕਾਰਨ ਮੌਜੂਦਾ ਮਾਹੌਲ ਦੇ ਚੱਲਦਿਆਂ ਉਚੇਚੇ ਤੌਰ ‘ਤੇ ਅਪੀਲ ਕੀਤੀ ਹੈ ਕਿ ਸਰਕਾਰ ਵਲੋਂ ਨਿਯਮਾਂ ਦਾ ਪਾਲਣਾ ਕਰਦਿਆਂ ਇਕੱਠ ਨਾ ਕੀਤਾ ਜਾਵੇ ਅਤੇ ਆਪੋ ਆਪਣੇ ਘਰਾਂ ਵਿੱਚ ਹੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇ।

ਜਗਸੀਰ ਲੌਂਗੋਵਾਲ
ਲੌਂਗੋਵਾਲ, ਸੰਗਰੂਰ। 12 ਮਈ 2020

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …