297 ਸੈਂਪਲਾਂ `ਚੋਂ ਕੇਵਲ ਇੱਕ ਆਇਆ ਪਾਜ਼ਟਿਵ
ਕਪੂਰਥਲਾ, 11 ਜੁਲਾਈ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਫ਼ਤਿਹ` ਤਹਿਤ ਜ਼ਿਲਾ ਕਪੂਰਥਲਾ ਵਲੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਵੱਡੀ ਕਾਮਯਾਬੀ
ਹਾਸਿਲ ਕਰਦਿਆਂ ਕੱਲ ਲਏ 297 ਨਮੂਨਿਆਂ ਵਿਚੋਂ ਸਿਰਫ਼ ਇਕ ਨਮੂਨਾ ਪਾਜ਼ਟਿਵ ਪਾਇਆ ਗਿਆ।ਜਿਹੜਾ ਨਮੂਨਾ ਪਾਜ਼ਟਿਵ ਆਇਆ ਹੈ ਉਹ ਵਿਅਕਤੀ ਜਲੰਧਰ ਨਾਲ ਸਬੰਧਿਤ ਹੈ ਅਤੇ ਉਸ ਦਾ ਟੈਸਟ ਕਪੂਰਥਲਾ ਵਿਖੇ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਕਪੂਰਥਲਾ ਵਿਖੇ ਸਿਹਤ ਵਿਭਾਗ ਵਲੋਂ ਵੱਡੇ ਪੱਧਰ `ਤੇ ਟੈਸਟ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਲੇ ਵਿੱਚ ਲਏ ਗਏ ਹੁਣ ਤੱਕ 13047 ਟੈਸਟਾਂ ਵਿਚੋਂ 12650 ਟੈਸਟ ਨੈਗੇਟਿਵ ਪਾਏ ਗਏ ਹਨ, ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਜ਼ਿਲੇ ਵਿੱਚ ਰਿਕਵਰੀ ਦਰ ਸਭ ਤੋਂ ਜ਼ਿਆਦਾ ਹੈ।
ਉਨਾਂ ਦੱਸਿਆ ਕਿ ਜ਼ਿਲੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਪ੍ਰਤੀ ਹੇਠਲੇ ਪੱਧਰ ਤੱਕ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਇੱਛਾ ਅਨੁਸਾਰ ਨਤੀਜੇ ਆ ਰਹੇ ਹਨ।ਉਨਾਂ ਦੱਸਿਆ ਕਿ ਜ਼ਿਲੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਤਾਰ ਟੈਸਟ ਕੀਤੇ ਜਾਂਦੇ ਰਹਿਣਗੇ।
ਜ਼ਿਲੇ ਵਿੱਚ ਐਨ.ਆਰ.ਆਈ ਨੂੰ ਕੁਆਰੰਟੀਨ ਦੀ ਸਹੂਲਤ ਮੁਹੱਈਆ ਕਰਵਾਉਣ ਬਾਰੇ ਉਨਾਂ ਦੱਸਿਆ ਕਿ ਐਨ.ਆਰ.ਆਈ ਨੂੰ ਕੁਆਰੰਟੀਨ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੁਆਰੰਟੀਨ ਸੈਂਟਰਾਂ ਵਿਖੇ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।