ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ
ਡਾਇਰੈਕਟਰ ਮਨੋਜ ਚਨਸੋਰੀਆ ਨੂੰ ਸੇਵਾ ਮੁਕਤ ਹੋਣ ‘ਤੇ ਸਾਦਾ ਸਨਮਾਨ ਸਮਾਗਮ ਕਰਵਾਇਆ ਗਿਆ।ਮੰਚ ਦੇ ਅਹੁਦੇਦਾਰਾਂ ਪ੍ਰਧਾਨ ਮਨਮੋਹਣ ਸਿੰਘ ਬਰਾੜ, ਸਰਪ੍ਰਸਤ ਡਾਕਟਰ ਚਰਨਜੀਤ ਸਿੰਘ ਗੁਮਟਾਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਚਾਹਲ ਅਤੇ ਮਨਜੀਤ ਸਿੰਘ ਸੈਣੀ ਵਲੋਂ ਤਿੰਨ ਸਾਲ ਸ਼ਾਨਦਾਰ ਸੇਵਾ ਉਪਰੰਤ ਹੋਏ ਡਾਇਰੈਕਟਰ ਚਨਸੋਰੀਆ ਨੂੰ ਸਿਰੋਪਾ, ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਯਾਦਗਾਰੀ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਮਨਮੋਹਣ ਸਿੰਘ ਬਰਾੜ ਪ੍ਰਧਾਨ ਨੇ ਡਾਇਰੈਕਟਰ ਚਨਸੋਰੀਆ ਵਲੋਂ ਆਪਣੇ ਕਾਟਜ਼ਕਾਲ ਦੌਰਾਨ ਪੂਰੀ ਨਿਸ਼ਠਾ ਨਾਲ ਨਿਭਾਈਆਂ ਸੇਵਾਵਾਂ ਦੀ ਬੜੇ ਭਾਵਪੂਰਤ ਸ਼ਬਦਾਂ ‘ਚ ਪ੍ਰਸੰਸਾ ਕੀਤੀ।ਉਨਾਂ ਕਿਹਾ ਕਿ ਮਨੋਜ ਚਨਸੋਰੀਆ ਦੇ ਸੇਵਾ ਕਾਲ ਦੌਰਾਨ ਹਵਾਈ ਅੱਡੇ ਦਾ ਸਰਬਪੱਖੀ ਵਿਕਾਸ ਹੋਇਆ।ਹਵਾਈ ਅੱਡੇ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਦਾ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਆਧੁਨਿਕੀਕਰਨ ਕੀਤਾ ਗਿਆ ਅਤੇ ਉਤਮ ਕਿਸਮ ਦਾ ਸਾਜ਼ੋ ਸਮਾਨ ਪ੍ਦਾਨ ਕਰਕੇ ਅੰਤਰਰਾਸ਼ਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।ਹਵਾਈ ਯਾਤਰੀਆਂ ਨੂੰ ਧੁੱਪ ਅਤੇ ਮੀਂਹ-ਕਣੀ ਤੋਂ ਸੁਰੱਖਿਅਤ ਰੱਖਣ ਲਈ ਮੁੱਖ ਇਮਾਰਤ ਦੇ ਸਨਮੁੱਖ ਇੱਕ ਵੱਡ-ਅਕਾਰੀ ਕੈਨੋਪੀ (ਛੱਤਰੀ) ਦਾ ਨਿਰਮਾਣ ਕਰਵਾਇਆ ਗਿਆ।ਹਵਾਈ ਜਹਾਜ਼ਾਂ ਦੇ ਰੁਕਣ-ਸਥਾਨਾਂ ਦਾ ਨਿਰਮਾਣ ਕੀਤਾ ਗਿਆ।ਟਰਮੀਨਲ ਇਮਾਰਤ ਦੇ ਅੰਦਰ ਤੇ ਬਾਹਰ ਯਾਤਰੂਆਂ ਦੇ ਖਾਣ-ਪੀਣ ਦੀ ਸਹੂਲਤ ਮੁਹੱਈਆ ਕਰਵਾਈ ਗਈ।
ਮੰਚ ਪ੍ਰਧਾਨ ਬਰਾੜ ਨੇ ਕਿਹਾ ਕਿ ਕਰੋਨਾ ਸੰਕਟ ਦੌਰਾਨ ਉਨ੍ਹਾਂ ਡਾਇਰੈਕਟਰ ਚਨਸੋਰੀਆ ਨੇ ਬੜੀ ਨਿਪੁੰਨਤਾ ਨਾਲ 60 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਨੂੰ ਲੰਡਨ, ਵੈਨਕੂਵਰ, ਟਰਾਂਟੋ, ਦੁਬਈ, ਕੁਵੈਤ ਅਮਰੀਕਾ ਅਤੇ ਕੁਆਲਾਲੰਪੁਰ ਲਈ ਰਵਾਨਾ ਕੀਤੀਆਂ।ਸੇਵਾ ਮੁਕਤ ਹੋਏ ਚਨਸੋਰੀਆ ਨੇ ਮੰਚ ਆਗੂਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਹੀ ਹਾਜ਼ਰ ਹੋਏ ਨਵੇਂ ਡਾਇਰੈਕਟਰ ਵੀ.ਕੇ ਸੇਠ ਨੂੰ ਅੰਮ੍ਰਿਤਸਰ ਵਿਕਾਸ ਮੰਚ ਦੇ ਅਹੁਦੇਦਾਰਾਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ‘ਜੀ ਆਇਆਂ ਕਿਹਾ’।