Thursday, December 12, 2024

`ਇਤਿਹਾਸ` ਪੋਰਟਲ ਰਾਹੀਂ ਰੱਖੀ ਜਾਵੇਗੀ ਕਰੋਨਾ ਤੋਂ ਜਿਆਦਾ ਪ੍ਰਭਾਵਿਤ ਇਲਾਕਿਆਂ `ਤੇ ਨਿਗਰਾਨੀ

ਕਪੂਰਥਲੇ ਅੰਦਰ ਮੇਲਿਆਂ, ਇਕੱਠਾਂ ਆਦਿ `ਤੇ ਮੁਕੰਮਲ ਰੋਕ, ਉਲੰਘਣਾ `ਤੇ ਹੋਵੇਗਾ ਕੇਸ ਦਰਜ਼

ਕਪੂਰਥਲਾ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਅੰਦਰ ਕਰੋਨਾ ਦੀ ਰੋਕਥਾਮ ਲਈ ਪੰਜਾਬ ਸਰਕਾਰ ਤੇ ਆਈ.ਆਈ.ਟੀ ਚੇਨਈ ਵਲੋਂ ਤਿਆਰ ਕੀਤੇ `ਇਤਿਹਾਸ ਪੋਰਟਲ` ਰਾਹੀਂ ਵਰਤਮਾਨ ਸਮੇਂ ਵਾਇਰਸ ਤੋਂ ਪ੍ਰਭਾਵਿਤ ਖੇਤਰਾਂ ਤੇ ਭਵਿੱਖ ਵਿੱਚ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਦੀ ਨਿਗਰਾਨੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉਪਲ ਨੇ ਕਪੂਰਥਲਾ ਜਿਲੇ ਦੇ ਵਸਨੀਕਾਂ ਦੇ ਮੁਖਾਤਿਬ ਹੁੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚੇਨਈ ਆਈ.ਆਈ.ਟੀ ਨਾਲ ਕੀਤੇ ਸਮਝੌਤੇ ਤਹਿਤ ਇਸ ਪੋਰਟਲ ਰਾਹੀਂ ਤਕਨੀਕ ਦੀ ਵਰਤੋਂ ਕਰਕੇ ਪ੍ਰਭਾਵਿਤ ਖੇਤਰਾਂ ਵਿੱਚ ਕਰੋਨਾ ਤੋਂ ਪੀੜਤ ਲੋਕਾਂ ਦੀ ਆਵਾਜਾਈ `ਤੇ ਨਿਗਰਾਨੀ ਰੱਖੀ ਜਾਵੇਗੀ। ਉਨਾਂ ਕਿਹਾ ਕਿ ਪੀੜਤਾਂ ਨੂੰ ਲੱਭਣ ਤੇ ਸੁਪਰ ਸਪਰੈਡਰ ਦੀ ਤਲਾਸ਼ ਲਈ ਪੀੜਤਾਂ ਦੀ ਮੋਬਾਇਲ ਲੋਕੇਸ਼ਨ ਨਾਲ ਉਨਾਂ ਦੀ 15 ਦਿਨ ਦੀ ਗਤੀਵਿਧੀ ਦੀ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ ਉਹ ਕਿਸ-ਕਿਸ ਖੇਤਰ ਵਿੱਚ ਗਏ ਅਤੇ ਉਸ ਖੇਤਰ ਵਿਚ ਕੋਈ ਨਵਾਂ ਕੇਸ ਸਾਹਮਣੇ ਆਇਆ ਕਿ ਨਹੀਂ।
                       ਉਨਾਂ ਇਹ ਵੀ ਕਿਹਾ ਕਿ ਸਾਉਣ ਦੇ ਮਹੀਨੇ ਦੌਰਾਨ ਅਨੇਕਾਂ ਤਿਉਹਾਰ, ਰੀਤੀ ਰਿਵਾਜ ਕੀਤੇ ਜਾਂਦੇ ਹਨ, ਜਿਸ ਕਾਰਨ ਲੋਕਾਂ ਦਾ ਇਕੱਠ ਹੋਣ ਦਾ ਖਦਸ਼ਾ ਰਹਿੰਦਾ ਹੈ।ਜਿਲੇ ਅੰਦਰ ਕਿਸੇ ਵੀ ਮੇਲੇ, ਇਕੱਠ ਆਦਿ ਦੀ ਇਜ਼ਾਜ਼ਤ ਨਹੀਂ ਅਤੇ ਜੇਕਰ ਕੋਈ ਵਿਅਕਤੀ ਅਜਿਹੇ ਇਕੱਠ ਵਿੱਚ ਜਾਂਦਾ ਹੈ ਜਾਂ ਉਸ ਦਾ ਆਯੋਜਨ ਕਰਦਾ ਹੈ ਤਾਂ ਉਸ ਵਿਰੁੱਧ ਪੁਲਿਸ ਕੇਸ ਦਰਜ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਾਰੇ ਜਿਲੇ ਅੰਦਰ ਧਾਰਾ 144 ਲਾਗੂ ਕੀਤੀ ਗਈ ਹੈ।ਜਿਸ ਕਰਕੇ 5 ਜਾਂ ਉਸ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ।
                  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਹੁਣ ਤੱਕ ਲੋਕਾਂ ਵਲੋਂ ਦਿੱਤੇ ਸਹਿਯੋਗ ਸਦਕਾ ਜਿਲੇ ‘ਚ ਹੁਣ 28 ਐਕਟਿਵ ਕੇਸ ਜਦਕਿ ਰੋਜ਼ਾਨਾ 300 ਤੋਂ ਜਿਆਦਾ ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਜਾ ਰਹੇ ਹਨ।
                   ਡਿਪਟੀ ਕਮਿਸ਼ਨਰ ਨੇ ਲੋਕਾਂ ਤੇ ਵਿਸ਼ੇਸ਼ ਕਰਕੇ ਬਜ਼ੁਰਗਾਂ, ਬੱਚਿਆਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦੇ ਅੰਦਰ ਹੀ ਰਹਿਣ ਅਤੇ ਕਸਰਤ ਕਰਨ ਦੇ ਨਾਲ-ਨਾਲ ਕੇਵਲ ਘਰ ਦਾ ਤਿਆਰ ਭੋਜਨ ਹੀ ਖਾਣ। ਲੋਕਾਂ ਨੂੰ ਘਰ ਅੰਦਰ ਵੀ ਮਾਸਕ ਪਾ ਕੇ ਰੱਖਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਵਾਇਰਸ ਦੇ ਇਕ ਵਿਅਕਤੀ ਤੋਂ ਦੂਜੇ ਤੱਕ ਫੈਲਾਅ ਦਾ ਖਤਰਾ 70 ਫੀਸਦੀ ਤੱਕ ਘਟ ਜਾਂਦਾ ਹੈ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …