ਮਿਸ਼ਨ ਜ਼ੀਰੋ ਪੈਂਡੈਂਸੀ ਲਈ ਅਣਥੱਕ ਯਤਨਾਂ ਲਈ ਸਮੁੱਚੀ ਟੀਮ ਦੀ ਕੀਤੀ ਸ਼ਲਾਘਾ
ਨਵਾਂਸ਼ਹਿਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਨਾਗਰਿਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਬਿਨਾਂ ਕਿਸੇ ਖੱਜਲ-ਖੁਆਰੀ ਦੇ ਸੁਵਿਧਾਜਨਕ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਕੇਵਲ 0.03 ਫੀਸਦੀ ਪੈਂਡੈਂਸੀ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਖਾਸ ਕਰਕੇ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਸਿਹਤ ਸੰਕਟ ਦੇ ਦਰਮਿਆਨ ਨਾਗਰਿਕਾਂ ਦੁਆਰਾ ਸੇਵਾ ਕੇਂਦਰਾ ਵਿਖੇ ਦਾਇਰ ਕੀਤੀਆਂ ਗਈਆਂ ਅਰਜ਼ੀਆਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਂਦਿਆਂ ਇਹ ਟੀਚਾ ਹਾਸਲ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 28 ਜੁਲਾਈ 2020 ਤੋਂ 27 ਜੁਲਾਈ 2021 ਤੱਕ ਇਕ ਸਾਲ ਦੇ ਅਰਸੇ ਦੌਰਾਨ ਪ੍ਰਸ਼ਾਸਨ ਨੂੰ ਸਮੁੱਚੇ 17 ਸੇਵਾ ਕੇਂਦਰਾਂ ਵਿਖੇ ਵੱਖ-ਵੱਖ ਸੇਵਾਵਾਂ ਲਈ 113419 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾ ਦਾ ਅਧਿਕਾਰੀਆਂ ਵੱਲੋਂ ਸਮੇਂ ਸਿਰ ਨਿਪਟਾਰਾ ਕੀਤਾ ਗਿਆ।ਇਨ੍ਹਾਂ ਅਰਜ਼ੀਆਂ ਵਿਚੋਂ ਮੌਜ਼ੂਦਾ ਸਮੇਂ ਵਿਚ ਕੇਵਲ 0.03 ਫੀਸਦੀ ਭਾਵ 32 ਹੀ ਨਿਪਟਾਰੇ ਲਈ ਬਕਾਇਆ ਹਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੈਂਡੈਂਸੀ ਦੀ ਨਿਯਮਿਤ ਨਿਗਰਾਨੀ ਰਾਹੀਂ ਜ਼ੀਰੋ ਪੈਂਡੈਂਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਵੱਲੋਂ ਇਕ ਵਿਹਾਰਕ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸੇਵਾ ਕੇਂਦਰਾਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਵੀ ਨਾਗਰਿਕਾਂ ਨੂੰ ਬਿਹਤਰ ਤੇ ਸੁਰੱਖਿਅਤ ਵਾਤਾਵਰਨ ਵਿਚ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।ਸੇਵਾ ਕੇਂਦਰਾਂ ਵੱਲੋਂ ਸਪੀਡ ਪੋਸਟ ਅਤੇ ਕੋਰੀਅਰ ਸੇਵਾ ਰਾਹੀਂ ਨਾਗਰਿਕਾਂ ਨੂੰ ਉਨ੍ਹਾਂ ਦੇ ਦਸਤਾਵੇਜ਼ ਘਰ ਬੈਠਿਆਂ ਹੀ ਪਹੰੁਚਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ।