ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿੱਲੀ ਟਿੱਕਰੀ ਬਾਰਡਰ ’ਤੇ ਤੇਜ਼ ਰਫ਼ਤਾਰ ਟਿੱਪਰ ਵੱਲੋਂ ਕੁਚਲੇ ਜਾਣ ਕਾਰਨ ਕਿਸਾਨੀ ਸੰਘਰਸ਼ ’ਚ ਬੈਠੀਆਂ ਤਿੰਨ ਔਰਤਾਂ ਦੀ ਮੌਤ ਅਤੇ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਵਾਪਰੀ ਘਟਨਾ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਞਸ ਬਿਆਨ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਆਪਣੀਆਂ ਹੱਕੀ ਮੰਗਾਂ ਖ਼ਾਤਰ ਲੰਮੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹਨ, ਪਰ ਕੇਂਦਰ ਸਰਕਾਰ ਆਪਣੀ ਅੜੀ ਕਾਰਨ ਕਿਸਾਨੀ ਮਸਲਿਆਂ ਦਾ ਹੱਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਵਿਚ ਹੁਣ ਤੱਕ ਸੈਂਕੜੇ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਿਨ੍ਹਾਂ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਵਾਪਰੀ ਘਟਨਾ ਅਤਿ ਦੁਖਦਾਈ ਹੈ, ਜਿਸ ਵਿਚ ਤਿੰਨ ਕਿਸਾਨ ਔਰਤਾਂ ਦੀ ਮੌਤ ਹੋਈ ਹੈ ਅਤੇ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੇਸ਼ ਦੇ ਬਾਸ਼ਿੰਦੇ ਆਪਣੇ ਕੰਮ-ਕਾਜ ਛੱਡ ਕੇ ਸੜਕਾਂ ’ਤੇ ਕਿਉਂ ਬੈਠੇ ਹਨ, ਜਿਨ੍ਹਾਂ ਦੇ ਮਸਲੇ ਹੱਲ ਕਰਨਾ ਕੇਂਦਰ ਸਰਕਾਰ ਦਾ ਫ਼ਰਜ਼ ਹੈ।ਬੀਬੀ ਜਗੀਰ ਕੌਰ ਨੇ ਚਲਾਣਾ ਕਰ ਗਈਆਂ ਬੀਬੀਆਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਲੇਖ ਰਚਨਾ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ …