Saturday, July 27, 2024

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 330 ਸਾਲ ਪੁਰਾਤਨ ਹੱਥ-ਲਿਖਤ ਖਰੜਿਆਂ `ਚ ਚਿਤਰਕਲਾ ਪ੍ਰਦਰਸ਼ਨੀ ਦਾ ਉਦਘਾਟਨ

ਨੌਜੁਆਨ ਪੀੜ੍ਹੀ ਨੂੰ ਵਿਰਾਸਤ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ – ਬਾਬਾ ਸੇਵਾ ਸਿੰਘ

ਅੰਮ੍ਰਿਤਸਰ, 1 ਸਤੰਬਰ (ਖੁਰਮਣੀਆਂ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 418ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਵਿਸ਼ੇਸ਼ ਪ੍ਰਦਰਸ਼ਨੀ ਦਾ ਉਦਘਾਟਨ ਅੱਜ ਇਥੇ ਗੁਰੂ ਗ੍ਰੰਥ ਸਾਹਿਬ ਭਵਨ `ਚ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਕੀਤਾ।ਇਸ ਪ੍ਰਦਰਸ਼ਨੀ ਵਿਚ 17ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਦੇ ਪ੍ਰਾਚੀਨ ਦੁਰਲਭ ਹੱਥਲਿਖਤ ਖਰੜਿਆਂ ਵਿਚ ਬੇਲ-ਬੂਟੀਆਂ ਦੇ ਰੂਪ ਵਿੱਚ ਹੋਏ ਅਦਭੁੱਤ ਕਲਾ ਦੇ ਸ਼ਾਨਦਾਰ ਤੇ ਸੁੰਦਰ ਕਾਰਜ ਨੂੰ ਤਸਵੀਰਾਂ ਰਾਹੀਂ ਪ੍ਰਦਰਸ਼ਿਤ ਕੀਤੇ ਗਏ ਹਨ।ਉਦਘਾਟਨੀ ਸਮਾਗਮ ਵਿਚ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਤੋਂ ਅਧਿਆਪਕ ਅਤੇ ਹੋਰ ਪਤਵੰਤੇ ਹਾਜ਼ਰ ਹੋਏ। ਇਹ ਪ੍ਰਦਰਸ਼ਨੀ ਕੱਲ੍ਹ 2 ਸਤੰਬਰ ਤਕ ਚੱਲੇਗੀ।
ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ। ਕੇਂਦਰ ਦੇ ਡਾਇਰੈਕਟਰ ਪ੍ਰੋ. (ਡਾ.) ਅਮਰਜੀਤ ਸਿੰਘ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਿਆ ਅਤੇ ਪ੍ਰਦਰਸ਼ਨੀ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ।
ਬਾਬਾ ਸੇਵਾ ਸਿੰਘ ਨੇ ਕਿਹਾ ਕਿ ਸਾਡੀ ਵਿਰਾਸਤ ਬਹੁਤ ਅਮੀਰ ਹੈ ਅਤੇ ਇਸ ਦੀ ਸੰਭਾਲ ਕਰਨੀ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈ।ਉਨ੍ਹਾਂ ਕਿਹਾ ਕਿ ਸਾਡੀ ਨੌਜੁਆਨ ਪੀੜ੍ਹੀ ਨੂੰ ਸਾਡੀ ਵਿਰਾਸਤ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਅਜਿਹੀਆਂ ਪ੍ਰਦਰਸ਼ਨੀਆਂ ਵਿਚ ਪ੍ਰਾਪਤ ਹੋਣ ਵਾਲੀ ਜਾਣਕਾਰੀ ਬਹੁਤ ਸਾਰਥਕ ਸਿੱਧ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਾਚੀਨ ਹੱਥ-ਲਿਖਤ ਵੱਖ ਵੱਖ ਬੀੜਾਂ ਉਤੇ ਕੀਤੇ ਕਲਾ ਦੇ ਦਰਸ਼ਨ ਕਰਕੇ ਮਨ ਬਹੁਤ ਖੁਸ਼ ਹੋਇਆ ਹੈ ਅਤੇ ਇਨ੍ਹਾਂ ਉਪਰ ਅੰਕਿਤ ਕ੍ਰਿਤੀਆਂ, ਵੇਲਾਂ, ਬੂਟੀਆਂ ਅਤੇ ਹੋਰ ਸਿਰਜਣਾਤਮਕਤਾ ਉਤਮ ਕਲਾ ਦਾ ਨਮੂਨਾ ਹਨ।
ਪ੍ਰੋ. ਬਹਿਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਨ੍ਹਾਂ ਪੁਰਾਤਨ ਬੀੜਾਂ ਉਪਰ ਚਿਤਰੇ ਹੋਏ ਕਲਾ ਰੂਪਾਂ ਤੋਂ ਪਤਾ ਲੱਗਦਾ ਹੈ ਕਿ ਪੁਰਾਤਨ ਸਿੱਖਾਂ ਦਾ ਅਧਿਆਮਿਕਤਾ ਦੇ ਨਾਲ ਨਾਲ ਕਲਾ, ਇਤਿਹਾਸ ਅਤੇ ਜ਼ਿੰਦਗੀ ਦੀਆਂ ਹੋਰ ਦਿਸ਼ਾਵਾਂ ਵੱਲ ਵੀ ਪੂਰਾ ਧਿਆਨ ਸੀ।ਉਨ੍ਹਾਂ ਕਿਹਾ ਕਿ ਅੱਜ ਦੀ ਪ੍ਰਦਰਸ਼ਨੀ ਇਸ ਦਿਸ਼ਾ ਵੱਲ ਇਕ ਅਹਿਮ ਕਦਮ ਹੈ ਕਿ ਪੁਰਾਤਨ ਸਿੱਖ ਕਲਾ ਉਪਰ ਹੋਰ ਖੋਜ਼ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਅਕਾਦਮਿਕਤਾ ਤੇ ਖੋਜ ਦੇ ਹੋਰ ਅਨੁਸ਼ਾਸਨਾਂ ਵਿਚ ਪੁੱਟੇ ਗਏ ਉਸਾਰੂ ਕਦਮਾਂ ਦਾ ਪਹਿਲਾ ਮਕਸਦ ਵਿਦਿਆਰਥੀਆਂ ਨੂੰ ਲਾਭ ਪੁਚਾਉਣਾ ਹੰੁਦਾ ਹੈ।ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਸਾਂਝੇ ਅਧਿਆਤਮਿਕ ਗਿਆਨ ਦੇ ਰਹਿਬਰ ਹਨ ਅਤੇ ਇਸ ਦੀ ਤਿਆਰੀ, ਸੰਪਾਦਨਾ, ਸੰਪੂਰਨਤਾ, ਗੁਰਿਆਈ ਪਦਵੀ ਗ੍ਰਹਿਣ ਕਰਨ ਦਾ ਇਕ ਪ੍ਰਮਾਣੀਕ ਤੇ ਨਿਵੇਕਲਾ ਇਤਿਹਾਸ ਵੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਨਾ ਦਾ ਮੁੱਢ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ‘ਧੁਰ ਕੀ ਬਾਣੀ’ ਦੇ ਪ੍ਰਗਟ ਹੋਣ ਨਾਲ ਬੱਝਿਆ ਹੈ ਅਤੇ ਇਤਿਹਾਸ ਵਿਚ ਵੱਖ-ਵੱਖ ਪੜਾਅ ਤਹਿ ਕਰਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1708 ਈ: ਵਿਚ ਆਦਿ ਸ੍ਰੀ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਨਾਲ ਮੁਕੰਮਲ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਇਕ ਲੰਬੀ ਪਰੰਪਰਾ ਮਿਲਦੀ ਹੈ ਜਿਸ ਦੀ ਸ਼ੁਰੂਆਤ 1604 ਈ. ਵਿਚ ਸੰਕਲਨ ਹੋਏ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਪਹਿਲੇ ਸਰੂਪ ਤੋਂ ਬਾਅਦ ਭਾਵ 17ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਹੋ ਗਈ ਸੀ। ਬੀੜਾਂ ਲਿਖਣ ਦੇ ਇਤਿਹਾਸ ਤੋਂ ਗੁਰਮੁਖੀ ਲਿਪੀ ਦੀ ਲਿਖਤ ਦੇ ਵੱਖ-ਵੱਖ ਸਮਿਆਂ ਵਿਚ ਹੋਏ ਵਿਕਾਸ ਦੀਆਂ ਪਰਤਾਂ ਨੂੰ ਸਮਝਣ ਵਿਚ ਵੀ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਗੁਰਬਾਣੀ ਨੂੰ ਲਿਖਣ ਸਮੇਂ ਵਰਤੀ ਜਾਂਦੀ ਸਾਵਧਾਨੀ ਤੇ ਸ਼ਰਧਾ ਦਾ ਆਪਣਾ ਇੱਕ ਵੱਖਰਾ ਰੌਚਕ ਇਤਿਹਾਸ ਹੈ।
ਉਨ੍ਹਾਂ ਦੱਸਿਆ ਕਿ ਬੀੜਾਂ ਲਿਖਣ ਦੇ ਇਤਿਹਾਸ ਵਿਚ ਉਹ ਸੁਨਹਿਰੀ ਦੌਰ ਵੀ ਆਇਆ ਜਦੋਂ ਇਹਨਾਂ ਹੱਥ-ਲਿਖਤ ਬੀੜਾਂ ਵਿਚ ਬਹੁਤ ਹੀ ਸੁੰਦਰ ਕਲਾਕਾਰੀ ਕੀਤੀ ਜਾਣ ਲੱਗੀ। ਬੀੜ ਲਿਖਣ ਸਮੇਂ ਕਿਵੇਂ ਹਾਸ਼ੀਏ ਵਿਚ ਰੰਗਦਾਰ ਬੇਲ-ਬੂਟੀਆਂ ਤੇ ਹੋਰ ਅਨੇਕਾਂ ਕਿਸਮਾਂ ਦੇ ਅਕਾਰ ਜਿਵੇਂ ਆਇਤਾਕਾਰ, ਵਰਗਾਕਾਰ, ਅਸਟਭੁਜੀ, ਚੱਕਰ, ਗੁਬੰਦਨੁਮਾ ਚਿਤਰਕਾਰੀ ਆਦਿ ਕਲਾ ਦੇ ਰੂਪਾਂ ਨੂੰ ਚਿਤਰਿਆ ਗਿਆ ਹੈ, ਉਸ ਬਾਰੇ ਅਜੇ ਤੱਕ ਬਹੁਤ ਘੱਟ ਚਰਚਾ ਹੋਈ ਹੈ।ਹੱਥ-ਲਿਖਤ ਬੀੜਾਂ ਤੱਕ ਪਹੁੰਚ ਬਹੁਤ ਔਖਾ ਤੇ ਕਠਿਨ ਕਾਰਜ਼ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਪੁਰਾਤਨ ਹੱਥ-ਲਿਖਤ ਬੀੜਾਂ ਦੀ ਸੰਭਾਲ ਕਰਨ ਲਈ ਇਹਨਾਂ ਨੂੰ ਡਿਜ਼ੀਟਲਾਇਜ਼ਡ ਕਰਨ ਦੇ ਪ੍ਰੋਜੈਕਟ ਅਧੀਨ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ, ਬਿਹਾਰ, ਨੇਪਾਲ, ਰਾਜਸਥਾਨ, ਮੱਧ-ਪ੍ਰਦੇਸ਼, ਮਹਾਰਾਸ਼ਟਰਾ ਆਦਿ ਸੂਬਿਆਂ ‘ਚ ਪਹੁੰਚ ਕਰਕੇ ਬਹੁਤ ਸਾਰੇ ਹੱਥ ਲਿਖਤ ਖਰੜਿਆਂ ਨੂੰ ਡਿਜ਼ੀਟਲਾਇਜ਼ਡ ਕੀਤਾ ਗਿਆ ਹੈ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …