ਸੰਘਰਸ਼ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਫਰੰਟ ਵਿੱਢੇਗਾ ਤਿੱਖਾ ਸੰਘਰਸ਼ – ਹਰਮਨਦੀਪ ਮੰਡ
ਸਮਰਾਲਾ, 27 ਸਤੰਬਰ (ਇੰਦਰਜੀਤ ਸਿੰਘ ਕੰਗ) – ਬੀ. ਐੱਡ ਅਧਿਆਪਕ ਫਰੰਟ ਸਮਰਾਲਾ ਦੀ ਮੀਟਿੰਗ ਫਰੰਟ ਪ੍ਰਧਾਨ ਹਰਮਨਦੀਪ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਅੰਜ਼ਾਮ ਤੱਕ ਪਹੁੰਚਾਉਣ ਲਈ ਰੂਪ ਰੇਖਾ ਉਲੀਕੀ ਗਈ।ਪੰਜਾਬ ਸਰਕਾਰ ਵਲੋਂ ਕੱਚਿਆਂ ਤੋਂ ਪੱਕੇ ਕੀਤੇ ਜਾ ਰਹੇ ਮੁਲਾਜਮਾਂ ਵਿਚੋਂ ਸਭ ਤੋਂ ਘੱਟ 6000 ਰੁਪਏ ਪ੍ਰਤੀ ਮਹੀਨਾ ਤਨਖਾਹ ‘ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਈ.ਜੀ.ਐਸ, ਏ.ਆਈ.ਈ ਅਤੇ ਐਸ.ਟੀ.ਆਰ ਵਲੰਟੀਅਰਾਂ ਨੂੰ ਪੱਕੇ ਕਰਨ ਤੋਂ ਸਰਕਾਰ ਮੁਕਰ ਗਈ ਹੈ।ਮੀਟਿੰਗ ਦੌਰਾਨ ਜਥੇਬੰਦੀ ਵਲੋਂ ਕੱਚੇ ਮੁਲਾਜਮਾਂ ਦੇ ਸੰਘਰਸ਼ ਵਿੱਚ ਮੌਢੇ ਨਾਲ ਮੌਢਾ ਜੋੜ ਕੇ ਖੜਣ ਦਾ ਵੀ ਵਚਨ ਵੀ ਦਿੱਤਾ ਗਿਆ।