Sunday, December 22, 2024

ਮੁੰਬਈ ਵਿਖੇ ਜਥੇਦਾਰ ਕੁਲਵੰਤ ਸਿੰਘ ਸਿੱਧੂ ਦੀ ਯਾਦ ‘ਚ ਜੌਗਰਜ਼ ਪਾਰਕ ਦਾ ਉਦਘਾਟਨ

ਮੁੰਬਈ ਦੀ ਤਰੱਕੀ ’ਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਮਿਲੀ ਮਾਨਤਾ – ਗਿ. ਹਰਨਾਮ ਸਿੰਘ ਖ਼ਾਲਸਾ

ਮੁੰਬਈ / ਚੌਕ ਮਹਿਤਾ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਨਵੀਂ ਮੁੰਬਈ ਗੁਰੂਘਰ ਦੇ ਅਨਿਨ ਸੇਵਕ ਅਤੇ ਸਫਲ ਕਾਰੋਬਾਰੀ ਸਵ. ਜਥੇਦਾਰ ਕੁਲਵੰਤ ਸਿੰਘ ਸਿੱਧੂ ਦੀ ਯਾਦ ਵਿੱਚ ਸੀ.ਬੀ.ਡੀ ਬੇਲਾਪੁਰ ਵਿਖੇ ਉਨ੍ਹਾਂ ਦੇ ਨਾਮ ’ਤੇ ਸਥਾਪਿਤ ਜੌਗਰਜ਼ ਪਾਰਕ ਦਾ ਉਦਘਾਟਨ ਕੀਤਾ ਗਿਆ।
ਇਸ ਤੋਂ ਪਹਿਲਾਂ ਇੱਥੋਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।ਦਮਦਮੀ ਟਕਸਾਲ ਦੇ ਮੁਖੀ ਨੇ ਸ਼੍ਰੀ ਮੁਖਵਾਕ ਦੀ ਕਥਾ ਵੀਚਾਰ ਦੌਰਾਨ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਸਿੱਧੂ ਦੇ ਪਿਤਾ ਜਥੇਦਾਰ ਕੁਲਵੰਤ ਸਿੰਘ ਸਿੱਧੂ ਵਲੋਂ ਗੁਰੂਘਰ ਅਤੇ ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਥੇਦਾਰ ਸਿੱਧੂ ਨੇ ਆਪਣਾ ਸਾਰਾ ਜੀਵਨ ਗੁਰਮਤਿ ਅਤੇ ਗੁਰਸਿੱਖੀ ਨੂੰ ਸਮਰਪਿਤ ਕੀਤਾ ਹੋਇਆ ਸੀ।ਉਨ੍ਹਾਂ ਪਾਰਕ ਨੂੰ ਮੁੰਬਈ ਦੇ ਸਿੱਖ ਭਾਈਚਾਰੇ ਲਈ ਇਕ ਵੱਡੀ ਪ੍ਰਾਪਤੀ ਠਹਿਰਾਉਂਦਿਆਂ ਦੱਸਿਆ ਕਿ ਜਥੇਦਾਰ ਕੁਲਵੰਤ ਸਿੰਘ ਸਿੱਧੂ ਦੇ ਨਾਮ ’ਤੇ ਬਣਾਇਆ ਗਿਆ ਪਾਰਕ ਕਿਸੇ ਸਿੱੱਖ ਦੇ ਨਾਮ ’ਤੇ ਮੁੰਬਈ ਵਿਚ ਬਣਾਇਆ ਗਿਆ ਪਹਿਲਾ ਸਰਕਾਰੀ ਪਾਰਕ ਹੈ।ਸਰਕਾਰ ਨੇ ਇਸ ਰਾਹੀਂ ਮੁੰਬਈ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ।ਦਮਦਮੀ ਟਕਸਾਲ ਦੇ ਮੁਖੀ ਨੇ ਸੰਗਤ ਨੂੰ ਵਧਾਈ ਦਿੱਤੀ ਅਤੇ ਸਰਕਾਰ ਦਾ ਧੰਨਵਾਦ ਕੀਤਾ।ਉਨ੍ਹਾਂ ਜਥੇਦਾਰ ਸਿੱਧੂ ਦੇ ਹੋਣਹਾਰ ਫ਼ਰਜ਼ੰਦ ਅਤੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਸਿੱਧੂ ਦੀਆਂ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ।ਗੁਰਮਤਿ ਸਮਾਗਮ ਦੌਰਾਨ ਪੰਥ ਦੇ ਉੱਘੇ ਕਥਾ ਵਾਚਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਵੀ ਗੁਰਬਾਣੀ ਜੱਸ ਰਾਹੀਂ ਸੰਗਤ ਨੂੰ ਨਿਹਾਲ ਕਰਦਿਆਂ ਗੁਰੂਘਰ ਨਾਲ ਜੋੜਿਆ।
ਇਸ ਮੌਕੇ ਸੰਤ ਬਾਬਾ ਕੋਹਲਾ ਸਿੰਘ, ਸੰਤ ਬਾਬਾ ਮਨਮੋਹਨ ਸਿੰਘ, ਕੁੰਦਨ ਸਿੰਘ, ਗਿਆਨ ਸਿੰਘ, ਅਮਰਪਾਲ ਸਿੰਘ, ਚਰਨਦੀਪ ਸਿੰਘ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ, ਮੇਹਰ ਸਿੰਘ ਰੰਧਾਵਾ, ਅਮਰਜੀਤ ਸਿੰਘ ਸੈਣੀ, ਅਮਰੀਕ ਸਿੰਘ ਸਹਿੰਸ, ਦਲੇਰ ਸਿੰਘ ਅਜਮਾਨੀ, ਪਰਮਜੀਤ ਸਿੰਘ ਬੱਲ, ਹਰਪ੍ਰੀਤ ਸਿੰਘ ਪੱਲਾ, ਸਤਨਾਮ ਸਿੰਘ ਬਾਜਵਾ ਅਤੇ ਸੁਖਵਿੰਦਰ ਸਿੰਘ ਸੰਧੂ ਵੀ ਮਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …