ਯੁਵਕ ਮੇਲੇ ਦੀ ਓਵਰਆਲ ਟਰਾਫੀ ‘ਤੇ ਸਰਕਾਰੀ ਰਣਬੀਰ ਕਾਲਜ ਕਾਬਜ਼
ਸੰਗਰੂਰ, 1 ਨਵੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦਾ ਕਰਵਾਇਆ ਜਾ ਰਿਹਾ ਚਾਰ ਰੋਜ਼ਾ ਯੁਵਕ ਮੇਲਾ ਅਮਿੱਟ ਪੈੜਾਂ ਛੱਡਦਾ ਸਮਾਪਤ ਹੋ ਗਿਆ।ਯੁਵਕ ਮੇਲੇ ਦਾ ਚੌਥਾ ਤੇ ਅਖੀਰਲਾ ਦਿਨ ਗਿੱਧਾ, ਰਵਾਇਤੀ ਲੋਕ ਗੀਤ, ਕਲੀ ਗਾਇਣ, ਵਾਰ ਗਾਇਨ, ਕਵੀਸ਼ਰੀ, ਕਲਾਸੀਕਲ ਡਾਂਸ ਆਦਿ ਦੇ ਨਾਮ ਰਿਹਾ।
ਯੁਵਕ ਮੇਲੇ ਦੇ ਆਖਰੀ ਦਿਨ ਸ੍ਰੀਮਤੀ ਮਨਪ੍ਰੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਪਹੁੰਚੇ।ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਜਸਬੀਰ ਸਿੰਘ ਜੱਸੀ ਸੇਖੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਯੁਵਕ ਮੇਲੇ ਜਿਥੇ ਨੌਜਵਾਨਾਂ ਦੇ ਮਨਾਂ ਨੂੰ ਤਰੋ-ਤਾਜ਼ਾ ਕਰਦੇ ਹਨ, ਉਥੇ ਹੀ ਵਿਦਿਆਰਥੀਆਂ ਅੰਦਰ ਛੁਪੇ ਹੁਨਰ ਨੂੰ ਵੀ ਵਿਕਸਤ ਕਰਦੇ ਹਨ।
ਕਾਲਜ ਪ੍ਰਿੰਸੀਪਲ ਪ੍ਰੋਫੈਸਰ ਸੁਖਬੀਰ ਸਿੰਘ ਵਲੋਂ ਯੁਵਕ ਮੇਲੇ ਦੇ ਅਖੀਰਲੇ ਦਿਨ ਪਹੁੰਚੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹੋਰ ਪਤਵੰਤਿਆਂ ਸੱਜਣਾਂ ਨੂੰ ‘ਜੀ ਆਇਆ’ ਆਖਿਆ ਅਤੇ ਯੁਵਕ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਸਮੂਹ ਸਟਾਫ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਵੀ ਕੀਤਾ ਗਿਆ।
ਕਾਲਜ ਦੇ ਯਥੂ ਕੋਆਰਡੀਨੇਟਰ ਡਾ. ਹਰਦੀਪ ਸਿੰਘ ਨੇ ਕਿਹਾ ਕਿ ਮੇਲੇ ਦੇ ਤੀਸਰੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਵਿਦਿਆਰਥੀਆਂ ਨੇ ਇਕਾਂਗੀ ਨਾਟਕ ਅਤੇ ਲੋਕ ਸਾਜ਼ ਵਿੱਚ ਪਹਿਲਾ ਸਥਾਨ, ਮਿਮਿਕਰੀ ਅਤੇ ਫੋਕ ਆਰਕੈਸਟਰਾ ਵਿੱਚ ਦੂਸਰਾ ਸਥਾਨ ਅਤੇ ਵਾਦ-ਵਿਵਾਦ ਵਿੱਚ ਤੀਸਰਾ ਸਥਾਨ ਹਾਸਲ ਕੀਤਾ।ਉਨ੍ਹਾਂ ਦੱਸਿਆ ਕਿ ਕਾਲਜ ਨੇ ਯੁਵਕ ਮੇਲੇ ਦੀ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ।
ਇਸ ਮੌਕੇ ਜਸਵੀਰ ਕੌਰ ਸ਼ੇਰਗਿੱਲ ਤੇ ਦੀਪਕ ਜ਼ਿੰਦਲ ਵੀ ਮੌਜ਼ੂਦ ਸਨ।