Thursday, January 23, 2025

ਪੰਜਾਬ ਸਰਕਾਰ ਚਾਇਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ‘ਤੇ ਦਰਜ਼ ਕਰੇਗੀ ਪਰਚੇ -ਕੈਬਨਿਟ ਮੰਤਰੀ ਮੀਤ ਹੇਅਰ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਚਾਇਨਾ ਡੋਰ ਨਾਲ ਹਰ ਸਾਲ ਕਈ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ ਅਤੇ ਪਸ਼ੂ ਪੰਛੀਆਂ ਨੂੰ ਵੀ ਇਸ ਤੋਂ ਕਾਫੀ ਖਤਰਾ ਹੁੰਦਾ ਹੈ।ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੇਗੀ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਗੁਰਮੀਤ ਸਿੰਘ ਮੀਤ ਹੇਅਰ ਸਾਇੰਸ ਟੈਕਨਾਲੋਜੀ ਅਤੇ ਵਾਤਾਵਰਣ ਮੰਤਰੀ ਪੰਜਾਬ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।
ਮੀਤ ਹੇਅਰ ਨੇ ਦੱਸਿਆ ਕਿ ਚਾਇਨਾ ਡੋਰ ਨਾਲ ਪਤੰਗ ਉਡਾਉਣ ਨਾਲ ਜਿਥੇ ਪਸ਼ੂ, ਪੰਛੀਆਂ ਨੂੰ ਖਤਰਾ ਹੁੰਦਾ ਹੈ ਉਥੇ ਸੜਕੀ ਆਵਾਜਾਈ ਦੌਰਾਨ ਲੋਕ ਵੀ ਇਸ ਦੀ ਗਿ੍ਰਫਤ ਵਿੱਚ ਆਉਂਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਕੂਲੀ ਪੱਧਰ ’ਤੇ ਬੱਚਿਆਂ ਨੂੰ ਚਾਇਨਾ ਡੋਰ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਜਾਵੇ। ਕੈਬਨਿਟ ਮੰਤਰੀ ਹੇਅਰ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਚਾਇਨਾ ਡੋਰ ਦਾ ਸਟਾਕ ਇਕੱਠਾ ਕਰਨ ਵਾਲਿਆਂ ਵਿਰੁੱਧ ਤੇਜ਼ੀ ਨਾਲ ਚੈਕਿੰਗ ਅਭਿਆਨ ਚਲਾਉਣ ਅਤੇ ਜਿੰਨੀ ਵੀ ਚਾਇਨਾ ਡੋਰ ਜ਼ਬਤ ਕੀਤੀ ਜਾਂਦੀ ਹੈ ਉਸ ਨੂੰ ਪ੍ਰਦੂਸ਼ਣ ਵਿਭਾਗ ਦੀ ਦੇਖ-ਰੇਖ ਹੇਠ ਨਸ਼ਟ ਕੀਤਾ ਜਾਵੇ ਅਤੇ ਇਸ ਦੀ ਵੀਡੀਓਗ੍ਰਾਫੀ ਵੀ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਚਾਇਨਾ ਡੋਰ ਦਾ ਸਟਾਕ ਇਕੱਠਾ ਕਰਨ, ਵੇਚਣ ਅਤੇ ਖਰੀਦਣ ਵਾਲਿਆਂ ਵਿਰੁੱਧ ਪਰਚੇ ਵੀ ਦਰਜ਼ ਕੀਤੀੇ ਜਾਣਗੇ।
ਇਸ ਮੌਕੇ ਪ੍ਰਦੂਸ਼ਣ ਬੋਰਡ ਚੀਫ ਇੰਜ: ਜੀ:ਐਸ: ਮਜੀਠੀਆ ਨੇ ਦੱਸਿਆ ਕਿ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਪੰਜਾਬ ਵੱਲੋਂ ਰਾਜ ਭਰ ਦੇ ਐਗਜੈਕਟਿਵ ਮੈਜਿਸਟਰੇਟਾਂ, ਜੀਵ ਵਿਭਾਗ ਦੇ ਇੰਸਪੈਕਟਰਾਂ, ਜੰਗਲਾਤ ਵਿਭਾਗ ਦੇ ਅਧਿਕਾਰੀਆਂ, ਪੰਜਾਬ ਪੁਲਿਸ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ, ਨਗਰ ਕੌਂਸਲਾਂ ਦੇ ਸਾਰੇ ਅਧਿਕਾਰੀ ਅਤੇ ਸਹਾਇਕ ਵਾਤਾਵਰਣ ਇੰਜੀਨੀਅਰਾਂ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚਾਇਨਾ ਡੋਰ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰ ਸਕਦੇ ਹਨ।
ਇਸ ਮੀਟਿੰਗ ਵਿੱਚ ਡਾ: ਅਜੈ ਗੁਪਤਾ, ਡਾ: ਜਸਬੀਰ ਸਿੰਘ, ਸ੍ਰੀਮਤੀ ਜੀਵਨਜੋਤ ਕੌਰ (ਤਿੰਨੋ ਵਿਧਾਇਕ), ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਡੀ:ਸੀ:ਪੀ ਪੀ:ਐਸ ਭੰਡਾਲ, ਐਕਸੀਅਨ ਪ੍ਰਦੂਸ਼ਣ ਬੋਰਡ ਹਰਪਾਲ ਸਿੰਘ, ਐਸ:ਡੀ:ਓ ਅਮਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …