Saturday, December 21, 2024

ਪੰਜਾਬ ਸਪੋਰਟਸ ਯੂਨੀਵਰਸਿਟੀ ਦਾ 6 ਰੋਜ਼ਾ ‘ਅੰਤਰ-ਯੂਨੀਵਰਸਿਟੀ ਨਾਰਥ ਜ਼ੋਨ ਮਹਿਲਾ ਹਾਕੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼

ਖ਼ਾਲਸਾ ਕਾਲਜ ਫ਼ਿਜ਼ੀਕਲ ਐਜ਼ੂਕੇਸ਼ਨ ਵਲੋਂ ਆਯੋਜਿਤ ਟੂਰਨਾਮੈਂਟ ’ਚ 28 ਟੀਮਾਂ ਲੈ ਰਹੀਆਂ ਭਾਗ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਨੂੰ ਜ਼ਰੂਰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਖੇਡਾਂ ਜਿਥੇ ਸਰੀਰਿਕ ਤੰਦਰੁਸਤੀ ਲਈ ਲਾਹੇਵੰਦ ਹੁੰਦੀਆਂ ਹਨ, ਉਥੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਵੀ ਸਹਾਈ ਸਿੱਧ ਹੁੰਦੀਆਂ ਹਨ।ਇਸ ਲਈ ਹਰੇਕ ਬੱਚੇ ਨੂੰ ਖੇਡਾਂ ਜਾਂ ਫ਼ਿਰ ਹੋਰ ਗਤੀਵਿਧੀਆਂ ਨੂੰ ਆਪਣੇ ਵਿੱਦਿਅਕ ਕਾਲ ਸਮੇਂ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਲੈਣਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਖ਼ਾਲਸਾ ਕਾਲਜ ਦੇ ਮੈਦਾਨ ਵਿਖੇ ਖ਼ਾਲਸਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਲੋਂ ਮਹਾਰਾਜਾ ਭੁਪੇਂਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ‘6 ਰੋਜ਼ਾ ਅੰਤਰ-ਯੂਨੀਵਰਸਿਟੀ ਨਾਰਥ ਜ਼ੋਨ ਮਹਿਲਾ ਹਾਕੀ ਟੂਰਨਾਮੈਂਟ’ ਦਾ ਉਦਘਾਟਨ ਕਰਨ ਮੌਕੇ ਉਪ ਕੁਲਪਤੀ ਲੈਫ਼. ਜਨਰਲ ਜੇ.ਐਸ ਚੀਮਾ ਨੇ ਕੀਤਾ।ਇਸ ਟੂਰਨਾਮੈਂਟ ’ਚ ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਦੀਆਂ ਕਰੀਬ 28 ਟੀਮਾਂ ਭਾਗ ਲੈ ਰਹੀਆਂ ਹਨ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਉਪ ਕੁਲਪੰਤੀ ਡਾ. ਚੀਮਾ ਦੀ ਹਾਕੀ ਦੀਆਂ ਟੀਮਾਂ ਨਾਲ ਜਾਣ ਪਛਾਣ ਕਰਵਾਈ।ਡਾ. ਚੀਮਾ ਨੇ ਕਾਲਜ ਵਿਖੇ ਟੂਰਨਾਮੈਂਟ ਦੇ ਅਗਾਜ਼ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਪਹਿਲੀ ਚੈਂਪੀਅਨਸ਼ਿਪ ਹੈ, ਜਿਹੜੀ ਕਿ ਇੰਟਰ ਯੂਨੀਵਰਸਿਟੀ ਪੱਧਰ ’ਤੇ ਕਰਵਾਈ ਜਾ ਰਹੀ ਹੈ, ਜਿਸ ਦਾ ਫ਼ਾਈਨਲ ਮੈਚ 24 ਦਸੰਬਰ ਨੂੰ ਖੇਡਿਆ ਜਾਵੇਗਾ।
ਡਾ. ਕੰਵਲਜੀਤ ਸਿੰਘ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਕਤ ਯੂਨੀਵਰਸਿਟੀ ਦਾ ਪਹਿਲਾਂ ਇੰਟਰ ਟੂਰਨਾਮੈਂਟ ਕਰਵਾਉਣ ਦਾ ਸੁਭਾਗ ਕਾਲਜ਼ ਨੂੰ ਪ੍ਰਾਪਤ ਹੋਇਆ ਹੈ ਅਤੇ ਇਸ ਮੁਕਾਬਲੇ ’ਚ ਜੰਮੂ, ਕਸ਼ਮੀਰ, ਸ਼ਿਮਲਾ, ਅਲੀਗੜ੍ਹ, ਕੁਰੂਕੇਸ਼ਤਰ, ਸਹਾਰਨਪੁਰ, ਅਯੁਧਿਆ, ਨੈਨੀਤਾਲ, ਸਿਰਸਾ, ਲੁਧਿਆਣਾ ਹਿਸਾਰ, ਚੰਡੀਗੜ੍ਹ, ਮੇਰਠ, ਬਰੇਲੀ, ਰੋਹਤਕ, ਭਿਵਾਨੀ ਆਦਿ ਸਮੇਤ ਕਰੀਬ 28 ਟੀਮਾਂ ਹਾਕੀ ਦਾ ਪ੍ਰਦਰਸ਼ਨ ਕਰਨਗੀਆਂ।ਉਨ੍ਹਾਂ ਕਿਹਾ ਕਿ ਅੱਜ ਪਹਿਲੇ ਦਿਨ ਦਾ ਮੈਚ ਦੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਅਤੇ ਕਮਾਊ ਯੂਨੀਵਰਸਿਟੀ, ਨੈਨੀਤਾਲ ਦਰਮਿਆਨ ਖੇਡਿਆ ਗਿਆ।ਜਿਸ ਵਿਚ 20-0 ਦੇ ਫ਼ਰਕ ਨਾਲ ਸਪੋਰਟਸ ਯੂਨੀਵਰਸਿਟੀ ਜੇਤੂ ਰਹੀ।ਉਨ੍ਹਾਂ ਕਿਹਾ ਕਿ ਪਹਿਲੇ ਦਿਨ ਕੁਲ 9 ਮੈਚ ਖੇਡੇ ਗਏ।ਇਸ ਟੂਰਨਾਮੈਂਟ ਦੌਰਾਨ ਗੌਰਮਿੰਟ ਸਪੋਰਟਸ ਕਾਲਜ ਜਲੰਧਰ ਪ੍ਰਿੰਸੀਪਲ ਡਾ. ਰਾਜਬੀਰ ਸਿੰਘ, ਡਾਇਰੈਕਟਰ ਸਪੋਰਟਸ ਐਂਡ ਕੰਟਰੋਲਰ ਐਗਜੈਮੀਨੇਸ਼ਨ ਪ੍ਰੋ. ਅਭੀਨਵ ਵਾਲੀਆ ਅਤੇ ਅਸਿਸਟੈਂਟ ਡਾਇਰੈਕਟਰ ਸਪੋਰਟਸ ਡਾ. ਸਨੇਹ ਲਤਾ (ਮਹਾਰਾਜਾ ਭੁਪੇਂਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ), ਦ੍ਰੋਣਾਚਾਰੀਆ ਐਵਾਰਡ ਜੇਤੂ ਰਾਸ਼ਟਰੀ ਹਾਕੀ ਕੋਚ ਬਲਦੇਵ ਸਿੰਘ, ਜੂਨੀਅਰ ਕੋਚ ਅਮਰਜੀਤ ਤੋਂ ਇਲਾਵਾ ਹੋਰ ਸਖਸ਼ੀਅਤਾਂ ਤੇ ਵਿਦਿਆਰਥੀ ਹਾਜ਼ਰ ਸਨ।

 

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …