Thursday, February 29, 2024

ਮਾਤ ਭਾਸ਼ਾ ਦਿਵਸ ਨੂੰ ਸਮਰਪਿਤ `ਸਾਹਿਤ ਚਿਕਿਤਸਾ` ਵਿਸ਼ੇ `ਤੇ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ

ਸਾਹਿਤ ਚੌਮੁਖੀਆ ਦੀਵਾ ਜੋ ਮਾਨਵੀ ਜ਼ਹਿਨ ਤੇ ਸੋਚ ਨੂੰ ਰੌਸ਼ਨ ਕਰਦਾ ਹੈ -ਜੰਗ ਬਹਾਦੁਰ ਗੋਇਲ
ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਡਾ਼ ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ `ਸਾਹਿਤ ਚਿਕਿਤਸਾ` ਵਿਸ਼ੇ `ਤੇ ਕਰਵਾਇਆ ਗਿਆ।
ਜੰਗ ਬਹਾਦੁਰ ਗੋਇਲ (ਆਈ.ਏ.ਐਸ) ਨੇ ਮੁੱਖ ਵਕਤਾ, ਕੇਵਲ ਧਾਲੀਵਾਲ (ਸ਼੍ਰੋਮਣੀ ਨਾਟਕਕਾਰ) ਨੇ ਪ੍ਰਧਾਨ ਤੇ ਪ੍ਰੋ. ਸਰਬਜੋਤ ਸਿੰਘ ਬਹਿਲ ਡੀਨ ਅਕਾਦਮਿਕ ਮਾਮਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜੰਗ ਬਹਾਦੁਰ ਗੋਇਲ ਨੇ ਮਾਂ ਬੋਲੀ ਪ੍ਰਤੀ ਆਪਣੇ ਭਾਵ ਪੇਸ਼ ਕਰਦਿਆਂ ਕਿਹਾ ਕਿ ਬੱਚਾ ਮਾਂ-ਬੋਲੀ ਨੂੰ ਸਹਿਜ਼ ਰੂਪ ਵਿੱਚ ਗ੍ਰਹਿਣ ਕਰਦਾ ਹੈ ਅਤੇ ਆਪਣੇ ਭਾਵਾਂ ਦੀ ਸਹੀ ਤਰਜ਼਼ਮਾਨੀ ਮਾਂ-ਬੋਲੀ ਰਾਹੀਂ ਹੀ ਕਰ ਸਕਦਾ ਹੈ।ਉਹਨਾਂ ਅਨੁਸਾਰ ਸਾਹਿਤ ਚੌਮੁਖੀਆ ਦੀਵਾ ਹੈ, ਜੋ ਮਾਨਵੀ ਜ਼ਹਿਨ ਤੇ ਸੋਚ ਨੂੰ ਰੌਸ਼ਨ ਕਰਦਾ ਹੈ।ਸਾਹਿਤ ਰਾਹੀਂ ਪਾਠਕ ਇਕ ਨਵੇਂ ਸੰਸਾਰ ਵਿੱਚ ਦਾਖਲ ਹੁੰਦਾ ਹੈ, ਜਿਸ ਰਾਹੀਂ ਉਸ ਦੀ ਸ਼ਖ਼ਸੀਅਤ ਵਿੱਚ ਪਰਿਵਰਤਨ ਹੁੰਦਾ ਹੈ।
ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਭਾਸ਼ਾਵਾਂ ਦਾ ਆਪਸ ਵਿੱਚ ਵਿਰੋਧ ਨਹੀਂ ਹੁੰਦਾ, ਸਗੋਂ ਇਹ ਅੰਤਰ-ਸਬੰਧਤ ਹੁੰਦੀਆਂ ਹਨ।ਉਨ੍ਹਾਂ ਜੰਗ ਬਹਾਦੁਰ ਗੋਇਲ ਨਾਲ ਜਾਣੂ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਦੇ ਯਤਨਾਂ ਸਦਕਾ ਪੰਜਾਬੀ ਪਾਠਕ ਵਿਸ਼ਵ ਕਲਾਸਿਕੀ ਸਾਹਿਤ ਨੂੰ ਮੁਖ਼ਾਤਿਬ ਹੋਇਆ ਹੈ ਤੇ ਇਸ ਸਹਿਤ ਨੇ ਪੰਜਾਬੀ ਪਾਠਕ ਦੀ ਚੇਤਨਾ ਨੂੰ ਬੁਲੰਦ ਕੀਤਾ ਹੈ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਸਰਬਜੋਤ ਸਿੰਘ ਬਹਿਲ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਸ਼ਾ ਤੇ ਸਭਿਆਚਾਰ ਅੰਤਰ-ਸਬੰਧਤ ਵਰਤਾਰੇ ਹਨ।ਸਾਹਿਤ ਰਾਹੀਂ ਇਨ੍ਹਾਂ ਦੀ ਸਾਰਥਕ ਪੇਸ਼ਕਸ਼ ਹੁੰਦੀ ਹੈ।ਸਮਾਗਮ ਦੇ ਪ੍ਰਧਾਨਗੀ ਭਾਸ਼ਨ ਵਿੱਚ ਕੇਵਲ ਧਾਲੀਵਾਲ ਨੇ ਕਿਹਾ ਕਿ ਮਾਤ-ਭਾਸ਼ਾ ਵਿਅਕਤੀ ਦੇ ਸੰਪੂਰਨ ਜੀਵਨ ਨਾਲ ਸਬੰਧਤ ਹੁੰਦੀ ਹੈ।ਉਨ੍ਹਾਂ ਅਨੁਸਾਰ ਜਿਵੇਂ ਸਹਿਤ ਸ਼ਬਬਦਾਂ ਰਾਹੀਂ ਭਾਵਾਂ ਦੀ ਅਭੀਵਿਅਕਤੀ ਕਰਦਾ ਹੈ, ਉਵੇਂ ਹੀ ਰੰਗਮੰਚ ਅਭਿਨੈ ਦੇ ਰਾਹੀਂ ਸਰੋਤਿਆਂ ਦੇ ਦਿਲਾਂ ਨਾਲ ਸਾਂਝ ਪਾਉਂਦਾ ਹੈ।ਮਾਤ ਭਾਸ਼ਾ ਦਿਵਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਦਿਵਸ ਹਰ ਖੇਤਰ ਦੇ ਲੋਕਾਂ ਨੂੰ ਮਨਾਉਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸਮਾਗਮ ਦੇ ਕੋਆਰਡੀਨੇਟਰ ਡਾ. ਮੇਘਾ ਸਲਵਾਨ ਨੇ ਸਮਾਗਮ ਦੇ ਵਿਸ਼ੇ `ਸਾਹਿਤ ਚਿਕਿਤਸਾ` ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਹਿਤ ਮਨੁੱਖ ਨੂੰ ਵਿਕਾਰਾਂ ਤੋਂ ਮੁਕਤ ਕਰਦਾ ਹੈ।ਹਰ ਇਕ ਮਨੁੱਖ ਨੂੰ ਆਪਣੀ ਮਾਂ-ਬੋਲੀ ਨੂੰ ਪ੍ਰਮੁੱਖਤਾ ਦੇ ਚਾਹੀਦੀ ਹੈ।
ਡਾ. ਮੇਘਾ ਸਲਵਾਨ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।ਸਮਾਗਮ ਦੇ ਅੰਤ ‘ਚ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਰਸਮੀਂ ਸਵਾਗਤ ਕਰਦਿਆਂ ਕਿਹਾ ਕਿ ਮਾਂ-ਬੋਲੀ ਦੇ ਵਿਕਾਸ ਵਿੱਚ ਮਾਂ-ਪਿਓ, ਸਕੂਲ, ਸੰਸਥਾਵਾਂ ਦਾ ਯੋਗਦਾਨ ਜਰੂਰੀ ਹੈ।
ਇਸ ਮੌਕੇ ਡਾ. ਦਲਬੀਰ ਸਿੰਘ, ਸ਼ਾਮ ਸੁੰਦਰ ਦੀਪਤੀ, ਅਰਤਿੰੰਦਰ ਸੰਧੂ, ਰਾਜ ਕੁਮਾਰ ਹੰਸ, ਡਾ. ਬਿਕਰਮ ਸਿੰਘ ਘੁੰਮਣ, ਡਾ. ਹਰਿੰਦਰ ਕੌਰ, ਡਾ. ਪਵਨ ਕੁਮਾਰ, ਡਾ. ਕੰਵਲਦੀਪ ਕੌਰ, ਡਾ਼ ਕੰਵਲਜੀਤ ਕੌਰ,ਡਾ਼ ਇੰਦਰਪ੍ਰੀਤ ਕੌਰ, ਡਾ਼ ਹਰਿੰਦਰ ਸਿੰਘ, ਡਾ਼ ਗੁਰਪ੍ਰੀਤ ਸਿੰਘ, ਡਾ. ਚੰਦਨਪ੍ਰੀਤ ਸਿੰਘ, ਵਿਭਾਗ ਦੇ ਖੋਜ਼ ਤੇ ਹੋਰ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਰਹੇ।

Check Also

ਪਿੰਡਾਂ ਦੀ ਆਰਥਿਕ ਤਰੱਕੀ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਹਰਸ਼ਾਛੀਨਾ ਵਿਖੇ …