Saturday, July 27, 2024

ਕਾਵਿ-ਕਿਰਨਾਂ ਨਾਲ ਰੁਸ਼ਨਾਉਂਦਾ 9ਵਾਂ ਅੰਮ੍ਰਿਤਸਰ ਸਾਹਿਤ ਉਤਸਵ ਸਮਾਪਤ

ਨਾਦ ਪ੍ਰਗਾਸੁ ਨਾਲ ਰਾਬਤੇ ਨੇ ਮੇਰੇ ਜੀਵਨ ਨੂੰ ਟੁੰਬਿਆ – ਰਬੀ ਸ਼ੇਰਗਿੱਲ

ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਨਾਦ ਪ੍ਰਗਾਸੁ ਵੱਲੋਂ ਸ੍ਰੀ ਅੰਮ੍ਰਿਤਸਰ ਦੀ ਧਰਤੀ ‘ਤੇ ਕਰਵਾਇਆ ਜਾਣ ਵਾਲਾ ਸਾਲਾਨਾ ‘ਚੜ੍ਹਿਆ ਬਸੰਤ’ ਕਵੀ ਦਰਬਾਰ ਆਪਣੇ 15ਵੇਂ ਸੰਜੋਗ ਵੇਲੇ ਪੰਜਾਬੀ ਦੀਆਂ ਉਪ-ਭਾਸ਼ਾਵਾਂ ਡੋਗਰੀ, ਗੋਜਰੀ, ਪਹਾੜੀ ਤੋਂ ਇਲਾਵਾ ਬਾਂਗਰੂ, ਰਾਜਸਥਾਨੀ ਅਤੇ ਤੇਲਗੂ ਕਵੀਆਂ ਦੀ ਹਾਜ਼ਰੀ ਨਾਲ ਕੌਮਾਂਤਰੀ ਪੱਧਰ ਦਾ ਹੋ ਨਿੱਬੜਿਆ।ਇਸ ਨਾਲ ਨਾ ਕੇਵਲ ਸਰੋਤਿਆਂ ਨੂੰ ਪੰਜਾਬੀ ਦੀਆਂ ਭੁੱਲੀਆਂ ਉਪ-ਬੋਲੀਆਂ ਨੂੰ ਇਕੋ ਵੇਲੇ ਇਕ ਹੀ ਮੰਚ ‘ਤੇ ਸੁਣਨ ਦਾ ਮੌਕਾ ਮਿਲਿਆ, ਸਗੋਂ ਹੋਰਨਾਂ ਖੇਤਰੀ ਕਵੀਆਂ ਦੇ ਅਨੁਭਵ ਰਾਹੀਂ ਕਾਵਿ-ਪਰਵਾਜ਼ ਦੇ ਬਹੁ-ਸੁਰੀ ਮੰਡਲਾਂ ਦਾ ਹਾਲ-ਹਵਾਲ ਤੇ ਅੰਦਾਜ਼ ਵੀ ਆਪਣੇ ਅਨੁਭਵ ਦਾ ਹਿੱਸਾ ਬਣਾਉਣ ਦਾ ਮੌਕਾ ਮਿਲਿਆ।
‘ਚੜ੍ਹਿਆ ਬਸੰਤ’ ਕਵੀ ਦਰਬਾਰ ਦੀ ਸ਼ੁਰੂਆਤ ਗੁਰਸ਼ਰਨ ਸਿੰਘ ਦੁਆਰਾ ਦਿਲਰੁਬਾ ਵਾਦਨ ਨਾਲ ਹੋਈ।ਬੋਦਲਾਂ ਘਰਾਣੇ ਤੋਂ ਗੁਰਸ਼ਰਨ ਸਿੰਘ ਨੇ ਜਦੋਂ ਬਸੰਤ ਰਾਗ ਦਾ ਗਾਇਨ ਕੀਤਾ ਤਾਂ ਖਾਲਸਾ ਕਾਲਜ ਦਾ ਅੋਡੀਟੋਰੀਅਮ ਹਾਲ ਸ਼ਿੰਗਾਰ ਰਸ ਦੇ ਖੇੜੇ ਨਾਲ ਸ਼ਰਸ਼ਾਰ ਹੋ ਗਿਆ।
ਸੁਆਗਤੀ ਸ਼ਬਦਾਂ ਦੀ ਸਾਂਝ ਡਾ. ਸੁਰਿੰਦਰ ਕੌਰ, ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਨੇ ਪਾਈ, ਜਿਸ ਤੋਂ ਬਾਅਦ ਪ੍ਰਧਾਨਗੀ ਮੰਡਲ ਵੱਲੋਂ ਸ਼ਮ੍ਹਾਂ ਰੌਸ਼ਨ ਕਰਦਿਆਂ ਕਵੀ ਦਰਬਾਰ ਦਾ ਆਗਾਜ਼ ਕੀਤਾ ਗਿਆ।ਇਸ ਕਵੀ ਦਰਬਾਰ ਵਿੱਚ ਕਵੀਆਂ ਵਜੋਂ ਸਲੀਮ ਤਾਬਿਸ਼ (ਪਹਾੜੀ), ਚੌਧਰੀ ਬਿਲਾਲ ਜ਼ਮਜ਼ਮ (ਗੋਜਰੀ), ਕਰਮਚੰਦ ਕੇਸਰ (ਬਾਂਗਰੂ), ਰਾਮ ਸਰੂਪ ਕਿਸਾਨ (ਰਾਜਸਥਾਨੀ), ਸੁਸ਼ੀਲ ਬੇਗਾਨਾ (ਡੋਗਰੀ), ਕੇਸ਼ਵ ਕੁਮਾਰ (ਤੇਲਗੂ), ਸਿਮਰਤ ਗਗਨ, ਡਾ. ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਡਾ. ਮਨਮੋਹਨ, ਪਰਮਿੰਦਰ ਸੋਢੀ, ਸਵਰਨਜੀਤ ਸਵੀ, ਵਿਜੇ ਵਿਵੇਕ, ਭੁਪਿੰਦਰਪ੍ਰੀਤ, ਸੁਆਮੀ ਅੰਤਰ ਨੀਰਵ, ਸੁਰਜੀਤ ਕੌਰ (ਕਨੇਡਾ) ਅਤੇ ਬਿਪਨਪ੍ਰੀਤ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਇਸ ਵਾਰ ਦਾ ਨਾਦ ਪ੍ਰਗਾਸੁ ਸ਼ਬਦ ਸਨਮਾਨ ਪ੍ਰਸਿੱਧ ਕਵੀ ਮੋਹਨਜੀਤ ਨੂੰ ਮਿਲਿਆ, ਜਿਸ ਵਿੱਚ ਉਹਨਾਂ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ, ਇੱਕੀ ਹਜ਼ਾਰ ਰੁਪਏ ਨਕਦ ਰਾਸ਼ੀ, ਸ਼ਾਲ ਅਤੇ ਪੁਸਤਕਾਂ ਦਾ ਇਕ ਸੈੱਟ ਭੇਂਟ ਕੀਤਾ ਗਿਆ।
ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਡਾ. ਸਰਬਜੋਤ ਸਿੰਘ ਬਹਿਲ (ਗੁਰੂ ਨਾਨਕ ਦੇਵ ਯੂਨੀਵਰਸਿਟੀ ਚੰਡੀਗੜ੍ਹ) ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਕਾਵਿ-ਚੇਤਨਾ ਨੂੰ ਧਰਾਤਲੀ ਚੇਤਨਾ ਨਾਲ ਜੁੜਣ ਲਈ ਨਵੇਕਲੇ ਪ੍ਰਯੋਗ ਕਰਨੇ ਚਾਹੀਦੇ ਹਨ।ਸਾਬਕਾ ਪ੍ਰੋ. ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸਤਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸੰਸਥਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਚੜ੍ਹਿਆ ਬਸੰਤ ਕਵੀ ਦਰਬਾਰ ਬਹੁ-ਭਾਸ਼ਾਈ ਦੇ ਨਾਲ ਹੀ ਬਹੁ-ਸੰਵੇਦੀ ਵੀ ਹੋ ਨਿਬੜਿਆ ਹੈ।ਇਸ ਕਵੀ ਦਰਬਾਰ ਦੀ ਵਿਸ਼ੇਸ਼ਤਾ ਕਾਵਿ ਪੇਸ਼ਕਾਰੀ ਦੇ ਨਾਲ ਹੀ ਕਾਵਿ-ਸ਼ਾਸਤਰੀ ਚਿੰਤਨ ਹੈ, ਜਿਸ ਨੇ ਇਸ ਨੂੰ ਨਿਵੇਕਲਾ ਅਤੇ ਯਾਦਗਾਰੀ ਬਣਾ ਦਿਤਾ ਹੈ।ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਪ੍ਰਸਿੱਧ ਸੂਫ਼ੀ ਗਾਇਕ ਰੱਬੀ ਸ਼ੇਰਗਿੱਲ ਨੇ ਕਿਹਾ ਕਿ ਉਹ ਇਸ ਉਤਸਵ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ।ਨਾਦ ਪ੍ਰਗਾਸੁ ਦੇ ਰਾਬਤੇ ਵਿੱਚ ਆਉਣ ਨੇ ਮੇਰੇ ਜੀਵਨ ਨੂੰ ਟੁੰਬਿਆ ਹੈ, ਮੈਨੂੰ ਪ੍ਰੋ. ਜਗਦੀਸ਼ ਸਿੰਘ ਨਾਲ ਮਿਲ ਕੇ ਆਰਾਮ ਮਿਲਦਾ ਹੈ।ਦਿੱਲੀ ਨਾਲੋਂ ਮੈਨੂੰ ਹੁਣ ਅੰਮ੍ਰਿਤਸਰ ਵਧੇਰੇ ਸਿਰਜਣਾਤਮਕ ਸੰਭਾਵਨਾ ਵਾਲਾ ਸ਼ਹਿਰ ਲੱਗਦਾ ਹੈ।ਇਸ ਸਾਹਿਤ ਉਤਸਵ ਵਿੱਚ ਲਾਈਵ ਪਂੇਟਿੰਗ, ਲੱਕੜ ਕਾਰੀਗਰੀ ਅਤੇ ਰਵਾਇਤੀ ਸਾਜ਼ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਮੰਚ ਸੰਚਾਲਨ ਡਾ. ਅਮਰਜੀਤ ਸਿੰਘ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਜਸਦੀਪ ਕੌਰ ਹਿੰਦੂ ਕੰਨਿਆ ਕਾਲਜ, ਕਪੂਰਥਲਾ ਨੇ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …