ਅੰਮ੍ਰਿਤਸਰ, 29 ਮਾਰਚ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਕਿਛੁ ਸੁਣੀਐ ਕਿਛੁ ਕਹੀਐ” ਸਮਾਗਮਾਂ ਦੇ ਤਹਿਤ ਆਪਣੀ ਨਿੱਜੀ ਫ਼ੇਰੀ ‘ਤੇ ਅਮ੍ਰਿਤਸਰ ਆਏ ਨਾਮਵਰ ਗਲਪਕਾਰ ਅਤੇ ਸੰਪਾਦਕ ਜਿੰਦਰ ਨਾਲ ਕਥਾ-ਸੰਵਾਦ ਰਚਾਇਆ ਗਿਆ।
ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਪ੍ਰਿੰ. ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ।ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਕਹਾਣੀਕਾਰ ਜਿੰਦਰ ਨੂੰ ਕਹਾਣੀ ਨਾਲ ਵਿਸ਼ੇਸ਼ ਮੋਹ ਹੈ।ਉਹ ਕਹਾਣੀਆਂ ਲਿਖਦਾ ਹੀ ਨਹੀਂ ਸਗੋਂ ਦੂਜੀਆਂ ਭਾਸ਼ਾਵਾਂ ਅਤੇ ਖਿੱਤਿਆਂ ਦੀਆਂ ਪ੍ਰਸਿੱਧ ਕਹਾਣੀਆਂ, ਸੰਤਾਲੀ ਦੀ ਵੰਡ ਦੀਆਂ ਕਹਾਣੀਆਂ, ‘ਔਰਤ-ਮਰਦ ਸਬੰਧਾਂ ਦੀਆਂ ਕਹਾਣੀਆਂ ਦੇ ਸੰਗ੍ਰਹਿ ਪੇਸ਼ ਕਰਨ ਦਾ ਜਿੰਦਰ ਹੁਰਾਂ ਕੋਲ ਚੋਖਾ ਤਜੱਰਬਾ ਹੈ।
ਜਿੰਦਰ ਹੁਰਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਬੇਸ਼ੱਕ ਉਹਨਾਂ ਆਰਥਿਕ ਮੰਦਹਾਲੀ ਅਤੇ ਗੁਰਬਤ ਨੂੰ ਆਪਣੇ ਪਿੰਡੇ ਤੇ ਹੰਢਾਇਆ, ਪਰ ਇਸ ਦੇ ਬਾਵਜ਼ੂਦ ਸਾਹਿਤ ਸਿਰਜਣਾ ਨੇ ਉਹਨੂੰ ਬੇਸ਼ੁਮਾਰ ਸ਼ੋਹਰਤ ਬਖਸ਼ੀ।ਉਹਨਾਂ ਦੱਸਿਆ ਕਿ ਪਿਉ ਦਾਦੇ ਤੋਂ ਸੁਣੀਆਂ ਮੁਲਕ ਵੰਡ ਦੀਆਂ ਘਟਨਾਵਾਂ ਨੇ ਉਹਨੂੰ ਬੁਰੀ ਤਰ੍ਹਾਂ ਝੰਜੋੜਿਆ ਅਤੇ ਘਟਨਾਵਾਂ ਨੂੰ ਆਧਾਰ ਬਣਾ ਕੇ ਕਹਾਣੀ ਦੇ ਖੇਤਰ ਵਿੱਚ ਕਲਮ ਅਜ਼ਮਾਈ ਕੀਤੀ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਪ੍ਰਫੁੱਲਿਤ ਕਰਨ ਲਈ ਸਿਲੇਬਸ ਦੇ ਨਾਲ-ਨਾਲ ਸਹਿਤਕ ਪੜ੍ਹਾਈ ਦੀ ਪਿਰਤ ਵੀ ਪਾਉਣੀ ਚਾਹੀਦੀ ਹੈ।ਉਹਨਾਂ ਮਰਹੂਮ ਸ਼ਾਇਰ ਦੇਵ ਦਰਦ ਨਾਲ ਬਿਤਾਏ ਵੇਲੇ ਨੂੰ ਵੀ ਯਾਦ ਕੀਤਾ ।
ਪ੍ਰਤੀਕ ਸਹਿਦੇਵ, ਪਰਮਜੀਤ ਕੌਰ, ਸੁਭਾਸ਼ ਪਰਿੰਦਾ ਅਤੇ ਤ੍ਰਿਪਤਾ ਮੈਡਮ ਨੇ ਜਿੰਦਰ ਹੁਰਾਂ ਦੀਆਂ ਕਥਾ ਪੁਸਤਕਾਂ ਨੂੰ ਅਧਾਰ ਬਣਾ ਕੇ ਮੁਲਵਾਨ ਟਿੱਪਣੀਆਂ ਕੀਤੀਆਂ।ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼ਮੀ ਮਹਾਜਨ, ਪੂਨਮ ਸ਼ਰਮਾ, ਮੀਨਾਕਸ਼ੀ ਮਿਸ਼ਰਾ, ਨਵਦੀਪ ਕੁਮਾਰ, ਬਲਜਿੰਦਰ ਕੌਰ, ਮਨਜੀਤ ਕੌਰ, ਨੀਤੂ, ਕਿਰਨ ਜੋਤੀ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …