Monday, May 27, 2024

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ

ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ ਸਿੰਘ) – ਅੱਖਰ ਸਾਹਿਤ ਅਕਾਦਮੀ ਵਲੋਂ “ਅੱਖਰ” ਮੈਗਜ਼ੀਨ ਦੇ ਨਵੇਂ ਅੰਕ ਦੇ ਨਾਲ ਡਾ. ਕਰਨੈਲ ਸ਼ੇਰਗਿੱਲ ਦੇ ਦੋ ਕਹਾਣੀ ਸੰਗ੍ਰਹਿ ਅਤੇ ਉਨ੍ਹਾਂ ਦੀ ਬੇਟੀ ਕਰੀਨਾ ਏ ਸ਼ੇਰ ਦੀ ਕਾਵਿ ਪੁਸਤਕ “ਕਾਦਿਰ ਟੂ ਜੈਨਿਥ” ਰਲੀਜ਼ ਕੀਤੀ ਗਈ।ਪਿਤਾ ਦੇ ਦੋ ਕਹਾਣੀ ਸੰਗ੍ਰਹਿ ਅਤੇ ਧੀ ਦੇ ਕਾਵਿ ਸੰਗ੍ਰਹਿ ਦੀ ਘੁੰਡ ਚੁੱਕਾਈ ਸਮੇਂ ਅੰਮ੍ਰਿਤਸਰ ਦੇ ਬਹੁਤ ਲੇਖਕ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ।ਸ਼ੇਰਗਿਲ ਪਰਿਵਾਰ ਨੂੰ ਵਿਦੇਸ਼ਾਂ ਵਿੱਚ ਜਾ ਕੇ ਵੀ ਸਾਹਿਤ ਅਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣ ਅਤੇ ਉਸਾਰੂ ਸਾਹਿਤ ਰਾਹੀਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੀ ਵਧਾਈ ਦਿੱਤੀ ਗਈ।ਪੰਜਾਬੀ ਦੇ ਉਘੇ ਸ਼ਾਇਰ ਡਾ. ਰਾਵਿੰਦਰ ਨੇ ਸ਼ੇਰਗਿਲ ਪਰਿਵਾਰ ਨਾਲ ਆਪਣੀਆਂ ਗੂੜ੍ਹੀਆਂ ਸਾਂਝਾ ਨੂੰ ਜਿਥੇ ਤਾਜ਼ਾ ਕੀਤਾ, ਉਥੇ ਪੰਜਾਬੀ ਸਾਹਿਤ ਦੇ ਭਵਿੱਖ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਮੇਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਸੋਸ਼ਲ ਮੀਡੀਆ ਵਲੋਂ ਢਾਹ ਲਾਏ ਜਾਣ ਦੇ ਬਾਵਜ਼ੂਦ ਪੁਸਤਕ ਸਭਿਆਚਾਰ ਦਾ ਕੋਈ ਵੀ ਸਾਨੀ ਨਹੀਂ ਹੈ।ਉਨ੍ਹਾਂ ਲੇਖਕਾਂ ਨੂੰ ਕਿਹਾ ਕਿ ਉਹ ਪੁਸਤਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸਿਲਸਿਲਾ ਇੰਝ ਹੀ ਜਾਰੀ ਰੱਖਣ ਅਤੇ ਸੰਚਾਰ ਸਾਧਨਾਂ ਦੇ ਆਧੁਨਿਕ ਮਾਧਿਅਮ ਨੂੰ ਵੀ ਸਾਹਿਤ ਪ੍ਰਯੋਗ ਵਿੱਚ ਲਿਆਉਣ ਤੇ ਸਾਹਿਤ ਨੂੰ ਆਮ ਲੋਕਾਂ ਤਕ ਪਹੁੰਚਾਉਣ ਦਾ ਵੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਸੰਚਾਰ ਦੇ ਸਾਧਨ ਗਲਤ ਹੱਥਾਂ ਵਿਚ ਚਲੇ ਜਾਣਗੇ ਅਤੇ ਗਲਤ ਪਿਰਤਾਂ ਪੈ ਜਾਣਗੀਆਂ।ਉਨ੍ਹਾਂ ਕਿਹਾ ਕਿ ਸਾਇੰਸ ਦੀਆਂ ਆਧੁਨਿਕ ਕਾਢਾਂ ਨੇ ਮਨੁੱਖੀ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ, ਉਨ੍ਹਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਜਿਥੇ ਦੋ ਕਹਾਣੀ ਸੰਗ੍ਰਹਿ, ਇੱਕ ਕਵਿ ਸੰਗ੍ਰਹਿ ਅਤੇ ਸਾਹਿਤਕ ਮੈਗਜ਼ੀਨ “ਅੱਖਰ” ਦਾ ਮਈ, ਜੂਨ, ਜੁਲਾਈ 2024 ਦਾ ਅੰਕ ਰਲੀਜ਼ ਕੀਤਾ ਗਿਆ, ਉਥੇ ਬਲਵਿੰਦਰ ਸੰਧਾ ਦਾ ਜਨਮ ਦਿਨ ਵੀ ਸਾਰੇ ਲੇਖਕਾਂ ਨੇ ਕੇਕ ਕੱਟ ਕੇ ਮਨਾਇਆ ।
ਸਮਾਗਮ ਦੀ ਖੂਬਸੂਰਤੀ ਇਹ ਰਹੀ ਕਿ ਇਸ ਵਿੱਚ ਜਿਥੇ ਡਾ. ਕਰਨੈਲ ਸ਼ੇਰਗਿਲ ਦੇ ਦੋ ਕਹਾਣੀ ਸੰਗ੍ਰਹਿ “ਮੈਮੋਰੀ ਲੇਨ”, “ਪੰਦਰ੍ਹਵਾਂ ਲਾਲ ਕਰਾਸ” ਉਨ੍ਹਾਂ ਦੀ ਬੇਟੀ ਦਾ ਕਾਵਿ ਸੰਗ੍ਰਹਿ “ਨਾਦਿਰ ਟੂ ਜੇਨਿਥ” ਜੋ ਪ੍ਰਧਾਨਗੀ ਮੰਡਲ ਵਲੋਂ ਰਲੀਜ਼ ਕੀਤੇ ਗਏ ਅਤੇ ਉਨ੍ਹਾਂ `ਤੇ ਹਾਜ਼ਰ ਵਿਦਵਾਨਾਂ ਵਲੋਂ ਨਿੱਠ ਕੇ ਗੱਲ ਵੀ ਕੀਤੀ ਗਈ।ਉਥੇ ਵਿਦਵਾਨਾਂ ਸਾਹਿਤ ਦੇ ਸੰਦਰਭ ਵਿੱਚ ਬਹੁਤ ਸਾਰੇ ਸਵਾਲ ਵੀ ਉਠਾਏ ਗਏ ਕਿ ਅਸਲ ਸਾਹਿਤ ਦਿਨੋ-ਦਿਨ ਲੋਕਾਂ ਤੋਂ ਦੂਰ ਹੋ ਰਿਹਾ ਹੈ ਅਤੇ ਊਲ-ਜਲੂਲ ਤਰ੍ਹਾਂ ਦੇ ਸਾਹਿਤ ਨੂੰ ਸੋਸ਼ਲ ਮੀਡੀਆ ਪ੍ਰਚਾਰਿਆ ਜਾ ਰਿਹਾ।ਨੈਤਿਕ-ਕਦਰਾਂ ਕੀਮਤਾਂ ਤੋਂ ਵਿਹੂਣਾ ਸਾਡਾ ਸਮਾਜ ਖਾਲੀ ਪੀਪੇ ਦੀ ਤਰ੍ਹਾਂ ਹੋ ਰਿਹਾ ਹੈ।ਉੱਘੀ ਆਰਟਿਸਟ ਮਨਦੀਪ ਘਈ ਵਲੋਂ ਉਠਾਏ ਸਵਾਲ ਕਿ ਲੇਖਕ ਆਪਣੀਆਂ ਰਚਨਾਵਾਂ ਨੂੰ ਲੈ ਕੇ ਕਿਥੇ ਜਾਵੇ ਜਦੋਂ ਕਿ ਨਵੀਂ ਪੀੜ੍ਹੀ ਕਿਤਾਬਾਂ ਤੋਂ ਦਿਨੋ-ਦਿਨ ਦੂਰੀ ਬਣਾ ਰਹੀ ਹੈ ਅਤੇ ਉਹ ਆਪਣੇ ਮੋਬਾਇਲ ਵਿੱਚ ਗੁੰਮ-ਗੁਆਚ ਰਹੀ ਹੈ।ਉੱਘੇ ਆਈ.ਟੀ ਨਿਰਦੇਸ਼ਕ ਸਤਪਾਲ ਸਿੰਘ ਸੋਖੀ ਨੇ ਕਿਹਾ ਕਿ ਲੇਖਕਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ।ਲੇਖਕ ਹੀ ਸਮਾਜ ਦੀ ਅਸਲ ਅਗਵਾਈ ਕਰਦੇ ਹਨ ਅਤੇ ਬਿਨਾਂ ਕਿਸੇ ਦੇ ਦਬਾਅ ਹੇਠ ਸਮਾਜ ਦਾ ਸ਼ੀਸ਼ਾ ਵਿਖਾਉਣ ਦਾ ਕੰਮ ਕਰਦੇ ਹਨ।ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਕਿਤਾਬਾਂ ਦੇ ਨਾਲ-ਨਾਲ ਜੋ ਆਧੁਨਿਕ ਸੰਚਾਰ ਦੇ ਸਾਧਨ ਹਨ ਨੂੰ ਵੀ ਉਹ ਅਪਣਾਉਣ ਤਾਂ ਜੋ ਗਲਤ-ਮਲਤ ਸਾਡੇ ਬੱਚਿਆਂ ਤੇ ਮੰਡੀ ਵਲੋਂ ਥੋਪਿਆ ਜਾ ਰਿਹਾ, `ਤੇ ਰੋਕ ਲੱਗ ਸਕੇ।
ਡਾ. ਹੀਰਾ ਸਿੰਘ ਨੇ ਸਾਹਿਤ ਦੇ ਇਤਿਹਾਸਕ ਪਹਿਲੂਆਂ ਨਾਲ ਦੱਸਿਆ ਕਿ ਸਮਾਜ `ਚ ਕ੍ਰਾਂਤੀ ਲਿਆਉਣ ਦਾ ਕੰਮ ਹਮੇਸ਼ਾਂ ਸਾਹਿਤ ਨੇ ਹੀ ਕੀਤਾ ਹੈ, ਪਰ ਮੌਜ਼ੂਦਾ ਸਮੇਂ ਦੇ ਸਾਹਿਤ ਵਿੱਚ ਪਾਠਕਾਂ ਅਤੇ ਲੇਖਕਾਂ ਦਾ ਜੋ ਪਾੜਾ ਵਧ ਰਿਹਾ ਹੈ, ਚਿੰਤਾ ਪੈਦਾ ਕਰਨ ਵਾਲਾ ਹੈ।ਉਨ੍ਹਾਂ ਕਿਹਾ ਕਿ ਜਾਂ ਤਾਂ ਅੱਜ ਪਾਠਕਾਂ ਦੀ ਮਾਨਸਿਕਤਾ ਅਨੁਸਾਰ ਲੇਖਕ ਲਿਖ ਨਹੀਂ ਰਹੇ ਜਾਂ ਪਾਠਕਾਂ ਦਾ ਲੇਖਕਾਂ ਤੋਂ ਮੋਹ ਭੰਗ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਆਧੁਨਿਕ ਸਮਾਜ ਜਿਸ ਵਿੱਚ ਵੱਡੇ ਪੱਧਰ `ਤੇ ਤਬਦੀਲੀਆਂ ਵਾਪਰ ਰਹੀਆਂ ਹਨ ਨੂੰ ਸਮਝ ਕੇ ਹੀ ਸਮਾਜ ਨੂੰ ਸਹੀ ਸੇਧ ਦਿੱਤੀ ਜਾ ਸਕਦੀ ਹੈ।ਕਹਾਣੀਕਾਰਾ ਡਾ. ਸਰਘੀ ਨੇ ਜਿਥੇ ਡਾ. ਕਰਨੈਲ ਸ਼ੇਰਗਿਲ ਦੇ ਦੋਵਾਂ ਕਹਾਣੀ ਸੰਗ੍ਰਹਿਾਂ ਨੂੰ ਪੰਜਾਬੀ ਕਹਾਣੀ ਦੀ ਵਿਧਾ ਵਿਚ ਵਿਸ਼ੇ ਪੱਖੋਂ ਨਵੀਆਂ ਕਹਾਣੀਆਂ ਦੀ ਆਮਦ ਦੱਸਿਆ, ਉਥੇ ਉਨ੍ਹਾਂ ਕਰੀਨਾ ਏ ਸ਼ੇਰ ਦੇ ਅੰਗਰੇਜ਼ੀ ਭਾਸ਼ਾ ਵਿੱਚ ਕਾਵਿ ਸੰਗ੍ਰਹਿ “ਨਾਦਿਰ ਟੂ ਜੈਨਿਥ” ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਧੀ ਦੇ ਕਾਵਿ ਸੰਗ੍ਰਹਿ ਲਈ ਮੁਬਾਰਕਾਂ।ਇਸ ਕਾਵਿ ਸੰਗ੍ਰਹਿ ਨਾਲ ਪੰਜਾਬੀਆਂ ਦਾ ਹੀ ਮਾਣ ਵਧਿਆ।ਅੱਜ ਦੇ ਪੰਜਾਬੀ ਵਿਸ਼ਵ ਪੱਧਰ ਦੀ ਕਾਵਿ ਰਚਨਾ ਕਰਨ ਦੇ ਸਮਰੱਥ ਹੋ ਰਹੇ ਹਨ, ਉਨ੍ਹਾਂ ਕਿਹਾ ਕਿ ਇਸ ਦੀ ਜਾਗ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਲੱੱਗੀ।ਉਨ੍ਹਾਂ ਨੂੰ ਗੁੜਤੀ ਪੰਜਾਬੀ ਕਵਿਤਾ ਦੀ ਮਿਲੀ ਸੀ।ਜਿਸ ਕਰਕੇ ਉਹ ਬਹੁਤ ਪਿਆਰੀਆਂ ਕਵਿਤਾਵਾਂ ਦੇ ਕਾਵਿ ਸੰਗ੍ਰਹਿ ਪਾਠਕਾਂ ਦੀ ਨਜ਼ਰ ਕਰ ਸਕੇ ਹਨ।
ਇਸ ਤੋਂ ਪਹਿਲਾਂ ਡਾ. ਕਰਨੈਲ ਸ਼ੇਰਗਿਲ ਨੇ ਆਪਣੀ ਸਿਰਜਣ ਪ੍ਰਕਿਰਿਆ ‘ਤੇ ਚਾਨਣਾ ਪਾਇਆ।ਨਾਵਲ “ਲਾਕਡਾਉਨ ਅਲਫਾ” ਅਤੇ “ਲਾਕਡਾਉਨ ਇੰਫਿਨਟੀ” ਜੋ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਰਹੇ ਤੋਂ ਇਲਾਵਾ ਉਨ੍ਹਾਂ ਦੀ ਇੱਕ ਕਹਾਣੀ ਜੋ ਪੰਜਾਬੀ ਦੀਆਂ ਸਰਵੋਤਮ ਕਹਾਣੀਆਂ ਵਿਚੋਂ “ਇੱਕ ਪੰਦਰ੍ਹਵਾਂ ਲਾਲ ਕਰਾਸ” ਦਾ 14 ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਵਿ1ਚ ਲਿਖਣ ‘ਤੇ ਮਾਣ ਹੋਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਲਿਖੇ ਜਾ ਰਹੇ ਚੰਗੇ ਸਾਹਿਤ ਦੀ ਕੋਈ ਕਮੀ ਨਹੀਂ। ਪੰਜਾਬੀ ਅਮੀਰ ਭਾਸ਼ਾਵਾਂ ਵਿਚ ਆਉਂਦੀ ਹੈ। ਡਾ. ਵਿਕਰਮਜੀਤ ਸ਼ੇਰਗਿਲ ਨੇ ਡਾ. ਕਰਨੈਲ ਸ਼ੇਰਗਿਲ ਦੀਆਂ ਸਾਹਿਤਕ ਰਚਨਾਵਾਂ ਅਤੇ ਉਨ੍ਹਾਂ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਦਾ ਜਿਕਰ ਕਰਕੇ ਅੱਖਰ ਸਾਹਿਤ ਅਕਾਦਮੀ ਦੇ ਇਸ ਸਾਹਿਤਕ ਸਮਾਗਮ ਦੀ ਚਰਚਾ ਨੂੰ ਅੱਗੇ ਤੋਰਿਆ, ਜਦੋਂਕਿ ਕਿ ਅੱਖਰ ਦੇ ਸੰਪਾਦਕ ਅਤੇ ਸ਼ਾਇਰ ਵਿਸ਼ਾਲ ਨੇ ਆਪਣੀ ਵਿਧਵਤਾ ਨਾਲ ਪੂਰੇ ਸਮਾਗਮ ਨੂੰ ਕਰੀਬ ਦੋ ਘੰਟੇ ਤੱਕ ਦੇਰ ਸ਼ਾਮ ਤਕ ਚੱਲਿਆ ਨੂੰ ਵਿਧੀਵਧ ਢੰਗ ਨਾਲ ਕਰਕੇ ਸਿਖਰਾਂ ‘ਤੇ ਪਹੁੰਚਾਇਆ ਗਿਆ।ਰੰਗੀਨ ਸਾਹਿਤਕ ਸ਼ਾਮ ਵਿੱਚ ਉਸਾਰੂ ਸਾਹਿਤਕ ਸੰਵਾਦ ਰਚਾਉਣ ਵਾਲੇ ਵਿਦਵਾਨਾਂ ਦਾ ਨਿੱਘਾ ਸਵਾਗਤ ਹਿੰਦੀ ਅਤੇ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਅੱਖਰ ਸਾਹਿਤ ਅਕਾਦਮੀ ਦੇ ਪ੍ਰਧਾਨ ਇੰਦਰੇਸ਼ਮੀਤ ਨੇ ਕੀਤਾ ਅਤੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਇਹੋ ਅਜਿਹੇ ਉਸਾਰੂ ਸਾਹਿਤਕ ਸੰਵਾਦ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰਵੀਨ ਪੁਰੀ, ਡਾ. ਅਵਤਾਰ ਸਿੰਘ ਪੱਡਾ, ਡਾ. ਅਵਤਾਰ ਸਿੰਘ ਧੰਜ਼ੂ, ਪੂਰਨ ਪਿਆਸਾ, ਡਾ. ਭੁਪਿੰਦਰ ਪੱਡਾ, ਡਾ. ਬਲਜੀਤ ਢਿੱਲੋਂ, ਡਾ. ਮੀਨਾਕਸ਼ੀ ਸ਼ੇਰਗਿੱਲ , ਡਾ. ਮਨਿੰਦਰ ਸ਼ੇਰਗਿੱਲ, ਦਵਿੰਦਰ, ਡਾ. ਬੇਅੰਤ ਸਿੰਘ, ਕੰਵਲਜੀਤ ਮਜੀਠਾ, ਡਾ. ਕਿਰਨਦੀਪ, ਹਰਮੀਤ ਆਰਟਿਸਟ ਆਦਿ ਸ਼ਾਮਲ ਸਨ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …