ਅੰਮ੍ਰਿਤਸਰ 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਅਗਵਾਈ ਹੇਠ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਿਚਕਾਰ ਇੱਕ ਅਹਿਮ ਸਮਝੌਤਾ ਸਹੀਬੱਧ ਹੋਇਆ ਹੈ।ਇਸ ਭਾਈਵਾਲੀ ਦਾ ਮੁੱਖ ਮਕਸਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਲਈ ਇੰਟਰਨਸ਼ਿਪ ਪ੍ਰੋਗਰਾਮ ਪ੍ਰਦਾਨ ਕਰਨਾ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਵੀ.ਕੇ ਸੇਠ ਏਅਰਪੋਰਟ ਡਾਇਰੈਕਟਰ ਏਅਰਪੋਰਟ ਅਥਾਰਟੀ ਆਫ ਇੰਡੀਆ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੀ ਹਾਜ਼ਰੀ ਵਿੱਚ ਇਸ ਸਮਝੌਤੇ ਨੂੰ ਰਸਮੀ ਰੂਪ ਪ੍ਰਦਾਨ ਕੀਤਾ ਗਿਆ।ਪ੍ਰੋ. ਪਲਵਿੰਦਰ ਸਿੰਘ ਡੀਨ ਅਕਾਦਮਿਕ ਮਾਮਲੇ ਪ੍ਰੋ. ਕੇ.ਐਸ ਕਾਹਲੋਂ ਰਜਿਸਟਰਾਰ, ਸੁਮਨ ਕੁਮਾਰ ਦਾਸ ਸੀਨੀਅਰ ਜਨਰਲ ਮੈਨੇਜਰ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅੰਮ੍ਰਿਤਸਰ, ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਅਤੇ ਡਾ. ਅਮਿਤ ਚੋਪੜਾ ਡਾਇਰੈਕਟਰ ਪਲੇਸਮੈਂਟ ਵੀ ਹਾਜ਼ਰ ਸਨ।
ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਸਫਲਤਾ ਨਾਲ ਅੱਗੇ ਵਧਣ ਲਈ ਵਿਦਿਆਰਥੀਆਂ ਨੂੰ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਲੈਸ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦਰਮਿਆਨ ਹੋਏ ਇਸ ਸਮਝੌਤੇ ਦਾ ਉਦੇਸ਼ ਵਿਦਿਆਰਥੀਆਂ ਨੂੰ ਹਵਾਈ ਅੱਡੇ ਦੇ ਸੰਚਾਲਨ ਦੀਆਂ ਪੇਚੀਦਗੀਆਂ ਅਤੇ ਨਾਗਰਿਕ ਹਵਾਬਾਜ਼ੀ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣਾ ਹੈ।ਵਿਦਿਆਰਥੀਆਂ ਨੂੰ ਹਵਾਈ ਅੱਡੇ ਦੇ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਦੇ ਲਾਈਵ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਦੋ ਤੋਂ ਪੰਜ ਦਿਨਾਂ ਦੇ ਜਾਣ-ਪਛਾਣ ਪ੍ਰੋਗਰਾਮ ਅਤੇ ਵਰਕਸ਼ਾਪ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।ਉਹ ਹਵਾਈ ਅੱਡਿਆਂ ਅਤੇ ਖੇਤਰੀ ਕਾਰਪੋਰੇਟ ਦਫ਼ਤਰਾਂ `ਤੇ ਚਾਰ ਤੋਂ ਵੀਹ ਹਫ਼ਤਿਆਂ ਤੱਕ ਚੱਲਣ ਵਾਲੀਆਂ ਇੰਟਰਨਸ਼ਿਪਾਂ ਲਈ ਯੋਗ ਹੋਣਗੇ।
ਵੀ.ਕੇ ਸੇਠ ਨੇ ਕਿਹਾ ਕਿ ਦੇਸ਼ ਭਰ ਵਿੱਚ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਸੁਧਾਰਨ ਲਈ ਹੁਨਰਮੰਦ ਕਰਮਚਾਰੀਆਂ ਦੀ ਲੋੜ ਹੁੰਦੀ ਹੈ।”ਜਿਵੇਂ ਕਿ ਅਸੀਂ ਨਵੀਂ ਸ਼ਹਿਰੀ ਹਵਾਬਾਜ਼ੀ ਨੀਤੀ ਲਈ ਤਿਆਰੀ ਕਰ ਰਹੇ ਹਾਂ, ਉਨ੍ਹਾਂ ਕਿਹਾ ਕਿ ਹੋਰ ਨਵੇਂ ਹਵਾਈ ਅੱਡਿਆਂ ਲਈ, ਸਾਨੂੰ ਹੁਨਰਮੰਦ ਕਰਮਚਾਰੀਆਂ ਦੀ ਲੋੜ ਰਹੇਗੀ ਅਤੇ ਇਹ ਰਣਨੀਤਕ ਭਾਈਵਾਲੀ ਨਿਸ਼ਚਿਤ ਤੌਰ `ਤੇ ਉਸ ਕਾਰਜਬਲ ਨੂੰ ਇਸ ਸਮੇਂ ਤਿਆਰ ਕਰਨ ਵਿੱਚ ਸਾਡੀ ਮਦਦ ਕਰੇਗੀ।
ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤਕਨਾਲੋਜੀ ਅਧਾਰਿਤ ਖੇਤਰਾਂ ਵਿੱਚ ਨਵੀਨਤਾ, ਖੋਜ ਅਤੇ ਉਦਮੀ ਗਤੀਵਿਧੀਆਂ ਦੀ ਹਮੇਸ਼ਾ ਹਾਮੀ ਭਰਦੀ ਹੈ ਅਤੇ ਇਸ ਪ੍ਰਤੀ ਆਪਣੇ ਉਸਾਰੂ ਦ੍ਰਿਸ਼ਟੀਕੋਣ ਨੂੰ ਲਗਾਤਾਰ ਅੱਗੇ ਵਧਾਉਂਦੀ ਹੈ ਅਤੇ ਏਰੋਸਪੇਸ ਇਹ ਕੋਸ਼ਿਸ਼ ਆਪਣੇ ਆਪ ਵਿਚ ਉਪਲੱਬਧੀ ਸਾਬਤ ਹੋਵੇਗੀ।ਇਸ ਸਹਿਯੋਗ ਦਾ ਮੁੱਖ ਉਦੇਸ਼ ਸਿਵਲ ਹਵਾਬਾਜ਼ੀ ਦੇ ਅੰਦਰ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਅਤੇ ਹੋਰ ਖੇਤਰਾਂ ਨੂੰ ਐਕਸਪੋਜਰ ਪ੍ਰਦਾਨ ਕਰਦੇ ਹੋਏ, ਵਿਹਾਰਕ ਅਨੁਭਵ ਦੇ ਨਾਲ ਸਿਧਾਂਤਕ ਗਿਆਨ ਨਾਲ ਵਿਦਿਆਰਥੀਆਂ ਵਿੱਚ ਸਿਵਲ ਹਵਾਬਾਜ਼ੀ ਲਈ ਜਗਿਆਸਾ ਪੈਦਾ ਕਰਨਾ ਹੈ।ਇਸ ਤੋਂ ਇਲਾਵਾ ਇਹ ਸਮਝੌਤਾ ਵਿਦਿਆਰਥੀਆਂ ਨੂੰ ਸ਼ਹਿਰੀ ਹਵਾਬਾਜ਼ੀ ਨਾਲ ਸਬੰਧਤ ਥੋੜ੍ਹੇ ਸਮੇਂ ਦੇ ਪ੍ਰੋਜੈਕਟਾਂ `ਤੇ ਕੰਮ ਕਰਨ ਦੇ ਮੌਕੇ ਵੀ ਪ੍ਰਦਾਨ ਕਰੇਗਾ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …