Tuesday, July 2, 2024

ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ `ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ – ਮੁੱਖ ਮੰਤਰੀ

ਬਰਸੀ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸ਼ੇਰ-ਏ-ਪੰਜਾਬ ਨੂੰ ਸ਼ਰਧਾਂਜਲੀ ਭੇਟ

ਸੰਗਰੂਰ, 29 ਜੂਨ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ `ਤੇ ਚੱਲ ਰਹੀ ਹੈ ਤਾਂ ਜੋ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਈ ਜਾ ਸਕੇ।ਮਹਾਰਾਜਾ ਦੀ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕ ਮਹਾਨ ਬਾਦਸ਼ਾਹ ਸਨ, ਜਿਨ੍ਹਾਂ ਨੇ ਮਹਾਨ ਸਿੱਖ ਗੁਰੂਆਂ ਵਲੋਂ ਪ੍ਰਚਾਰੇ ਗਏ ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਸਿਧਾਂਤਾਂ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਕ ਸੱਚਾ ਸਿੱਖ ਹੋਣ ਦੇ ਨਾਤੇ ਨਿਆਂ ਵਿਵੱਸਥਾ ਅਤੇ ਆਪਣੀ ਜਨਤਾ ਦੀ ਭਲਾਈ ਯਕੀਨੀ ਬਣਾਈ ਅਤੇ ਲੋਕਾਂ ਦੀ ਦਿੱਕਤਾਂ ਨੂੰ ਮਹਿਸੂਸ ਕਰਨ ਲਈ ਰਾਤ ਨੂੰ ਭੇਸ ਬਦਲ-ਬਦਲ ਕੇ ਆਪਣੇ ਰਾਜ ਦਾ ਦੌਰਾ ਵੀ ਕੀਤਾ।ਉਨ੍ਹਾਂ ਕਿਹਾ ਕਿ ਲੋਕਾਂ ਪ੍ਰਤੀ ਪਿਆਰ ਅਤੇ ਸਨੇਹ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਸੱਚੇ ਬਾਦਸ਼ਾਹ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦੇ ਮੋਢੀ ਸਨ, ਜਿਨ੍ਹਾਂ ਦਾ ਰਾਜ ਪੱਛਮ ਵਿੱਚ ਖੈਬਰ ਦੱਰੇ ਤੋਂ ਲੈ ਕੇ ਉਤਰ ਵਿੱਚ ਕਸ਼ਮੀਰ, ਦੱਖਣ ਵਿੱਚ ਸਿੰਧ ਅਤੇ ਪੂਰਬ ਵਿੱਚ ਤਿੱਬਤ ਤੱਕ ਫੈਲਿਆ ਹੋਇਆ ਸੀ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸੰਤ ਬਾਬਾ ਅਤਰ ਸਿੰਘ ਜੀ ਵਲੋਂ ਬਖਸ਼ਿਸ਼ ਕੀਤੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਸਮਿਆਂ ਵਿੱਚ ਬਾਦਸ਼ਾਹ ਹੋਣ ਦੇ ਬਾਵਜ਼ੂਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਸਜ਼ਾ ਨੂੰ ਸਹਿਜੇ ਹੀ ਸਵੀਕਾਰਦੇ ਸਨ।ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਨ ਵਾਲੇ ਸੂਬੇ ਦੇ ਪਿਛਲੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬਉੱਚਤਾ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਪਿਛਲੀਆਂ ਸਰਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਪਵਿੱਤਰ ਧਰਤੀ ਨੂੰ ਨਜ਼ਰਅੰਦਾਜ਼ ਕੀਤਾ ਹੈ।ਪਿਛਲੀਆਂ ਸਰਕਾਰਾਂ ਨੇ ਸੂਬੇ ਵਿੱਚ ਡਰੱਗ ਮਾਫੀਆ ਨੂੰ ਵਧਣ-ਫੁੱਲਣ ਦਿੱਤਾ, ਜਿਸ ਕਾਰਨ ਸੂਬੇ ਦੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਆਦਿ ਮਹਾਨ ਸ਼ਹੀਦਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ, ਜਦਕਿ ਸੂਬੇ ਦੇ ਪਿਛਲੇ ਸ਼ਾਸ਼ਕਾਂ ਨੇ ਸੂਬੇ ਨੂੰ ਲੁੱਟਣ ਅਤੇ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਮੁੱਖ ਮੰਤਰੀ ਨੇ ਇਸ ਸੀਟ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੰਸਦ ਮੈਂਬਰ ਚੁਣਨ ਲਈ ਸੰਗਰੂਰ ਸੰਸਦੀ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਚੁਣਿਆ ਗਿਆ ਸੰਸਦ ਮੈਂਬਰ ਲੋਕ ਸਭਾ ਵਿੱਚ ਇਸ ਖੇਤਰ ਦੀ ਆਵਾਜ਼ ਨੂੰ ਜ਼ੋਰਦਾਰ ਢੰਗ ਨਾਲ ਉਠਾਵੇਗਾ ਅਤੇ ਸੰਗਰੂਰ ਖੇਤਰ ਦਾ ਵੱਡੇ ਪੱਧਰ `ਤੇ ਵਿਕਾਸ ਹੋਵੇਗਾ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਮਾਲਵਾ ਖੇਤਰ ‘ਚ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਲਦ ਹੀ ਮਾਲਵਾ ਨਹਿਰ ਦਾ ਨਿਰਮਾਣ ਕਰੇਗੀ।ਉਨ੍ਹਾਂ ਕਿਹਾ ਕਿ ਗਿੱਦੜਬਾਹਾ, ਲੰਬੀ ਅਤੇ ਅਜਿਹੇ ਹੋਰ ਇਲਾਕਿਆਂ ਨੂੰ ਇਸ ਦਾ ਲਾਭ ਹੋਵੇਗਾ।ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਅਤੇ ਹੋਰਨਾਂ ਆਗੂਆਂ ਨੂੰ ਪੰਜਾਬੀ ਦੀ ਮੁੱਢਲੀ ਲਿਖਤੀ ਪ੍ਰੀਖਿਆ ਪਾਸ ਕਰਨ ਲਈ ਵੰਗਾਰਿਆ।ਉਨਾਂ ਕਿਹਾ ਕਿ ਸੂਬੇ ਦੇ ਹਰ ਜਿਲ੍ਹੇ ਵਿੱਚ ਮੁੱਖ ਮੰਤਰੀ ਹੈਲਪ ਡੈਸਕ ਸਥਾਪਤ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਇਨ੍ਹਾਂ ਰਾਹੀਂ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਸਥਾਪਤ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਉਹ ਪਹਿਲਾਂ ਹੀ ਕਈ ਤਜਵੀਜ਼ਾਂ `ਤੇ ਵਿਚਾਰ ਕਰ ਰਹੇ ਹਨ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੇ ਨਾਨਕੇ ਪਿੰਡ ਸਥਿਤ ਸਮਾਰਕ `ਤੇ ਸ਼ਰਧਾਂਜਲੀ ਵੀ ਭੇਟ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਡਿਪਟੀ ਜਨਰਲ ਅਫਸਰ ਕਮਾਂਡਿੰਗ ਬ੍ਰਿਗੇਡੀਅਰ ਵਲੋਂ ਹਰੀ ਝੰਡੀ ਦੇ ਕੇ ਭਾਰਤੀ ਸੈਨਾ ਮੋਟਰ ਸਾਈਕਲ ਰੈਲੀ ਰਵਾਨਾ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ) – “ਕਾਰਗਿਲ ਵਿਜੈ ਦਿਵਸ” ਦੀ “ਰਜਤ ਜਯੰਤੀ” ਮਨਾਉਣ ਅਤੇ ਸਰਬਉਚ …