Thursday, November 7, 2024

ਯੂਨੀਵਰਸਿਟੀ ਵਿਖੇ ਸਭਿਆਚਾਰ ਅਤੇ ਲੋਕਧਾਰਾ : ਬੁਨਿਆਦੀ ਸੰਕਲਪ ਵਿਸ਼ੇ `ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਪੰਜਾਬ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ।
ਇਹ ਭਾਸ਼ਣ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਦੇ ਪ੍ਰਬੁੱਧ ਵਿਦਵਾਨ ਡਾ. ਜੀਤ ਸਿੰਘ ਜੋਸ਼ੀ (ਸੇਵਾ-ਮੁਕਤ ਪ੍ਰੋਫ਼ੈਸਰ ਅਤੇ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ) ਨੇ ‘ਸਭਿਆਚਾਰ ਅਤੇ ਲੋਕਧਾਰਾ : ਬੁਨਿਆਦੀ ਸੰਕਲਪ’ ਵਿਸ਼ੇ ‘ਤੇ ਕੀਤਾ।ਸਮਾਗਮ ਦੀ ਪ੍ਰਧਾਨਗੀ ਡਾ. ਸੁਨੀਲ ਕੁਮਾਰ (ਡੀਨ ਭਾਸ਼ਾਵਾਂ ਫੈਕਲਟੀ ਅਤੇ ਮੁਖੀ ਹਿੰਦੀ ਵਿਭਾਗ) ਨੇ ਕੀਤੀ ਅਤੇ ਡਾ. ਬਿਕਰਮ ਸਿੰਘ ਘੁੰਮਣ (ਸਾਬਕਾ ਪ੍ਰੋਫ਼ੈਸਰ ਅਤੇ ਡੀਨ ਅਕਾਦਮਿਕ ਮਾਮਲੇ) ਮੁੱਖ ਮਹਿਮਾਨ ਸਨ।
ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਰਾਜਨੀਤਕ ਵਿਭਾਜਨ ਲੋਕਧਾਰਾ ਅਤੇ ਸਭਿਆਚਾਰ ਨੂੰ ਵੰਡ ਨਹੀਂ ਸਕਦਾ ਭਾਵੇਂ ਕਿ ਪੰਜਾਬੀ ਸੂਬੇ ਦੇ ਨਿਰਮਾਣ ਨਾਲ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਰਾਜਨੀਤਿਕ ਤੌਰ ‘ਤੇ ਵੱਖਰੇ ਸੂਬੇ ਬਣ ਗਏ, ਪ੍ਰੰਤੂ ਇਹਨਾਂ ਤਿੰਨਾਂ ਸੂਬਿਆਂ ਦੀ ਭਾਸ਼ਾਈ, ਸਭਿਆਚਾਰਕ ਅਤੇ ਲੋਕਧਾਰਾਈ ਵਿਰਾਸਤ ਸਾਂਝੀ ਹੈ। ਉਹਨਾਂ ਕਿਹਾ ਕਿ ਡਾ. ਜੀਤ ਸਿੰਘ ਜੋਸ਼ੀ ਪ੍ਰਕਾਂਡ ਵਿਦਵਾਨ ਡਾ. ਗੁਰਬਖ਼ਸ਼ ਸਿੰਘ ਫਰੈਂਕ ਦੇ ਹੋਣਹਾਰ ਵਿਦਿਆਰਥੀ ਹਨ।ਉਹਨਾਂ ਦੀ ਖ਼ੁਸ਼ਨੁਮਾ ਸ਼ਖ਼ਸੀਅਤ ਅਤੇ ਪੰਜਾਬੀ ਲੋਕਧਾਰਾ ਦਾ ਡੂੰਘਾ ਗਿਆਨ ਬੇਜੋੜ ਮੇਲ ਦੇ ਲਖਾਇਕ ਹਨ।ਡਾ. ਜੀਤ ਸਿੰਘ ਜੋਸ਼ੀ ਦੀ ਪੁਸਤਕ ‘ਸਾਡੇ ਪੁਰਖੇ’ ਦਾ ਲੋਕ-ਅਰਪਣ ਵੀ ਕੀਤਾ ਗਿਆ।
ਮੁੱਖ ਵਕਤਾ ਡਾ. ਜੀਤ ਸਿੰਘ ਜੋਸ਼ੀ ਨੇ ਭਾਸ਼ਣ ਦੌਰਾਨ ਕਿਹਾ ਕਿ ਖੋਜ਼-ਕਾਰਜ ਅਤੇ ਅਧਿਆਪਨ ਕਿਸੇ ਵੀ ਅਧਿਆਪਕ ਦੀ ਬੁਨਿਆਦੀ ਜ਼ਿੰਮੇਵਾਰੀ ਹੈ।ਉਹਨਾਂ ਆਪਣੇ ਜੀਵਨ ਸੰਘਰਸ਼ ਅਤੇ ਪੰਜਾਬੀ ਲੋਕਧਾਰਾ ਦੇ ਨਾਲ ਪੈਦਾ ਹੋਏ ਲਗਾਉ ਤੋਂ ਲੈ ਕੇ ਕਲਰਕੀ ਤੋਂ ਖੋਜ਼-ਕਾਰਜ਼ ਕਰਨ ਤੱਕ ਦੇ ਆਪਣੇ ਜੀਵਨ ਸਫ਼ਰ ਨੂੰ ਬੜੀ ਦਿਲਚਸਪ ਸ਼ੈਲੀ ਵਿੱਚ ਬਿਆਨ ਕੀਤਾ।ਉਹਨਾਂ ਮਾਲਵੇ ਦੇ ਖੇਤਰ ਨਾਲ ਸਬੰਧਤ ਲੋਕਧਾਰਾ ਅਤੇ ਇਤਿਹਾਸ ਦੇ ਆਪਸੀ ਜਟਿਲ ਸਬੰਧਾਂ ਨੂੰ ਉਜਾਗਰ ਕਰਦੀਆਂ ਵਿਭਿੰਨ ਮਿਸਾਲਾਂ ਵੀ ਪੇਸ਼ ਕੀਤੀਆਂ।ਉਹਨਾਂ ਕਿਹਾ ਕਿ ਸਭਿਆਚਾਰ ਅਤੇ ਲੋਕਧਾਰਾ ਵਿੱਚਲੇ ਨਿਖੇੜੇ ਦਾ ਬੁਨਿਆਦੀ ਆਧਾਰ ਵਿਗਿਆਨ ਅਤੇ ਸ਼ਾਸਤਰ ਵਿਚਲਾ ਅੰਤਰ ਹੋ ਸਕਦਾ ਹੈ।ਇਸ ਪਰਿਪੇਖ ਵਿੱਚ ਉਹਨਾਂ ਨੇ ਸਭਿਆਚਾਰਕ ਪਛੜੇਵਾਂ, ਸਭਿਆਚਾਰੀਕਰਨ, ਪ੍ਰਤਿ-ਸਭਿਆਚਾਰ, ਉਪ-ਸਭਿਆਚਾਰ, ਸਦਾਚਾਰ, ਟੈਬੂ ਅਤੇ ਟੋਟਮ ਵਰਗੇ ਮਹੱਤਵਪੂਰਨ ਸੰਕਲਪਾਂ ਵਿਚਲੇ ਬਾਰੀਕ ਅੰਤਰ ਨੂੰ ਰੂਪਮਾਨ ਕੀਤਾ।ਉਹਨਾਂ ਨੇ ਅਧਿਐਨ-ਵਿਧੀ ਦੇ ਸੰਦਰਭ ਵਿੱਚ ਕਿਹਾ ਕਿ ਸਭਿਆਚਾਰ ਦਾ ਅਨੁਸ਼ਾਸਨ ਪ੍ਰਤੀਕਾਤਮਕ ਵਰਤਾਰਿਆਂ ‘ਤੇ ਆਧਾਰਿਤ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਬਦਲਾਓ ਵਿਅਕਤੀਗਤ ਕ੍ਰਾਂਤੀ ਨਾਲ ਨਹੀਂ ਬਲਕਿ ਸਮੂਹਿਕ ਕ੍ਰਾਂਤੀ ਨਾਲ ਹੀ ਸੰਭਵ ਹੈ।ਭਾਸ਼ਣ ਦਾ ਮੁੱਖ ਆਕਰਸ਼ਣ ਉਹਨਾਂ ਦੁਆਰਾ ਕੀਤਾ ਗਿਆ ਸੰਗੀਤਕ ਅੰਦਾਜ਼ ਵਿੱਚ ਵੱਖ-ਵੱਖ ਲੋਕਧਾਰਾਈ ਕਾਵਿ ਰੂਪਾਂ ਦੀ ਪੇਸ਼ਕਾਰੀ ਰਿਹਾ।
ਡਾ. ਸੁਨੀਲ ਕੁਮਾਰ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਲੋਕਧਾਰਾ ਦਾ ਅਨੁਭਵ ਆਧਾਰਿਤ ਬਿਆਨ ਸਮੇਂ ਦੀ ਮੰਗ ਹੈ।ਮਨੁੱਖ ਭਾਵੇਂ ਪ੍ਰਕਿਰਤੀ ਦਾ ਨਿਰਮਾਤਾ ਨਹੀਂ ਹੈ, ਪਰ ਸੰਸਕ੍ਰਿਤੀ ਦਾ ਨਿਰਮਾਤਾ ਜ਼ਰੂਰ ਹੈ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਡਾ. ਜੀਤ ਸਿੰਘ ਜੋਸ਼ੀ ਸਾਧਾਰਨ ਮਨੁੱਖ ਦੀਆਂ ਅਸਾਧਾਰਨ ਪ੍ਰਾਪਤੀਆਂ ਦੀ ਅਨੂਠੀ ਮਿਸਾਲ ਹਨ।ਉਹਨਾਂ ਇਹ ਵੀ ਕਿਹਾ ਕਿ ਕਿ ਇਮਾਨਦਾਰੀ ਅਤੇ ਮਿਹਨਤ ਦਾ ਵਿਕਲਪ ਨਹੀਂ ਹੋ ਸਕਦਾ।
ਅੰਤ ‘ਚ ਡਾ. ਹਰਿੰਦਰ ਕੌਰ ਸੋਹਲ ਸਹਾਇਕ ਪ੍ਰੋਫ਼ੈਸਰ ਨੇ ਸਮੂਹ ਆਏ ਹੋਏ ਮਹਿਮਾਨਾਂ ਸਰੋਤਿਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਕੌਰ ਰਿਆੜ ਨੇ ਨਿਭਾਈ।ਉਹਨਾਂ ਡਾ. ਜੀਤ ਸਿੰਘ ਜੋਸ਼ੀ ਦੇ ਜੀਵਨ ਅਤੇ ਰਚਨਾ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕੀਤੀ।
ਇਸ ਸਮੇਂ ਵਿਭਾਗ ਦੇ ਅਧਿਆਪਕਾਂ ਵਿੱਚ ਡਾ. ਮੇਘਾ ਸਲਵਾਨ, ਡਾ. ਰਾਜਵਿੰਦਰ ਕੌਰ, ਡਾ. ਜਸਪਾਲ ਸਿੰਘ, ਡਾ. ਪਵਨ ਕੁਮਾਰ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ, ਡਾ. ਹਰਿੰਦਰ ਸਿੰਘ ਤੁੜ, ਪ੍ਰੋ. ਰਵਿੰਦਰ ਕੌਰ, ਡਾ. ਅੰਜੂ ਬਾਲਾ, ਡਾ. ਪ੍ਰਭਜੀਤ ਕੌਰ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਖੋਜ਼ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।

Check Also

ਜਿਲ੍ਹਾ ਪੱਧਰੀ ਐਥਲਟਿਕਸ ਟੂਰਨਾਮੈਂਟ ‘ਚ ਅਕਾਲ ਅਕੈਡਮੀ ਮਧੀਰ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਸੰਗਰੂਰ, 6 ਨਵੰਬਰ (ਜਗਸੀਰ ਸਿੰਘ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਮਧੀਰ …