Sunday, January 5, 2025

31 ਮਾਰਚ 2025 ਤੱਕ ਪ੍ਰਾਪਰਟੀ ਟੈਕਸ ਦਾ ਟੀਚਾ ਹਾਸਲ ਕਰਨ ਲਈ ਵਧੀਕ ਕਮਿਸ਼ਨਰ ਨੇ ਜਾਰੀ ਕੀਤੇ ਨਿਰਦੇਸ਼

ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ) – ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਦੇ ਦਫ਼ਤਰ ਵਿਖੇ ਪ੍ਰਾਪਰਟੀ ਟੈਕਸ ਵਿਭਾਗ ਦੀ ਆਮਦਨ ਅਤੇ ਰਿਕਵਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਸਕੱਤਰ ਦਲਜੀਤ ਸਿੰਘ, ਸੁਪਰਡੈਂਟ ਦਵਿੰਦਰ ਸਿੰਘ ਬੱਬਰ, ਹਰਬੰਸ ਲਾਲ, ਪਰਦੀਪ ਰਾਜਪੂਤ, ਜਸਵਿੰਦਰ ਸਿੰਘ ਅਤੇ ਸਮੂਹ ਇੰਸਪੈਕਟਰ ਹਾਜ਼ਰ ਸਨ।ਸਾਲ 2024-25 ਲਈ ਪ੍ਰਾਪਰਟੀ ਟੈਕਸ ਦਾ ਬਜਟ ਟੀਚਾ 50 ਕਰੋੜ ਰੁਪਏ ਸੀ, ਜਿਸ ਵਿੱਚੋਂ 31 ਦਸੰਬਰ, 2024 ਤੱਕ 31.63 ਕਰੋੜ ਰੁਪਏ ਵਸੂਲੇ ਜਾ ਚੁੱਕੇ ਹਨ।
ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਜਾਰੀ ਮੀਡੀਆ ਬਿਆਨ ਵਿੱਚ ਦੱਸਿਆ ਕਿ ਹਰੇਕ ਨਾਗਰਿਕ ਵਲੋਂ ਸਵੈ ਮੁਲਾਂਕਣ ਰਾਹੀਂ ਪ੍ਰਾਪਰਟੀ ਟੈਕਸ ਦਾ ਭੁਗਤਾਨ ਕੀਤਾ ਜਾ ਰਿਹਾ ਹੈ।ਜਿਸ ਲਈ ਸਾਲ 2024-25 ਲਈ ਬਜ਼ਟ ਦਾ ਟੀਚਾ 50 ਕਰੋੜ ਰੁਪਏ ਮਿੱਥਿਆ ਗਿਆ ਹੈ।ਵਿਭਾਗ ਨੇ 31 ਦਸੰਬਰ 2024 ਤੱਕ ਬਜ਼ਟ ਟੀਚੇ ਦਾ 63% ਪ੍ਰਾਪਤ ਕਰ ਲਿਆ ਹੈ।ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਦੀ ਜਾਂਚ ਲਈ ਸ਼ਹਿਰ ਦੇ ਪੰਜਾਂ ਜ਼ੋਨਾਂ ਵਿੱਚ ਸੁਪਰਡੈਂਟਾਂ ਦੀ ਨਿਗਰਾਨੀ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਨੇ ਅੱਜ ਤੱਕ ਟੈਕਸ ਨਹੀਂ ਭਰਿਆ।ਹਰੇਕ ਟੀਮ ਨੂੰ 50 ਕਰੋੜ ਰੁਪਏ ਦੇ ਬਜ਼ਟ ਟੀਚੇ ਨੂੰ ਪ੍ਰਾਪਤ ਕਰਨ ਲਈ 31 ਮਾਰਚ 2025 ਤੱਕ ਦਾ ਟੀਚਾ ਦਿੱਤਾ ਗਿਆ ਹੈ।ਵਧੀਕ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਪਹਿਲਾਂ ਹੀ ਪੀ.ਐਮ.ਸੀ.ਐਕਟ 1976 ਦੀ ਧਾਰਾ 112ਬੀ ਤਹਿਤ ਮੁਲਾਂਕਣ ਕਰਨ ਵਾਲਿਆਂ ਨੂੰ ਪੜਤਾਲ ਦੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਪੜਤਾਲ ਕਮੇਟੀ ਦੇ ਚੇਅਰਮੈਨ ਹੋਣ ਕਰਕੇ ਉਹ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਕੇਸਾਂ ਦੀ ਵੀ ਸੁਣਵਾਈ ਕਰਨਗੇ।ਉਨ੍ਹਾਂ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ 31 ਮਾਰਚ, 2025 ਤੋਂ ਪਹਿਲਾਂ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਤਾਂ ਜੋ ਨਗਰ ਨਿਗਮ ਅੰਮ੍ਰਿਤਸਰ ਵਲੋਂ ਜੁਰਮਾਨੇ ਅਤੇ ਕਿਸੇ ਵੀ ਕਾਰਵਾਈ ਤੋਂ ਬਚਿਆ ਜਾ ਸਕੇ।

Check Also

ਮੰਤਰੀ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ‘ਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲਿਆ

ਪਠਾਨਕੋਟ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਵੱਖ-ਵੱਖ …