ਕੰਵਲਜੀਤ ਕੌਰ ਢਿੱਲੋਂ
ਕਰਵਾ ਚੌਥ ਦਾ ਤਿਉਹਾਰ ਹਰ ਸਾਲ ਸੁਹਾਗਣਾਂ ਵੱਲੋ ਮਨਾਇਆ ਜਾਣ ਵਾਲਾ ਤਿਉਹਾਰ ਹੈ।ਇਹ ਤਿਉਹਾਰ ਪੂਰਨਮਾਸ਼ੀ ਤੋਂ 4 ਦਿਨ ਬਾਦ ਮਨਾਇਆ ਜਾਂਦਾ ਹੈ।ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਵਰਤ ਰੱਖਦੀਆਂ ਹਨ।ਇਹ ਵਰਤ ਜਿਆਦਾਤਰ ਹਿੰਦੂ ਧਰਮ ਦੀਆਂ ਔਰਤਾਂ ਵੱਲੋ ਰੱਖਿਆ ਜਾਂਦਾ ਹੈ।ਇਹ ਵਰਤ ਇੱਕ ਔਰਤ ਦੀ ਆਸਥਾ ਅਤੇ ਉਸ ਦੇ ਆਪਣੇ ਪਤੀ ਪ੍ਰਤੀ ਅਥਾਹ ਪਿਆਰ ਨੂੰ ਪ੍ਰਗਟਾਉਂਦਾ ਹੈ।
ਕਰਵਾ ਚੌਥ ਤੋਂ ਕੁੱਝ ਦਿਨ ਪਹਿਲਾਂ ਬਜ਼ਾਰਾਂ ਦੀ ਰੌਣਕ ਦੇਖਣ ਯੋਗ ਹੁੰਦੀ ਹੈ।ਇਸ ਦਿਨ ਬਜ਼ਾਰ ਫੈਣੀਆਂ, ਮਠਿਆਈਆਂ, ਫ਼ਲ ਅਤੇ ਔਰਤਾਂ ਦੇ ਹਾਰ ਸ਼ਿੰਗਾਰ ਦੇ ਸਮਾਨ ਨਾਲ ਸੱਜੇ ਹੋਏ ਦਿਖਾਈ ਦਿੰਦੇ ਹਨ।ਔਰਤਾਂ ਬਜ਼ਾਰ ਵਿੱਚ ਮਹਿੰਦੀ ਲਗਾਉਂਦੀਆਂ ਅਤੇ ਖਰੀਦੋ ਫਰੋਖਤ ਕਰਦੀਆਂ ਨਜ਼ਰ ਆ ਜਾਂਦੀਆਂ ਹਨ।ਨਵੀਆਂ ਵਿਆਹੀਆਂ ਲੜਕੀਆਂ ਦਾ ਪਹਿਲਾ ਵਰਤ ਜਿੱਥੇ ਸਹੁਰੇ ਘਰ ਵੱਲੋ ਰਖਵਾਇਆ ਜਾਂਦਾ ਹੈ, ਉਥੇ ਹੀ ਉਸ ਲਈ ਕਰਵੇ ਦਾ ਸਮਾਨ ਉਸ ਦੇ ਪੇਕੇ ਘਰ ਵੱਲੋ ਲਿਆਂਦਾ ਜਾਂਦਾ ਹੈ।
ਵਰਤ ਵਾਲੇ ਦਿਨ ਔਰਤਾਂ ਸਵੇਰੇ ਉਠ ਕੇ ਹੀ ਤਾਰਿਆਂ ਦੇ ਹੁੰਦਿਆਂ ਹੀ ਸਰਘੀ ਖਾ ਲੈਂਦੀਆਂ ਹਨ, ਜਿਸ ਵਿੱਚ ਫੈਣੀਆਂ ਅਤੇ ਫਲ ਆਦਿ ਸ਼ਾਮਿਲ ਹੁੰਦੇ ਹਨ।ਇਸ ਤੋਂ ਉਪਰੰਤ ਉਹ ਸਾਰਾ ਦਿਨ ਕੁੱਝ ਨਹੀਂ ਖਾਂਦੀਆ ਅਤੇ ਇਥੋਂ ਤੱਕ ਕੇ ਪਾਣੀ ਵੀ ਨਹੀਂ ਪੀਦੀਆਂ ।ਸਾਮ ਦੇ ਸਮੇਂ ਔਰਤਾਂ ਤਿਆਰ ਹੋ ਵਰਤ ਦੀ ਕਥਾ ਸੁਣਨ ਜਾਂਦੀਆਂ ਹਨ।ਜਿਆਦਾਤਰ ਔਰਤਾਂ ਇਸ ਦਿਨ ਲਾਲ ਰੰਗ ਦੇ ਕੱਪੜੇ ਪਹਿਨਦੀਆਂ ਹਨ, ਕਿਉਂਕਿ ਇਹ ਰੰਗ ਸ਼ਗਨਾਂ ਦਾ ਮੰਨਿਆ ਜਾਂਦਾ ਹੈ।ਕਰਵੇ ਦੀ ਕਥਾ ਬ੍ਰਾਹਮਣ ਜਾਂ ਕਿਸੇ ਸੁਹਾਗਣ ਵੱਲੋ ਸੁਣਾਈ ਜਾਂਦੀ ਹੈ।ਕਥਾ ਤੋਂ ਉਪਰੰਤ ਸਾਰੀਆਂ ਸੁਹਾਗਣਾਂ ਆਪਣੀ ਕਰਵੇ ਦੀ ਥਾਲੀ ਆਪਸ ਵਟਾਉਂਦੀਆਂ ਹਨ ਅਤੇ ਕਰਵੇ ਦਾ ਗੀਤ ਗਾਉਂਦੀਆਂ ਹਨ।ਇਹ ਵਰਤ ਕਈ ਕੁਆਰੀਆਂ ਲੜਕੀਆਂ ਵੱਲੋ ਵੀ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਚੰਗਾ ਵਰ-ਘਰ ਮਿਲ ਸਕੇ।ਕੁਆਰੀਆਂ ਲੜਕੀਆਂ ਵੱਲੋ ਇਹ ਵਰਤ ਤਾਰਿਆਂ ਨੂੰ ਵੇਖ ਕੇ ਖੋਲ ਲਿਆ ਜਾਂਦਾ ਹੈ, ਜਦੋਂ ਕਿ ਵਿਆਹੀਆਂ ਔਰਤਾਂ ਚੰਦਰਮਾ ਦੇ ਨਿਕਲਣ ਦਾ ਇੰਤਜ਼ਾਰ ਕਰਦੀਆਂ ਹਨ।ਚੰਦਰਮਾ ਦੇ ਨਿਕਲਣ ਉਪਰੰਤ ਔਰਤਾਂ ਉਸ ਨੂੰ ਅਰਗ ਦਿੰਦੀਆਂ ਹਨ।ਅਰਗ ਦੇਣ ਉਪਰੰਤ ਪਤੀ ਦੁਆਰਾ ਪਾਣੀ ਅਤੇ ਕੁੱਝ ਮਿੱਠਾ ਖੁਵਾ ਕੇ ਇਹ ਵਰਤ ਖੁਲਵਾ ਦਿੱਤਾ ਜਾਂਦਾ ਹੈ।
ਅੱਜ ਦੇ ਅਧੁਨਿਕ ਅਤੇ ਵਿਗਿਆਨਿਕ ਯੁੱਗ ਵਿੱਚ ਲੋਕਾਂ ਦੀ ਸੋਚ ਬਦਲ ਰਹੀ ਹੈ।ਪਰੰਤੂ ਬਹੁਤ ਸਾਰੇ ਘਰਾਂ ਵਿੱਚ ਔਰਤਾਂ ਵੱਲੋ ਅੱਜ ਵੀ ਵਰਤ ਉਸੇ ਵਿਸ਼ਵਾਸ ਨਾਲ ਰੱਖਿਆ ਜਾਂਦਾ ਹੈ।ਪ੍ਰੰਤੂ ਵਰਤ ਰੱਖਦੇ ਸਮੇਂ ਇਹ ਧਿਆਨ ਵਿੱਚ ਰੱਖ ਲੈਣਾ ਚਾਹੀਦਾ ਹੈ ਕਿ ਜੇਕਰ ਕੋਈ ਔਰਤ ਬਿਮਾਰ ਹੈ ਜਾਂ ਗਰਭਵਤੀ ਹੈ ਤਾਂ ਵਰਤ ਦੇ ਮਾਮਲੇ ‘ਚ ਸਿਆਣਿਆਂ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਅਜਿਹੀ ਹਾਲਤ ਵਿੱਚ ਜ਼ਿਆਦਾ ਦੇਰ ਖਾਲੀ ਪੇਟ ਰਹਿਣਾ ਜਿੱਥੇ ਉਸ ਦੀ ਆਪਣੀ ਸਿਹਤ ਲਈ ਨੁਕਸਾਨਦੇਹ ਹੈ ਉਥੇ ਹੀ ਆਉਣ ਵਾਲੇ ਬੱਚੇ ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email:kanwaldhillon16@gmail.com