ਅਮ੍ਰਿਤਸਰ, 30 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੀਬਾ ਵੱਲੋਂ ਸਿੱਖ ਖਿਡਾਰੀਆਂ ਦੀ ਦਸਤਾਰ (ਪਟਕੇ) ‘ਤੇ ਪਾਬੰਦੀ ਹਟਾਉਣ ‘ਚ ਦੇਰੀ ਕਰਨ ਤੇ ਸਖਤ ਵਿਰੋਧ ਜਤਾਇਆ ਹੈ। ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਸਿੱਖ ਐਥਲੀਟ ਕਈ ਮੁਕਾਬਲੇਬਾਜੀ ਖੇਡਾਂ ਜਿਸ ਵਿੱਚ ਐਨ ਸੀ ਸੀ ਏ ਬਾਸਕਿਟਬਾਲ ਵੀ ਸ਼ਾਮਿਲ ਹੈ ਵਿੱਚ ਦਸਤਾਰ ਬੰਨ੍ਹ ਕੇ ਭਾਗ ਲੈਂਦੇ ਹਨ, ਪ੍ਰੰਤੂ ਫੀਬਾ ਦੇ ਇਸ ਫੈਸਲੇ ਨਾਲ ਦੇਸ਼-ਵਿਦੇਸ਼ ਵਿੱਚ ਬੈਠੇ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾ ਵੀ ਫੀਬਾ ਵੱਲੋਂ ਜਾਪਾਨ ‘ਚ ਕਰਵਾਏ ਗਏ ਏਸ਼ੀਆ ਕੱਪ ਦੌਰਾਨ ਭਾਰਤ ਦੇ ਦੋ ਸਿੱਖ ਖਿਡਾਰੀਆਂ ਸ. ਅੰਮ੍ਰਿਤਪਾਲ ਸਿੰਘ ਤੇ ਸ. ਅਮਜੋਤ ਸਿੰਘ ਨੂੰ ਮੈਚ ਰੈਫਰੀ ਵੱਲੋਂ ਸਿਰ ‘ਤੇ ਛੋਟੀ ਦਸਤਾਰ (ਪਟਕਾ) ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕਿਆ ਗਿਆ ਸੀ ਤੇ ਹੁਣ ਫੇਰ ਅਰਬੀ ਦੇਸ਼ ਦੋਹਾ ਕਤਰ ਵਿੱਚ ਅੰਡਰ-18 ਏਸ਼ੀਆ ਬਾਸਕਿਟਬਾਲ ਚੈਂਪੀਅਨਸ਼ਿਪ ਵਿੱਚ ਸ. ਅਨਮੋਲ ਸਿੰਘ ਨਾਮ ਦੇ ਸਿੱਖ ਖਿਡਾਰੀ ਨੂੰ ਫੀਬਾ ਕਮਿਸ਼ਨਰ ਵੱਲੋਂ ਸਿਰ ‘ਤੇ ਛੋਟੀ ਦਸਤਾਰ (ਪਟਕਾ) ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕਿਆ ਗਿਆ ਹੈ ਜਿਸ ਨਾਲ ਸਿੱਖ ਖਿਡਾਰੀਆਂ ਦੇ ਵਕਾਰ ਨੂੰ ਭਾਰੀ ਸੱਟ ਵਜੀ ਹੈ।ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਸਹੀ ਪਹਿਚਾਣ ਅਤੇ ਮਾਣ ਹੈ ਤੇ ਦਸਤਾਰ (ਪਟਕਾ) ਬੰਨਣ ਨਾਲ ਖੇਡ ‘ਤੇ ਕੋਈ ਅਸਰ ਨਹੀਂ ਪੈਂਦਾ।ਉਨ੍ਹਾਂ ਕਿਹਾ ਕਿ ਜਿਵੇਂ ਇੰਟਰਨੈਸ਼ਨਲ ਵਰਲਡ ਸੰਸਥਾ (ਫੀਫਾ) ਵੱਲੋਂ ਸਿੱਖ ਖਿਡਾਰੀਆਂ ਨੁੰ ਛੋਟੀ ਦਸਤਾਰ (ਪਟਕਾ) ਬੰਨ੍ਹ ਕੇ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਦੀ ਕੌਮਾਂਤਰੀ ਪੱਧਰ ਤੇ ਵਿਰੋਧਤਾ ਹੋਈ ਸੀ, ਇਸ ਵਿਰੋਧਤਾ ਕਾਰਨ ਸਿੱਖ ਭਾਈਚਾਰੇ ਤੇ ਹੋਰ ਸੰਸਥਾਵਾਂ ਵੱਲੋਂ ਭਾਰੀ ਵਿਰੋਧ ਕਰਨ ਤੇ ਫੀਫਾ ਵੱਲੋਂ ਆਪਣੇ ਨਿਯਮ ਵਿੱਚ ਸੋਧ ਕਰਕੇ ਸਿੱਖ ਖਿਡਾਰੀਆਂ ਨੂੰ ਦਸਤਾਰ (ਪਟਕਾ) ਬੰਨ ਕੇ ਫੁੱਟਬਾਲ ਖੇਡਣ ਦੀ ਇਜਾਜਤ ਦਿੱਤੀ ਗਈ ਸੀ।ਉਸੇ ਤਰ੍ਹਾਂ ਹੀ ਫੀਬਾ ਵੀ ਬਿਨਾਂ ਕਿਸੇ ਦੇਰੀ ਦੇ ਆਪਣੀ ਨੀਤੀ ਵਿੱਚ ਸੁਧਾਰ ਕਰੇ ਅਤੇ ਸਿੱਖ ਖਿਡਾਰੀਆਂ ਨੁੰ ਬਿਨਾ ਕਿਸੇ ਵਿਤਕਰੇ, ਭੇਦਭਾਵ ਦੇ ਖੇਡਣ ਦੀ ਇਜਾਜਤ ਦੇਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …