
ਨਵੀਂ ਦਿੱਲੀ, 27 ਫਰਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਪ੍ਰਬੰਧ ਦੀ ਸੇਵਾ ਦਾ ਇਕ ਸਾਲ ਪੂਰਾ ਹੋਣ ‘ਤੇ ਦਿੱਲੀ ਦੀ ਸੰਗਤ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਮਨੋਰਥ ਪੱਤਰ ਰਾਹੀਂ ਕੀਤੇ ਗਏ ਜ਼ਿਆਦਾਤਰ ਵਾਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕਮੇਟੀ ਵਲੋਂ ਮੀਡਿਆ ਨੂੰ ਜਾਰੀ ਪ੍ਰੈਸ ਨੋਟ ਵਿਚ ਕੀਤਾ ਗਿਆ ਹੈ। ਕਾਨੂੰਨੀ, ਮਾਲੀ ਜਾਂ ਜ਼ਮੀਨੀ ਰੁਕਾਵਟਾਂ ਕਰਕੇ ਕੁਝ ਰਹਿ ਗਏ ਕਾਰਜਾਂ ਨੂੰ ਵੀ ਛੇਤੀ ਹੀ ਸੰਗਤਾਂ ਦੇ ਸਹਿਯੋਗ ਨਾਲ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਹੈ।ਦਿੱਲੀ ਦੇ ਗੁਰਧਾਮਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਲਾਗੂ ਕਰਨਾ, ਗੁਰਮਤਿ ਸਮਾਗਮਾਂ ਦੌਰਾਨ ਸਿਆਸੀ ਦੂਸ਼ਣਬਾਜ਼ੀ ਅਤੇ ਇਸ਼ਤਿਹਾਰਬਾਜ਼ੀ ‘ਤੇ ਰੋਕ, ਦਸਮ ਗ੍ਰੰਥ ਦੀ ਬਾਣੀ ਦਾ ਕੀਰਤਨ ਕਰਨਾ, ਲੋੜਵੰਦ ਬੱਚਿਆਂ ਨੂੰ ਸਰਕਾਰੀ ਫੀਸ ਮਾਫੀ ਸਕੀਮਾਂ ਦਾ ਫਾਇਦਾ ਦੇਣ ਵਾਸਤੇ ਮਾਇਨੋਰਟੀ ਅਵੇਅਰਨੈਸ ਸੈਲ ਦੀ ਸਥਾਪਨਾ ਕਰ ਕੇ ਇਸ ਵਰ੍ਹੇ ਲਗਭਗ 10000 ਬੱਚਿਆਂ ਦੇ ਫੀਸ ਮਾਫੀ ਦੇ ਫਾਰਮ ਭਰਵਾਉਣਾ ਤੇ ਕਮੇਟੀ ਵਲੋਂ ਆਪਣੇ ਸਾਧਨਾ ਦੀ ਵਰਤੋਂ ਕਰਦੇ ਹੋਏ ਤਿੰਨ ਕਰੋੜ ਰੁਪਏ ਫੀਸ ਮਾਫੀ ਵਾਸਤੇ ਦੇਣਾ, ਦਿੱਲੀ ਯੁਨਿਵਰਸਿਟੀ ਅਧੀਨ ਚਲਦੇ ਚਾਰ ਖਾਲਸਾ ਕਾਲਜਾਂ ਵਿਚ ਤੈਅ ਕਟ ਆਫ ਤੋਂ ਸਿੱਖ ਬੱਚਿਆਂ ਨੂੰ ਮਾਂ ਬੋਲੀ ਅਤੇ ਸਾਬਤ ਸੂਰਤ ਹੋਣ ਕਰਕੇ ਤਿੰਨ ਤੋਂ ਪੰਜ ਫੀਸਦੀ ਦੀ ਛੂਟ ਵਾਈਸ ਚਾਂਸਲਰ ਦੀ ਰੋਕ ਦੇ ਬਾਵਜੂਦ ਲਗਭਗ ੧,੦੦੦ ਬੱਚਿਆਂ ਨੂੰ ਅੰਡਰ ਗ੍ਰੈਜੂਏਟ ਕੋਰਸਾਂ ਵਿਚ ਡੰਕੇ ਦੀ ਚੋਟ ‘ਤੇ ਦੇਣਾ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਅੰਮ੍ਰਿਤਧਾਰੀ ਤੇ ੮੪ ਪੀੜਤਾਂ ਦੇ ਬੱਚਿਆਂ ਨੂੰ ੧੦੦% ਟਿਯੂਸ਼ਨ ਫੀਸ ਮਾਫ ਕਰਦੇ ਹੋਏ ਬੱਚਿਆਂ ਵਿਚ ਧਰਮ ਅਤੇ ਵਿਦਿਆ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਦੀ ਵੀ ਕਮੇਟੀ ਵਲੋਂ ਗੱਲ ਕਹੀ ਗਈ ਹੈ।
ਸਿੱਖ ਕੌਮ ਦੀ ਮੁੱਖ ਧਾਰਾ ਤੋਂ ਦੂਰ ਜਾ ਚੁੱਕੇ ਸਿਕਲੀਘਰ ‘ਤੇ ਵਣਜਾਰੇ ਆਦਿਕ ਭਾਈਚਾਰਿਆਂ ਨੂੰ ਬਣਦਾ ਮਾਣ ਸਤਿਕਾਰ ਦੇਣ ਵਾਸਤੇ ਸ਼ੁਰੂ ਕੀਤੀ ਗਈ ਪਹਿਲ, ਉਤਰਾਖੰਡ ਵਿਖੇ ਕੁਦਰਤੀ ਕੁਰੋਪੀ ਦੌਰਾਨ ਲੰਗਰ, ਦਵਾਈਆਂ ਅਤੇ ਹਵਾਈ ਸੇਵਾ ਦੀ ਵੱਡੇ ਪੱਧਰ ਤੇ ਮਦਦ, ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਧਾਰਮਿਕ ਅਤੇ ਸਮਾਜਿਕ ਤੌਰ ਤੇ ਮੁਸ਼ਕਿਲਾਂ ਦਾ ਹਲ ਕੱਢਣ ਲਈ ਉਨ੍ਹਾਂ ਦੇ ਪ੍ਰਤਿਨਿਧੀਆਂ ਨਾਲ ਮੁਲਾਕਾਤਾਂ ਕਰਨਾ, ਰੋਮ ਹਵਾਈ ਅੱਡੇ ‘ਤੇ ਕਮੇਟੀ ਪ੍ਰਧਾਨ ਵਲੋਂ ਪੱਗ ਲਾਹ ਕੇ ਸੁਰੱਖਿਆ ਜਾਂਚ ਕਰਾਉਣ ਤੋਂ ਇਨਕਾਰ ਕਰਦੇ ਹੋਏ ਮੋਰਚਾ ਲਗਾਉਣਾ, ਹਰਿਆਣਾ ਦੇ ਪੇਹਵਾ ਕਸਬੇ ਦੇ ਕਿਸਾਨਾਂ ਦੀ ਹਰਿਆਣਾ ਸਰਕਾਰ ਵਲੋਂ ਖੋਹੀ ਗਈ ਜ਼ਮੀਨ ਨੂੰ ਵਾਪਿਸ ਦਿਵਾਉਣ ਲਈ ਮਾਲੀ ਤੇ ਕਾਨੂੰਨੀ ਮਦਦ ਦੇਣ ਦੇ ਨਾਲ ਹੀ ਬੇਰੋਜ਼ਗਾਰਾਂ ਨੂੰ ਕਮੇਟੀ ਵਿਚ ਨੌਕਰੀ ਦੇਣਾ, 1984 ਦੀਆਂ ਵਿਧਵਾਵਾਂ ਨੂੰ ਹਰ ਮਹੀਨੇ 1000 ਰੁਪਏ ਪੈਨਸ਼ਨ, 1984 ਦੇ ਸ਼ਹੀਦਾਂ ਦੀ ਯਾਦ ਵਿਚ ਯਾਦਗਾਰ ਦਾ ਨੀਂਹ ਪੱਥਰ ਅਤੇ ਕਮੇਟੀ ਦੇ ਸਟਾਫ ਦੇ ਮਹਿੰਗਾਈ ਭੱਤੇ ਵਿਚ 50% ਤਕ ਵਾਧਾ ਤੇ ਉਨ੍ਹਾਂ ਦੀਆਂ ਬੱਚੀਆਂ ਦੇ ਵਿਆਹ ਲਈ 31000, ਤੋਂ 51000 ਦੀ ਸਗਨ ਸਕੀਮ ਦੇਣ ਦੇ ਨਾਲ ਹੀ ਫ੍ਰੀ ਵਰਦੀਆਂ ਤੇ ਦਸਤਾਰਾਂ ਦੇਣ ਦਾ ਵੀ ਪ੍ਰਬੰਧਕਾਂ ਵਲੋਂ ਜ਼ਿਕਰ ਕੀਤਾ ਗਿਆ ਹੈ।
ਨਵੀਂ ਕਮੇਟੀ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਕੀਤੇ ਗਏ ਉਪਰਾਲਿਆਂ ਵਿਚ ਸਿਫਾਰਸ਼ੀ ਅਤੇ ਨਾਲਾਇਕ ਸਟਾਫ ਦੀ ਭਰਤੀ ਬੰਦ ਕਰਦੇ ਹੋਏ ਸਟਾਫ ਨੂੰ 6ਵੇਂ ਪੇਅ ਕਮੀਸ਼ਨ ਦੇ ਹਿਸਾਬ ਨਾਲ ਤਨਖਾਹ ਦੇਣ ਦਾ ਫੈਸਲਾ ਅੰਤ੍ਰਿੰਗ ਬੋਰਡ ਵਲੋਂ ਕਰਨਾ, ਟੀਚਰ ਤੇ ਸਟੂਡੈਂਟ ਕਾਉੂਂਸਲਿੰਗ ਪਹਿਲੀ ਵਾਰ ਕਰਵਾਉਣ ਦੇ ਨਾਲ ਹੀ ਸਪੋਰਟਸ ਡਾਇਰੈਕਟਰ ਦੀ ਸਥਾਪਨਾ ਕਰਕੇ ਸਕੂਲਾਂ ਵਿਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਬਾਬਾ ਬਚਨ ਸਿੰਘ ਜੀ ਨੂੰ ਕਾਰ ਸੇਵਾ ਦੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਗੁਰਧਾਮਾਂ ਵਿਚ ਕਰਾਉਣ ਵਾਸਤੇ 1 ਕਰੋੜ ਦਾ ਚੈਕ ਅਤੇ 1.50 ਕਰੋੜ ਦਾ ਸੋਨਾ ਅਤੇ ਚਾਂਦੀ ਵੀ ਕਮੇਟੀ ਵਲੋਂ ਕਾਰਜਾਂ ਨੂੰ ਨੇਪਰੇ ਚਾੜਨ ਲਈ ਦਿੰਦੇ ਹੋਏ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਪੂਰੇ ਸਾਲ ਵਿਚ ਆਉਂਦੇ ਦਿਨ ਦਿਹਾੜੇ ਅਤੇ ਤਿਉਹਾਰ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਏ ਗਏ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media