ਸਮਰਾਲਾ, 23 ਜੁਲਾਈ (ਇੰਦਰਜੀਤ ਕੰਗ) – ਉੱਘੇ ਲੇਖਕ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ ਕੌਮੀ ਪੁਰਸਕਾਰ ਵਿਜੇਤਾ ਸ਼ਮਸ਼ੇਰ ਸਿੰਘ ਨਾਗਰਾ (87 ਸਾਲ) ਦਾ ਉਨ੍ਹਾਂ ਦੇ ਜੱਦੀ ਪਿੰਡ ਨਾਗਰਾ ਵਿਖੇ ਦੇਹਾਂਤ ਹੋ ਗਿਆ। ਸ਼ਮਸ਼ੇਰ ਸਿੰਘ ਨਾਗਰਾ ਦਾ ਅੰਤਿਮ ਸੰਸਕਾਰ ਅੱਜ ਸਵੇਰੇ ਕੀਤਾ ਗਿਆ।
ਉਘੇ ਨਾਟਕਕਾਰ, ਰਾਜ ਪੁਰਸਕਾਰ ਵਿਜੇਤਾ ਅਧਿਆਪਕ ਤੇ ਨਾਗਰਾ ਪਿੰਡ ’ਚ ਪੜ੍ਹਾਉਂਦੇ ਰਹੇ ਅਧਿਆਪਕ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੇ ਵੀ ਉਨ੍ਹਾਂ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸੱਚਮੁਚ ਚੌਮੁਖੀਏ ਚਿਰਾਗ ਵਰਗੇ ਅਧਿਆਪਕ ਤੇ ਨਿਸ਼ਕਾਮ ਰਾਹ ਦਸੇਰਾ ਸਨ।ਸਮਰਾਲਾ ਇਲਾਕੇ ਦੀਆਂ ਸਾਹਿਤਕ, ਸਮਾਜਿਕ ਅਤੇ ਅਧਿਆਪਕ ਸੰਸਥਾਵਾਂ ਜਿਨ੍ਹਾਂ ਵਿੱਚ ਪੰਜਾਬੀ ਸਾਹਿਤ ਸਭਾ ਸਮਰਾਲਾ, ਪੰਜਾਬੀ ਸੱਥ ਬਰਵਾਲ਼ੀ, ਲੇਖਕ ਮੰਚ ਸਮਰਾਲਾ, ਅਧਿਆਪਕ ਚੇਤਨਾ ਮੰਚ ਸਮਰਾਲਾ, ਆਰਟ ਸੈਂਟਰ ਸਮਰਾਲਾ, ਸਾਹਿਤ ਸਭਾ ਮਾਛੀਵਾੜਾ, ਅਕਸ ਰੰਗਮੰਚ ਸਮਰਾਲਾ ਆਦਿ ਵਲੋਂ ਨਰਿੰਦਰ ਸ਼ਰਮਾ ਪ੍ਰਧਾਨ, ਕਹਾਣੀਕਾਰ ਸੁਖਜੀਤ, ਬਿਹਾਰੀ ਲਾਲ ਸੱਦੀ, ਦਲਜੀਤ ਸ਼ਾਹੀ, ਗੁਰਦੀਪ ਸਿੰਘ ਕੰਗ, ਦਰਸ਼ਨ ਸਿੰਘ ਕੰਗ, ਰਾਜਵਿੰਦਰ ਸਮਰਾਲਾ, ਨਿਰੰਜਣ ਸੂਖਮ, ਮੇਘ ਸਿੰਘ ਜਵੰਦਾ, ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੱਸਣਯੋਗ ਹੈ ਕਿ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ (ਸਮਰਾਲਾ) ਵਿੱਚ ਹੀ ਸਾਰੀ ਉਮਰ ਪੜ੍ਹਾਇਆ ਤੇ ਇਸ ਸਕੂਲ ਨੂੰ ਅਨੇਕਾਂ ਵਾਰੀ ਸਰਵੋਤਮ ਪੁਰਸਕਾਰ ਦਿਵਾਇਆ।ਸ਼ਮਸ਼ੇਰ ਸਿੰਘ ਨਾਗਰਾ ਸੁੰਦਰ ਲਿਖਾਈ ਦੇ ਸਰਬ ਪ੍ਰਵਾਨਿਤ ਮਾਹਿਰ ਸਨ।ਉਨ੍ਹਾਂ ਦੀ ਸੁੰਦਰ ਲਿਖਾਈ ਬਾਰੇ ਪੁਸਤਕ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰਕਾਸ਼ਿਤ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਵੰਡੀਆਂ।1966 ਵਿੱਚ ਉਨ੍ਹਾਂ ਨੂੰ ਪੰਜਾਬ ਰਾਜ ਦੇ ਸਰਵੋਤਮ ਅਧਿਆਪਕ ਦਾ ਪੁਰਸਕਾਰ ਮਿਲਿਆ ਜਦ ਕਿ 1981 ’ਚ ਉਨ੍ਹਾਂ ਨੂੰੰ ਕੌਮੀ ਅਧਿਆਪਕ ਪੁਰਸਕਾਰ ਨਾਲ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਨੇ ਸਨਮਾਨਿਤ ਕੀਤਾ।
ਨਾਗਰਾ ਨੇ ਬਾਲਗ ਸਿੱਖਿਆ ਲਈ ਵੀ ਪੰਜ ਪੁਸਤਕਾਂ ਲਿਖੀਆਂ ਅਤੇ ਬਾਲਗ ਸਿੱਖਿਆ ਖੇਤਰ ’ਚ ਨਿਸ਼ਕਾਮ ਕਾਰਜ ਮਰਦੇ ਦਮ ਤੀਕ ਕੀਤਾ।ਉਹ ਕਰਮਯੋਗੀ ਅਧਿਆਪਕ ਸਨ।ਪੰਜਾਬੀ ਸੱਥ ਬਰਵਾਲ਼ੀ ਵਲੋਂ ਸ਼ਮਸ਼ੇਰ ਸਿੰਘ ਨਾਗਰਾ ਨੂੰੰ ਸ਼ਾਨਦਾਰ ਸਾਹਿਤ, ਸਭਿਆਚਾਰ ਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਸੇਵਾਵਾਂ ਬਦਲੇ ਸਾਲ 2014 ਵਿੱਚ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇਸ ਸਾਲ ਵੀ ਅਧਿਆਪਕ ਚੇਤਨਾ ਮੰਚ ਸਮਰਾਲਾ ਨੇ ਉਨ੍ਹਾਂ ਨੂੰ ਜੀਵਨ ਭਰ ਦੀਆਂ ਉਪਲਬਧੀਆਂ ਬਦਲੇ ਸਨਮਾਨਿਤ ਕੀਤਾ ਗਿਆ।ਪੰਜਾਬੀ ਸਾਹਿਤ ਅਕਾਡਮੀ ਦੇ 2014 ’ਚ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਉਨ੍ਹਾਂ ਦੇ ਪਿੰਡ ਨਾਗਰਾ ਪੁੱਜ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਬਲਾਕ ਸਿੱਖਿਆ ਅਫ਼ਸਰ ਵਜੋਂ ਸੇਵਾਮੁਕਤ ਹੋਏ ਸ਼ਮਸ਼ੇਰ ਸਿੰਘ ਨਾਗਰਾ ਪੂਰੇ ਪੰਜਾਬ ਦੇ ਅਧਿਆਪਕ ਵਰਗ ਲਈ ਚਾਨਣ ਮੁਨਾਰੇ ਸਨ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾ ਮੁਕਤ ਆਰਕੀਟੈਕਟ ਕਰਮਜੀਤ ਸਿੰਘ ਨਾਰੰਗਵਾਲ ਦੇ ਉਹ ਮਾਮਾ ਜੀ ਸਨ ਅਤੇ ਨਾਗਰਾ ਜੀ ਦੀ ਪ੍ਰੇਰਨਾ ਨਾਲ ਹੀ ਉਹ ਆਰਕੀਟੈਕਟ ਬਣੇ।ਸਮਰਾਲਾ ਦੀ ਜੀਵੇ ਧਰਤ ਹਰਿਆਵਲੀ ਲਹਿਰ ਦੇ ਮੋਢੀ ਤੇ ਨਾਗਰਾ ਪਿੰਡ ਦੇ ਵਾਸੀ ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਹਾਕੀ ਕਲੱਬ ਸਮਰਾਲਾ ਨੇ ਦੱਸਿਆ ਕਿ ਉਹ ਪਿੰਡ ਦੀ ਰੀੜ੍ਹ ਦੀ ਹੱਡੀ ਸਨ। ਸਾਰੇ ਪਿੰਡ ਵਾਲੇ ਉਨ੍ਹਾਂ ਨੂੰ ਸਤਿਕਾਰ ਨਾਲ ਬਾਪੂ ਜੀ ਕਹਿ ਕੇ ਹੀ ਸੰਬੋਧਨ ਕਰਦੇ ਸਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …