Thursday, November 21, 2024

ਲੋਕ ਗਾਇਕਾ ਗੁਰਮੀਤ ਬਾਵਾ ਦੀ ਯਾਦ ‘ਚ ਅੰਮ੍ਰਿਤਸਰ ਵਿੱਚ ਬਣੇਗੀ ਲੋਕ ਗੀਤ ਅਕੈਡਮੀ – ਡਾ. ਵੇਰਕਾ

ਅੰਮ੍ਰਿਤਸਰ, 5 ਦਸੰਬਰ (ਦੀਪ ਦਵਿੰਦਰ ਸਿੰਘ) – ਵਿਸ਼ਵ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਦੀ ਯਾਦ ਵਿੱਚ ਅੰਮ੍ਰਿਤਸਰ ‘ਚ ਲੋਕ ਗੀਤ ਅਕੈਡਮੀ ਬਣੇਗੀ।ਜਿਸ ਵਿੱਚ ਗੁਰਮੀਤ ਬਾਵਾ ਦੇ ਗੀਤ ਸੰਗੀਤ ਨੂੰ ਭਵਿੱਖੀ ਪੀੜ੍ਹੀਆਂ ਲਈ ਸਾਂਭਿਆ ਜਾਵੇਗਾ ਤਾਂ ਕਿ ਉਨ੍ਹਾਂ ਦੀ ਸਾਫ਼ ਸੁਥਰੀ ਗਾਇਕੀ ਦੀ ਦਿੱਖ ਕਾਇਮ ਰਹੇ।ਇਸ ਸਬੰਧੀ ਅੱਜ ਵਿਰਸਾ ਵਿਹਾਰ ਵਿਖੇ ਵਿਰਸਾ ਵਿਹਾਰ ਸੁਸਾਇਟੀ ਵਲੋਂ ਗੁਰਮੀਤ ਬਾਵਾ ਦੀ ਯਾਦ ਵਿੱਚ ਰਖੇ ਇੱਕ ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਇਸ ਸਬੰਧੀ ਕਿ ਕੱਲ੍ਹ ਅੰਮ੍ਰਿਤਸਰ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਰਸਮੀ ਤੌਰ ‘ਤੇ ਐਲਾਨ ਕਰਨਗੇ।ਡਾ. ਵੇਰਕਾ ਨੇ ਇਸ ਮੌਕੇ ਅਕਾਦਮੀ ਵਾਸਤੇ ਆਪਣੇ ਅਖਤਿਆਰੀ ਫੰਡ ਵਿਚੋਂ 50 ਲੱਖ ਰੁਪਏ ਦੇਣ ਦਾ ਅਤੇ ਗੁਰਮੀਤ ਬਾਵਾ ਦੇ ਪਰਿਵਾਰ ਵਿੱਚ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ।
                ਇਸ ਤੋਂ ਪਹਿਲਾਂ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਗੁਰਮੀਤ ਬਾਵਾ ਦੇ ਜੀਵਨ ਕਾਲ, ਉਨ੍ਹਾਂ ਦੀ ਗਾਇਕੀ, ਨਿਮਰ ਸੁਭਾਅ ਤੇ ਸੰਘਰਸ਼ ਬਾਰੇ ਵਿਸਥਾਰ ਸਹਿਤ ਦੱਸਿਆ।ਇਸੇ ਦੌਰਾਨ ਪੰਜਾਬੀ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਵਲੋਂ ਕੇਵਲ ਧਾਲੀਵਾਲ ਦੀ ਅਗਵਾਈ ’ਚ ਤਿਆਰ ਕੀਤੀ ਡਾਕੂਮੈਂਟਰੀ ਫ਼ਿਲਮ ‘ਵਹਿੰਦੇ ਦਰਿਆਵਾਂ ਦੀ ਹੇਕ’ ਵੀ ਦਿਖਾਈ ਗਈ।
             ਅੱਜ ਦੇ ਸਮਾਗਮ ਵਿੱਚ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਡਾ. ਪਰਮਿੰਦਰ, ਕਿਰਪਾਲ ਬਾਵਾ, ਡਾ. ਸ਼ਿਆਮ ਸੁੰਦਰ ਦੀਪਤੀ, ਅਰਤਿੰਦਰ ਸੰਧੂ, ਅਨੀਤਾ ਦੇਵਗਨ, ਹਰਦੀਪ ਗਿੱਲ, ਪਵਨਦੀਪ, ਅਰਵਿੰਦਰ ਸਿੰਘ ਚਮਕ, ਡਾ. ਨਰੇਸ਼, ਜੇ. ਐਸ ਜੱਸ, ਕਮਲ ਗਿੱਲ, ਹਰਿੰਦਰ ਸੋਹਲ, ਗੁਰਜੀਤ ਕੌਰ ਅਜਨਾਲਾ, ਸੁਖਵਿੰਦਰ ਸਿੰਘ ਰਾਜਾਸਾਂਸੀ, ਸੁਖਮੀਤ ਸਿੰਘ ਟੀ.ਐਸ ਰਾਜਾ, ਗੁਰਦੇਵ ਸਿੰਘ ਮਹਿਲਾਂਵਾਲਾ, ਮਨਜੀਤ ਸਿੰਘ ਧਾਲੀਵਾਲ, ਦਿਲਬਾਗ ਸਿੰਘ, ਬਲਵਿੰਦਰ ਝਬਾਲ ਆਦਿ ਨੇ ਗੁਰਮੀਤ ਬਾਵਾ ਨਾਲ ਯਾਦਾਂ ਸਾਂਝੀਆਂ ਕੀਤੀਆਂ। ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ, ਦੌਹਤਰੀ ਪੂਰਵਾ ਨੇ ਇਕ ਗੀਤ ਪੇਸ਼ ਕਰਕੇ ਗੁਰਮੀਤ ਬਾਵਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਵਿਰਸਾ ਵਿਹਾਰ ਸੁਸਾਇਟੀ ਵੱਲੋਂ ਗਲੋਰੀ ਬਾਵਾ ਨੂੰ ਇਕ ਯਾਦ ਵਜੋਂ ਫੁਲਕਾਰੀ ਭੇਂਟ ਕੀਤੀ।ਸਭ ਦਾ ਧੰਨਵਾਦ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ ਨੇ ਕੀਤਾ।
             ਮੰਚ ਸੰਚਾਲਨ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕੀਤਾ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …