ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਉਚ ਪੱਧਰੀ ਮਾਹਿਰਾਂ ਦੀ ਟੀਮ ਨੇ ‘ਜਲਵਾਯੂ ਚੁਣੌਤੀਆਂ : ਪ੍ਰਭਾਵ ਅਤੇ ਰੋਕਥਾਮ’ ਵਿਸ਼ੇ ’ਤੇ ਸੈਮੀਨਾਰ ਅਤੇ ਵਿਚਾਰ ਗੋਸ਼ਟੀ ’ਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਿਨ-ਬ-ਦਿਨ ਵਿਗੜ ਰਹੇੇ ਵਾਤਾਵਰਣ ਨੂੰ ਸੰਭਾਲਣ ਸਬੰਧੀ ਹੰਭਲਾ ਮਾਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ‘ਜਲਵਾਯੂ ਕਾਰਜ਼ ਯੋਜਨਾ’ ਦੀ ਐਲਾਨ ਕੀਤਾ ਜਾਵੇ।
ਦਿਲਬੀਰ ਫਾਊਂਡੇਸ਼ਨ ਅਤੇ ਸੀ.ਆਈ.ਆਈ ਦੇ ਸਹਿਯੋਗ ਨਾਲ ਕਾਲਜ ਵਿਖੇ ਕਰਵਾਏ ਗਏ ਇਸ ਤਰ੍ਹਾਂ ਦੇ ਪਹਿਲੇ ਸੈਮੀਨਾਰ ’ਚ ਗੈਰ-ਰਵਾਇਤੀ ਊਰਜਾ ਦੇ ਸਰੋਤਾਂ ਨੂੰ ਹਰ ਪੱਧਰ ’ਤੇ ਅਪਨਾਉਣ ’ਤੇ ਜ਼ੋਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਸਮਾਂ ਹੱਥਾਂ ’ਚੋਂ ਖਿਸਕ ਰਿਹਾ ਹੈ ਅਤੇ ਜੇਕਰ ਜਲਦ ਯੋਗ ਹੱਲ ਨਾ ਤਲਾਸ਼ੇ ਗਏ ਤਾਂ ਉਹ ਦਿਨ ਦੂਰ ਨਹੀਂ, ਜਦੋਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਅਤੇ ਫ਼ਾਊਂਡੇਸ਼ਨ ਦੇ ਚੇਅਰਮੈਨ ਗੁਨਬੀਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਮੌਕੇ ਪੈਨਲ ਦੇ ਮੈਂਬਰਾਂ ’ਚ ਸਾਬਕਾ ਚੀਫ਼ ਸੈਕਟਰੀ ਪੰਜਾਬ ਅਤੇ ਚੇਅਰਮੈਨ ਪੀ. ਡਬਲਯੂ.ਆਰ.ਡੀ.ਏ ਕਰਨ ਅਵਤਾਰ ਸਿੰਘ, ਹਾਰਵਰਡ ਦੇ ਸਾਬਕਾ ਵਿਦਿਆਰਥੀ ਅਤੇ ਲੇਖਕ ਰਾਜਨ ਮਹਿਤਾ, ਖੇਤੀ ਅਰਥ ਸ਼ਾਸਤਰੀ ਡਾ. ਦਵਿੰਦਰ ਸ਼ਰਮਾ ਅਤੇ ਸਕੱਤਰ ਜਨਰਲ ਤੇ ਸੀ.ਈ.ਓ, ਡਬਲਯੂ.ਡਬਲਯੂ.ਐਫ਼. ਇੰਡੀਆ ਰਵੀ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਗੁਨਬੀਰ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਹੁਣ ਜਲਵਾਯੂ ਪਰਿਵਰਤਨ ਸਬੰਧੀ ਮੁੱਦਿਆਂ ਬਾਰੇ ਕੁੱਝ ਨਹੀਂ ਕਰਾਂਗੇ ਤਾਂ ਜਲਦੀ ਹੀ ਅਸੀਂ ਖ਼ੁੱਦ ਨੂੰ ਇਹ ਮੌਕਾ ਗੁਆਉਣ ’ਤੇ ਪਛਤਾਵਾ ਮਹਿਸੂਸ ਕਰਾਂਗੇ।ਇਹ ਕਿੰਨਾ ਹੈਰਾਨੀਜਨਕ ਹੈ ਕਿ ਇਕ ਪਾਸੇ ਅਸੀਂ ਧਰਤੀ ਨੂੰ ਹੋਂਦ ਨੂੰ ਖਤਰੇ ’ਚ ਪਾ ਰਹੇ ਹਾਂ ਅਤੇ ਦੂਜੇ ਪਾਸੇ ਅਸੀਂ ਮੰਗਲ ’ਤੇ ਜੀਵਨ ਦੀਆਂ ਸੰਭਾਵਨਾਵਾਂ ਦੀ ਖੋਜ਼ ਕਰ ਰਹੇ ਹਾਂ ਅਤੇ ਚੰਦਰਮਾ ਨੂੰ ਰਹਿਣਯੋਗ ਬਣਾ ਰਹੇ ਹਾਂ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਬੰਜ਼ਰ ਖੇਤਰਾਂ ਨੂੰ ਮਨੁੱਖਤਾ ਦੇ ਰਹਿਣਯੋਗ ਬਣਾਉਣ ਲਈ ਇਨ੍ਹਾਂ ਨੂੰ ਮੁੜ ਸੁਰਜੀਤ ਕਰਨਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਧਰਤੀ ’ਤੇ ਆਪਣੇ ਰਹਿਣ-ਸਹਿਣ ਦੇ ਢੰਗ ਨੂੰ ਸੁਧਾਰਨਾ ਚਾਹੀਦਾ ਹੈ।ਗੁਨਬੀਰ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮਨੁੱਖ ਆਪਣੀ ਗਹਿਰੀ ਨੀਂਦ ’ਚੋਂ ਜਾਗੇ ਨਹੀਂ ਤਾਂ ਧਰਤੀ ਦਾ ਸਰਵਨਾਸ਼ ਸਪੱਸ਼ਟ ਸੰਕੇਤਾਂ ਜਿਵੇਂ ਕਿ ਸੜ ਰਹੇ ਜੰਗਲ, ਸਮੁੰਦਰਾਂ ’ਚ ਵੱਧ ਰਹੇ ਪਾਣੀ ਅਤੇ ਖ਼ਤਰਨਾਕ ਤੂਫ਼ਾਨਾਂ ਤੋਂ ਸਪੱਸ਼ਟ ਹੈ।
ਸੀ.ਆਈ.ਆਈ ਅੰਮ੍ਰਿਤਸਰ ਜ਼ੋਨ ਦੇ ਚੇਅਰਮੈਨ ਨਵਨੀਤ ਮਿੱਤਰ ਕਿਹਾ ਕਿ ਸਮੇਂ ਦੀ ਜਰੂਰਤ ਮੁਤਾਬਿਕ ਹੁਣ ਲੋਕਾਂ ਨੂੰ ਆਪਣੀ ਧਰਤੀ ਬਚਾਉਣ ਲਈ ਲਾਮਬੰਦ ਕਰਨ ਦਾ ਸਮਾਂ ਆ ਗਿਆ ਹੈ।ਇਸ ਸੈਮੀਨਾਰ ਦਾ ਮੁੱਖ ਮਕਸਦ ਜਲਵਾਯੂ ਬਦਲਾਅ ਸਬੰਧੀ ਅਤੇ ਧਰਤੀ ਨੂੰ ਬਚਾਉਣ ਲਈ ਆਪਣੀ ਜੀਵਨਸ਼ੈਲੀ ਨੂੰ ਬਦਲਣ ਦੀ ਲੋੜ ਹੈ।
ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪੰਜਾਬ ਭਰ ਦੇ ਨਾਗਰਿਕਾਂ ਨੂੰ ਹੋਕਾ ਦਿੰਦਿਆਂ ਜਲਵਾਯੂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਯਤਨ ਕਰਨ ਲਈ ਉਤਸ਼ਾਹਿਤ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …