Sunday, April 27, 2025
Breaking News

`ਧਨੁ ਲਿਖਾਰੀ ਨਾਨਕਾ` ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਚੌਥੇ ਚਾਰ ਰੋਜ਼ਾ ਨਾਟਕ ਮੇਲੇ ਦੇ ਦੂਜੇ ਦਿਨ ਅਦਾਕਾਰ ਮੰਚ ਮੋਹਾਲੀ ਵਲੋਂ ਡਾ. ਸਾਹਿਬ ਸਿੰਘ ਸਿੰਘ ਦੇ ਲਿਖੇ ਅਤੇ ਨਿਰਦੇਸ਼ਤ ਕੀਤੇ ਇੱਕ ਪਾਤਰੀ ਨਾਟਕ ਧਨੁ ਲਿਖਾਰੀ ਨਾਨਕਾ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਨਾਟਕ ਧਨੁ ਲੇਖਾਰੀ ਨਾਨਕਾ ਲੇਖਕ ਦਾ ਸਮਾਜ ਨਾਲ ਰਿਸ਼ਤਾ ਪ੍ਰੀਭਾਸ਼ਿਤ ਕਰ ਗਿਆ।ਨਾਟਕ ਸੰਵੇਦਨਸ਼ੀਲ ਲੇਖਕ ਦੀ ਕਹਾਣੀ ਹੈ, ਜਿਸ ਦੇ ਆਲੇ ਦੁਆਲੇ ਬਹੁਤ ਕੁੱਝ ਵਾਪਰ ਰਿਹਾ ਹੈ।ਨਾਟਕ ਵਿੱਚ ਮੁੱਖ ਪਾਤਰ ਲੇਖਕ ਸਾਹਿਲ ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਸੰਘਰਸ਼ਾਂ ਵਿੱਚ ਕੋਈ ਯੋਗਦਾਨ ਪਾਉਣ ਅਤੇ ਸੱਚ ‘ਤੇ ਪਹਿਰਾ ਦੇਣ ਲਈ ਹਰ ਕੁਰਬਾਨੀ ਲਈ ਤਿਆਰ ਰਹਿਣ ਦਾ ਸੁਣੇਹਾ ਦੇਣ ਵਿੱਚ ਸਫਲ ਰਿਹਾ।ਅਜਿਹੇ ਭਾਵ ਸਿਰਜ਼ਦਾ ਇਹ ਨਾਟਕ ਲੇਖਕ ਸਾਹਿਲ ਸਿੰਘ ਤੇ ਦਿੱਲੀ ਬੈਠੀ ਉਸ ਦੀ ਧੀ ਦੇ ਆਪਸੀ ਸੰਵਾਦ ਰਾਹੀਂ ਅਲੱਗ-ਅਲੱਗ ਕਹਾਣੀਆਂ ਤੋਂ ਪਰਦਾ ਉਠਾਉਂਦਾ ਹੈ।
ਇਸ ਮੌਕੇ ਫਿਲਮੀਂ ਜਗਤ ਦੀ ਪ੍ਰਸਿੱਧ ਅਦਾਕਾਰਾ ਅਨੀਤਾ ਦੇਵਗਨ ਨੇ ਮੁੱਖ ਮਹਿਮਾਨ ਅਤੇ ਡਾ. ਅਮਨਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਉਤਸਵ ਦੇ ਦੂਜੇ ਦਿਨ ਐਲੀਵੇਸ਼ਨ ਓਵਰਸੀਅਜ਼ ਤੋਂ ਯੋਗੇਸ਼ ਮਦਾਨ ਅਤੇ ਸੁਖਜੀਤ ਸਿੰਘ ਉਚੇਚੇ ਤੌਰ ’ਤੇ ਪਹੁੰਚੇ।ਸ਼ਬਿਅਤਾ ਜਰਿਆਲ, ਨਿਖਿਲ ਸ਼ਰਮਾ ਨੂੰ ਵਿਸ਼ੇਸ਼ ਯੋਗਦਾਨ ਲਈ ਡਰਾਮਾ ਕਲੱਬ ਦੇ ਇੰਚਾਰਜ਼ ਡਾ. ਸੁਨੀਲ ਕੁਮਾਰ ਵਲੋਂ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਡਰਾਮਾ ਕਲੱਬ ਕਨਵੀਨਰ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਡਾ. ਕੰਵਲ ਰੰਧੇਅ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ ਚੱਢਾ, ਡਾ. ਨਵਦੀਪ ਸਿੰਘ ਸੋਢੀ, ਡਾ. ਬਵਨੀਤਾ ਢਿੱਲੋਂ, ਡਾ. ਯੂਬੀ ਗਿੱਲ, ਡਾ. ਮਨਜਿੰਦਰ ਸਿੰਘ, ਡਾ. ਬਲਜੀਤ ਕੌਰ, ਡਾ. ਹਰਸਿਮਰਨ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਨਾਟਕ ਦਾ ਅਨੰਦ ਮਾਣਿਆ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …