ਚੋਰੀ ਸ਼ੁਦਾ 11 ਮੋਟਰਸਾਈਕਲ ਅਤੇ 3 ਐਕਟਿਵਾ ਬਰਾਮਦ
ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਮੁੱਖ ਅਫਸਰ ਥਾਣਾ ਸਿਵਲ ਲਾਇਨ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਇੰਚਾਰਜ ਚੌਂਕੀ ਸਰਕਟ ਹਾਊਸ ਏ.ਐਸ.ਆਈ ਹਰਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਨੇੜੇ ਲਾਲ ਹਸਪਤਾਲ ਯਾਸੀਨ ਰੋਡ ਮੌਜੂਦ ਸੀ ਕਿ ਮੁਖਬਰ ਖਾਸ ਨੇ ਉਨ੍ਹਾਂ ਪਾਸ ਆ ਕੇ ਇਤਲਾਹ ਦਿੱਤੀ ਕਿ ਦੋਸ਼ੀ ਅਸ਼ੋਕ ਕੁਮਾਰ ਪੁੱਤਰ ਲੇਖ ਰਾਜ ਵਾਸੀ ਪਿੰਡ ਮਾਕੋਵਾਲ ਥਾਣਾ ਰਮਦਾਸ ਤਹਿਸੀਲ ਅਜਨਾਲਾ ਅੰਮ੍ਰਿਤਸਰ ਅਤੇ ਰਣਜੀਤ ਸਿੰਘ ਉਰਫ ਲਵਲੀ ਪੁੱਤਰ ਰਾਮ ਪਾਲ ਵਾਸੀ ਗਲੀ ਨੰ: 5, ਰਜੇਸ਼ ਨਗਰ, ਮੋਹਕਮਪੁਰਾ ਅੰਮ੍ਰਿਤਸਰ ਜੋ ਮੋਟਰ ਸਾਈਕਲ ਅਤੇ ਐਕਟਿਵਾ ਸਕੂਟਰ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ ਇਸ ਇਲਾਕੇ ਵਿੱਚ ਘੁੰਮ ਰਹੇ ਹਨ।ਇਸ ਇਤਲਾਹ ‘ਤੇ ਨਾਕਾਬੰਦੀ ਕਰਕੇ ਮੁਖਬਰ ਖਾਸ ਵੱਲੋਂ ਦੱਸੇ ਹੁਲੀਏ ਮੁਤਾਬਿਕ ਉਕਤ ਦੋਸ਼ੀਆਂ ਨੂੰ ਚੋਰੀਸ਼ੁਦਾ ਮੋਟਰ ਸਾਈਕਲ ਨੰਬਰ ਪੀ.ਬੀ.02-ਬੀ.ਯੂ-6723 ਸਮੇਤ ਗ੍ਰਿਫਤਾਰ ਕੀਤਾ ਅਤੇ ਮੁਕੱਦਮਾ ਨੰ: 31 ਮਿਤੀ: 1-2-15 ਜੁਰਮ 379, 411 ਮੁਕੱਦਮੇ ਦਰਜ਼ ਕਰਕੇ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਦੋਸ਼ੀਆਂ ਪਾਸੋਂ 10 ਹੋਰ ਮੋਟਰ ਸਾਈਕਲ ਅਤੇ 3 ਐਕਟਿਵਾ ਸਕੂਟਰ ਜੋ ਇੰਨ੍ਹਾਂ ਨੇ ਵੱਖ-ਵੱਖ ਜਗ੍ਹਾ ਜਿਵੇਂ ਕਿ ਤਹਿਸੀਲਪੁਰਾ, ਕੋਟ ਮਿੱਤ ਸਿੰਘ, ਬਟਾਲਾ ਰੋਡ, ਕੰਪਨੀ ਬਾਗ, ਬਾਹਰਵਾਰ ਕੰਪਨੀ ਬਾਗ, ਕਵੀਨਜ਼ ਰੋਡ, ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਤੋਂ ਚੋਰੀ ਕੀਤੇ ਸਨ ਬਰਾਮਦ ਕੀਤੇ ਹਨ।ਦੋਸ਼ੀ ਅਸ਼ੋਕ ਕੁਮਾਰ ਪੁਲਿਸ ਦਾ ਡਿਸਮਿਸ ਸਿਪਾਹੀ ਹੈ, ਜਿਸ ਪਾਸੋਂ ਪੁਲਿਸ ਦਾ ਆਈ ਕਾਰਡ ਅਤੇ ਇੱਕ ਏ.ਐਸ.ਆਈ ਰੈਂਕ ਦਾ ਜਾਅਲੀ ਆਈ ਕਾਰਡ ਮਿਲਿਆ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਆਪਣੀ ਪੁਲਿਸ ਵਾਲੀ ਜਾਅਲੀ ਪਛਾਣ ਦੱਸ ਕੇ ਵਹੀਕਲ ਵੇਚ ਕੇ ਕੁੱਝ ਪੈਸੇ ਲੈ ਕੇ ਅਤੇ ਵਹੀਕਲ ਦੇ ਕਾਗਜ਼ਾਤ ਦੇਣ ਦਾ ਲਾਰਾ ਲਗਾ ਕੇ ਫਿਰ ਉਸ ਜਗ੍ਹਾ ਪਰ ਦੁਬਾਰਾ ਨਹੀਂ ਸੀ ਜਾਂਦੇ।ਦ ਉਨਾਂ ਕਿਹਾ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛ-ਗਿੱਛ ਕਰਕੇ ਹੋਰ ਚੋਰੀਸ਼ੁਦਾ ਵਹੀਕਲ ਬਰਾਮਦ ਹੋਣ ਦੀ ਸੰਭਾਵਨਾ ਹੈ।