Monday, December 23, 2024

ਡੀ.ਜੇ ਬਨਾਮ ਪੰਜਾਬੀ ਸੱਭਿਆਚਾਰ

dj

ਗੁਰਬਾਜ ਸਿੰਘ ਭੰਗਚੜੀ

ਪੰਜਾਬ ਵਿੱਚ ਇਨੀ ਦਿਨੀ ਡੀ.ਜੇ ਨਾਲ ਸਬੰਧਤ ਵਾਪਰ ਰਹੀਆਂ ਘਟਨਾਵਾਂ ਨੇ ਹਰ ਪੰਜਾਬੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਾਡਾ ਪੁਰਾਤਨ ਵਿਰਸਾ ਇਨ੍ਹਾਂ ਖੁਸ਼ਹਾਲ ਅਤੇ ਮੋਹ ਪ੍ਰੇਮ ਵਾਲਾ ਕਿਉ ਸੀ।ਪੰਜਾਬ ਭਾਵੇਂ ਵਿਕਾਸ ਦੀਆਂ ਬੁਲੰਦੀਆ ਜਾਂ ਫੇਰ ਸੰਸਾਰੀ ਗਤੀ ਨਾਲ ਤੇਜ ਦੌੜ ਰਿਹਾ ਹੈ, ਪਰ ਇਹੀ ਗਤੀ ਪੰਜਾਬ ਵਿੱਚ ਪੰਜਾਬੀਆਂ ਦੀ ਕਰਾਜਗੁਜ਼ਾਰੀ ਨੂੰ ਕਲਿੰਕਤ ਕਰ ਰਹੀ ਹੈ।ਪੰਜਾਬ ਦੇ ਸਮਾਜ ਨੂੰ ਬਰਬਾਦ ਕਰ ਕਰਨ ਜਾ ਫੇਰ ਇਹ ਕਿਹ ਲਵੋ ਕਿ ਗਲਤ ਰਸਤੇ ਪਾਉਣ ਲਈ ਕਲਾਕਰ ਸਿੱਧੇ ਤੌਰ ‘ਤੇ ਜਿੰਮੇਵਾਰ ਹਨ।ਪੱਛਮੀ ਸਮਾਜ ਜਿਵੇ ਜਿਵੇ ਪੰਜਾਬੀ ਸੱਭਿਆਚਾਰ ਵਿੱਚ ਦਾਖਲ ਹੁੰਦਾ ਜਾ ਰਿਹਾ ਹੈ ਉਨੀ ਹੀ ਗਤੀ ਨਾਲ ਪੰਜਾਬ ਵਿੱਚ ਰਹਿ ਰਹੇ ਲੋਕ ਪੰਜਾਬੀ ਵਿਰਸੇ ਤੋ ਦੂਰ ਹੁੰਦੇ ਜਾ ਰਹੇ ਹਨ।ਗੱਲ ਸਿਰਫ ਪੰਜਾਬ ਵਿਰਸੇ ਜਾਂ ਸੱਭਿਆਚਾਰ ਦੀ ਨਹੀਂ ਸਮਾਜ ਦੇ ਹਰ ਖੇਤਰ ਵਿੱਚ ਇਸ ਤੇ ਬੁਰੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ।ਪੰਜਾਬੀ ਦੀ ਜਵਾਨੀ ਜਾਂ ਫੇਰ ਪੰਜਾਬੀ ਲੋਕਾਂ ਦਾ ਆਪਣੀਆਂ ਰਸਮਾਂ ਰਿਵਾਜਾਂ ਦਾ ਭੁੱਲਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਨੂੰ ਸਮਾਜ ਵਿੱਚੋ ਇਹਨਾਂ ਪ੍ਰਤੀ ਪ੍ਰੇਰਨਾ ਹੀ ਨਹੀ ਮਿਲਦੀ।ਪੁਰਾਤਨ ਸਮੇਂ ਵਿੱਚ ਕਲਾਕਾਰ ਜੋ ਕਿ ਸਮਾਜ ਦਾ ਮੁੱਢ ਹੁੰਦੇ ਹਨ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਤੋ ਪਹਿਲਾ ਘੱਟੋ ਘੱਟ ਪੰਜ ਦਸ ਮਿੰਟ ਵਾਹਿਗੁਰੂ ਨੂੰ ਯਾਦ ਕਰਦਾ ਸੀ।ਜਿਸ ਦੇ ਸਿੱਟੇ ਵਜੋਂ ਲੋਕਾਂ ਵਿੱਚ ਵਾਹਿਗੁਰੂ ਭਾਵ ਰੱਬ ਦੇ ਪ੍ਰਤੀ ਸ਼ਰਧਾ ਬਣੀ ਰਹਿੰਦੀ ਸੀ।ਪ੍ਰੰਤੂ ਅੱਜਕੱਲ ਦੇ ਕਲਾਕਾਰਾਂ ਕੋਲ ਵਾਹਿਗੁਰੂ ਦੇ ਲਈ ਵੀ ਸਮਾਂ ਨਹੀ ਹੈ। ਜਿਸ ਦੇ ਕਾਰਨ ਨੌਜਵਾਨੀ ਇਹਨਾਂ ਦੀ ਕਲਾਕਾਰੀ ਤੋਂ ਪ੍ਰਭਾਵਿਤ ਹੋ ਕੇ ਰੱਬ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਖੁਸ਼ੀ ਤੇ ਮੌਕੇ ਘਰਾਂ ਵਿੱਚ ਪਾਠ ਕਰਵਾਏ ਜਾਂਦੇ ਸਨ।ਕੀਰਤਨ ਸਮਾਗਮ ਹੁੰਦੇ ਸਨ ਜਿਸ ਦੇ ਕਾਰਨ ਪ੍ਰਭੂ ਭਗਤੀ ਨਾਲ ਤਾਰ ਜੁੜੀ ਰਹਿੰਦੀ ਸੀ, ਪਰ ਅੱਜ ਕੱਲ ਪ੍ਰਮਾਤਮਾ ਦੀ ਸ਼ਰਨ ਦੁੱਖਾਂ ਦਾ ਭਾਰ ਟੁੱਟਣ ‘ਤੇ ਹੀ ਲਈ ਜਾਂਦੀ ਹੈ।
ਪੰਜਾਬ ਵਿੱਚ ਭਾਵੇਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਪ੍ਰੰਤੂ ਡੀ.ਜੇ ਵੀ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦਾ ਮੁੱਖ ਵਿਰੋਧੀ ਹੈ।ਡੀ.ਜੇ ਦੇ ਆਉਣ ਨਾਲ ਰਿਸ਼ਤਿਆਂ ਦੀ ਕਦਰ ਅਤੇ ਨੋਕ-ਝੋਕ ਬਿਲਕੁੱਲ ਖ਼ਤਮ ਹੁੰਦੀ ਜਾਂ ਰਹੀ ਹੈ।ਡੀ.ਜੇ ਭਾਂਵੇ ਇੱਕ ਮਨੋਰੰਜਣ ਦਾ ਸਾਧਨ ਹੈ ਪਰ ਇਸ ਦੇ ਚੱਲਣ ਵਾਲੇ ਸੰਗੀਤ ਨੇ ਇਨਸਾਨੀਆਤ ਨੂੰ ਹੈਵਾਨੀਅਤ ਵਿੱਚ ਬਦਲ ਕੇ ਰੱਖ ਦਿੱਤਾ ਹੈ।ਇਸ ਦੀ ਤਾਜਾ ਮਿਸਾਲ ਬਠਿੰਡਾ ਦੇ ਮੌੜ ਮੰਡੀ ਵਿੱਚ ਡਾਂਨਸਰ ਲੜਕੀ ਦੀ ਮੌਤ ਹੈ।ਵਿਆਹ ਵਾਲੇ ਘਰ ਲਈ ਡੀ.ਜੇ ਭਾਂਵੇ ਮਨੋਰੰਜਨ ਦਾ ਸਾਧਨ ਹੁੰਦਾ ਹੈ ਪ੍ਰੰਤੂ ਡੀ.ਜੇ ਵਾਲੇ ਕੰਪਿਊਟਰ ਤੇ ਬੈਠੇ ਲੜਕੇ ਅਤੇ ਮਜਬੂਰੀ ਵੱਸ ਨੱਚ ਰਹੀਆਂ ਲੜਕੀਆਂ ਲਈ ਇਹ ਦੁੱਖ ਦੀ ਘੜੀ ਹੁੰਦੀ ਹੈ।ਅੱਜਕੱਲ ਦੇ ਸੰਗੀਤ ਦੀਆਂ ਲੱਚਰ ਧੁਨਾ ਤੋਂ ਪ੍ਰਭਵਿਤ ਹੋ ਕੇ ਮੰਡੀਰ ਦਾਰੂ ਦੇ ਸਰੂਰ ਵਿੱਚ ਸ਼ਰਮ ਦੀਆਂ ਹੱਦਾਂ ਪਰ ਕਰ ਦਿੰਦੀ ਹੈ ਜੋ ਕੀ ਸਾਨੂੰ ਇਹ ਦੁਰਸਾਉਂਦਾ ਹੈ ਕਿ ਜੋ ਪੰਜਾਬੀ ਕਦੇ ਆਪਣੇ ਮਾਪਿਆ ਅੱਗੇ ਕਿਸੇ ਲੜਕੀ ਨੂੰ ਵੇਖਣ ਦੀ ਹਿੰਮਤ ਨਹੀ ਰੱਖਦਾ ਸੀ ਉਹ ਆਪਣੇ ਫ਼ਰਜ ਤੋਂ ਕਿਵੇਂ ਦੂਰ ਹੋ ਰਿਹਾ ਹੈ।ਡੀ.ਜੇ ਸਿਸਟਮ ਨੂੰ ਚਲਾਉਣ ਵਾਲੇ ਲੜਕੇ ਦੀ ਜਿੰਦਗੀ ਬਾਰੇ ਕਦੇ ਕਿਸੇ ਨੂੰ ਖਿਆਲ ਨਹੀ ਆਇਆ ਹੋਣਾ।ਇਹ ਉਹ ਲੜਕੇ ਹੁੰਦੇ ਹਨ ਜੋ ਕਿ ਪੜ੍ਹ ਰਹੇ ਹੁੰਦੇ ਹਨ ਪ੍ਰੰਤੂ ਘਰ ਦੀ ਮਜਬੂਰੀ ਕਰਕੇ ਪੈਸੇ ਲਈ ਆਉਦੇ ਹਨ ਪਰ ਵਿਆਹ ਵਿੱਚ ਕੁਝ ਅਜਿਹੇ ਸ਼ੈਤਾਨ ਹੁੰਦੇ ਹਨ ਕਿ ਜੋ ਸ਼ਰਾਬ ਪੀ ਕੇ ਇਹਨਾਂ ਦੀ ਕੁੱਟਮਾਰ ਕਰਦੇ ਹਨ।ਇੱਥੇ ਵੀ ਡੀ.ਜੇ ਵਾਲੇ ਮਾਲਕ ਜਾਂ ਵਿਆਹ ਵਾਲੇ ਘਰ ਦਾ ਭਾਂਵੇ ਕੋਈ ਨੁਕਸਾਨ ਨਹੀ ਹੁੰਦਾ, ਪਰ ਨਿੱਕੇ ਨਿੱਕੇ ਮਾਸੂਮਾਂ ਦੀ ਭਾਵਨਾ ਨੂੰ ਜਰੂਰ ਸੱਟ ਲੱਗਦੀ ਹੈ।ਇਹੀ ਹਲਾਤ ਸਾਨੂੰ ਮਜਬੂਰੀ ਕਾਰਨ ਆਰਕੈਸਟਰਾ ਦਾ ਕੰਮ ਕਰਦੀਆਂ ਲੜਕੀਆਂ ਨਾਲ ਵੇਖਣ ਨੂੰ ਮਿਲਦੇ ਹਨ।ਕਿਸੇ ਵੀ ਔਰਤ ਜਾਂ ਲੜਕੀ ਦਾ ਇਹ ਸ਼ੌਂਕ ਨਹੀ ਹੁੰਦਾ ਕਿ ਉਹ ਕੁੱਝ ਪੈਸਿਆਂ ਦੀ ਖ਼ਾਤਰ ਸ਼ਰਾਬੀਆਂ ਨਾਲ ਨੱਚਦੇ ਹੋਏ ਉਹਨਾਂ ਦੀਆਂ ਗੰਦੀਆਂ ਹਰਕਤਾਂ ਨੂੰ ਸਹਿਣ ਕਰੇ।ਰੋਜ਼ੀ-ਰੋਟੀ ਹੀ ਇੱਕ ਅਜਿਹਾ ਮਸਲਾ ਹੈ, ਜਿਸ ਦੇ ਕਾਰਨ ਨਿੱਕੀ-ਨਿੱਕੀ ਉਮਰੇ ਇਹ ਲੜਕੀਆਂ ਆਪਣੇ ਘਰ ਚਲਾਉਣ ਖਾਤਰ ਜਾਂ ਫਿਰ ਕਈ ਔਰਤਾਂ ਆਪਣੇ ਸ਼ਰਾਬੀ ਪਤੀਆਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਖਾਤਰ ਡਾਂਸਰ ਗਰੁੱਪ ਵਿੱਚ ਸ਼ਾਮਲ ਹੁੰਦੀਆ ਹਨ।ਇਸ ਲਈ ਇਹਨਾਂ ਗਰੁੱਪਾਂ ਲਈ ਸਰਕਾਰ ਵੱਲੋਂ ਲਾਇੰਸਸ ਲਾਗੂ ਕਰਕੇ ਇਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।ਜੇਕਰ ਅਜਿਹਾ ਸੰਭਵ ਨਹੀ ਤਾਂ ਫਿਰ ਇਹਨਾਂ ਤੇ ਪਾਬੰਦੀ ਜਾਂ ਫਿਰ ਕੋਈ ਹੋਰ ਸਾਰਥਕ ਹੱਲ ਕੱਢਣੇ ਚਾਹੀਦੇ ਹਨ, ਕਿਉਂਕਿ ਕਦੇ ਵੀ ਪੰਜਾਬੀ ਸੱਭਿਆਚਾਰ ਇੱਕ ਲੜਕੀ ਨਾਲ ਅੱਤਿਆਚਾਰ ਕਰਨ ਦੀ ਅਗਿਆ ਨਹੀ ਦਿੰਦਾ।
ਡੀ.ਜੇ ਜਿੱਥੇ ਇੰਨੀਆਂ ਭਿਆਨਕ ਸਮੱਸਿਆਵਾਂ ਦਾ ਕਾਰਨ ਹੈ ਉਥੇ ਹੀ ਪੰਜਾਬੀ ਸੱਭਿਆਚਾਰ ਨੂੰ ਵਿਸਾਰਨ ਦਾ ਵੀ ਸਭ ਤੋਂ ਵੱਡਾ ਕਾਰਨ ਹੈ। ਜਦਕਿ ਪਹਿਲਾਂ ਵਿਆਹ ਜਾਂ ਖੁਸ਼ੀ ਦੇ ਸਮਾਗਮਾਂ ਵਿੱਚ ਔਰਤਾਂ ਦੇ ਗੀਤ ਵਿਆਹ ਦੀ ਰੌਣਕ ਨੂੰ ਦੁੱਗਣਾ ਕਰਦੇ ਸਨ।ਜੀਜਾ-ਸਾਲੀ, ਦਿਉਰ-ਭਰਜਾਈ ਦੀਆਂ ਨੋਕ ਝੋਕ ਵਾਲੀਆਂ ਬੋਲੀਆਂ ਵੀ ਖੁਸ਼ੀ ਨੂੰ ਰੰਗ ਲਾਉਦੀਆਂ ਸਨ। ਪਰੰਤੂ ਡੀ.ਜੇ ਦੇ ਆਉਣ ਕਾਰਨ ਇਹ ਸਭ ਕੁਝ ਖ਼ਤਮ ਹੀ ਹੋ ਗਿਆ ਹੈ।ਅੱਜਕਲ੍ਹ ਵਿਆਹ ਵਾਲੇ ਘਰ ਸ਼ਰਾਬ ਦੇ ਲੋਰ ਵਿੱਚ ਸ਼ਰਾਬੀ ਸ਼ਾਮ ਪੈਦੇ ਹੀ ਉੱਚੀ ਅਵਾਜ਼ ਤੇ ਡੀ.ਜੇ ਚਲਵਾ ਲੈਦੇ ਹਨ।ਜਿਸ ਕਰਕੇ ਨਾਂ ਤਾਂ ਔਰਤਾਂ ਗੀਤ ਗਾ ਸਕਦੀਆਂ ਹਨ ਤੇ ਨਾਂ ਹੀ ਉਹ ਗਿੱਧਾ ਪਾ ਕੇ ਨੱਚ ਸਕਦੀਆਂ ਹਨ।ਜਦਕਿ ਡੀ.ਜੇ ਕਈ ਸਾਰੀਆਂ ਲੜਾਈਆਂ ਦੀ ਜੜ੍ਹ ਹੈ, ਵਿਆਹ ਵਿੱਚ ਕਈ ਵਾਰ ਤਕਰਾਰਬਾਜੀ ਹੋ ਜਾਣ ਦੇ ਸਿੱਟੇ ਸਮਾਜ ਲਈ ਸਾਰਥਕ ਨਹੀ ਨਿੱਕਲਦੇ।
ਪੰਜਾਬੀ ਸਮਾਜ ਦੇ ਸੂਝਵਾਨ ਭਰਾ ਅਤੇ ਬੁੱਧੀਜੀਵੀ ਲੋਕ ਜੋ ਕਿ ਇਸ ਦੀ ਜਕੜ ਤੋਂ ਦੂਰ ਹਨ।ਉਹਨਾਂ ਨੂੰ ਚਾਹੀਦਾ ਹੈ ਕਿ ਇਸ ਦੇ ਨੁਕਸਾਨ ਬਾਰੇ ਸਮਾਜ ਨੂੰ ਪ੍ਰੇਰਿਤ ਕਰਨ, ਤਾਂ ਜੋ ਪੰਜਾਬੀ ਸਮਾਜ ਆਪਣੇ ਪੰਜਾਬੀ ਸੱਭਿਆਚਾਰ ਵੱਲ ਮੁੜ ਕੇ ਆਪਣੀ ਵਿਰਾਸਤ ਕਾਇਮ ਰੱਖ ਸਕੇ।
ਜੇਕਰ ਅਸੀ ਡੀ.ਜੇ ਨੂੰ ਪਾਬੰਦ ਨਹੀਂ ਕਰ ਸਕਦੇ ਤਾਂ ਇਸ ਦੇ ਸਮੇਂ ਦੀ ਸੀਮਾ ਨਿਸ਼ਚਿਤ ਕਰਨੀ ਚਾਹੀਦੀ ਹੈ ਤਾਂ ਜੋ ਪੁਰਤਾਨ ਰਸਮਾਂ ਵੀ ਸਮਾਜ ਵਿੱਚ ਬਣੀਆਂ ਰਹਿਣ।ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਨੂੰ ਕਾਇਮ ਰੱਖਣ ਲਈ ਪੁਰਤਾਨ ਵਿਰਸੇ ਦੀ ਸਾਂਭ-ਸੰਭਾਲ ਬਹੁਤ ਜਰੂਰੀ ਹੈ।

gurbaj-singh-bhangchari-muktsar

ਗੁਰਬਾਜ ਸਿੰਘ ਭੰਗਚੜੀ
ਸ੍ਰੀ ਮੁਕਤਸਰ ਸਾਹਿਬ
ਮੋਬਾ : 97808-05911

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply