Sunday, November 10, 2024

ਮੁੱਖ ਮੰਤਰੀ ਨੇ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਦਾ ਨੀਂਹ ਪੱਥਰ ਰੱਖਿਆ — ਕੇਂਦਰ ਸਰਕਾਰ ਏਅਰ ਮਾਰਸ਼ਲ ਅਰਜਨ ਸਿੰਘ ਨੂੰ ‘ਭਾਰਤ ਰਤਨ’ ਨਾਲ ਸਨਮਾਨੇ – ਬਾਦਲ

PPP120201

ਅੰਮ੍ਰਿਤਸਰ, 12 ਫਰਵਰੀ ( ਪੰਜਾਬ ਪੋਸਟ ਬਿਊਰੋ)- ਦੇਸ਼ ਦੀਆਂ ਉੱਘੀਆਂ ਹਸਤੀਆਂ ਨੂੰ ਦੇਸ਼ ਦਾ ਸਰਵਉਚ ਐਵਾਰਡ ਦੇਣ ਦੀ ਰਵਾਇਤ ਨੂੰ ਤੋੜਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਮਾਰਸ਼ਲ ਆਫ ਦੀ ਏਅਰ ਫੋਰਸ ਸ੍ਰੀ ਅਰਜਨ ਸਿੰਘ ਵੱਲੋਂ ਦੇਸ਼ ਦੀ ਅਖੰਡਤਾ ਤੇ ਏਕਤਾ ਦੀ ਕਾਇਮੀ ਲਈ ਪਾਏ ਲਾਮਿਸਾਲ ਯੋਗਦਾਨ ਬਦਲੇ ਉਨਾਂ ਨੂੰ ਸਰਬਉਚ ਸਿਵਲੀਅਨ ਐਵਾਰਡ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਜਾਵੇ।ਇੱਥੇ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਭਾਰਤ ਸਰਕਾਰ ਦਾ ਇਹ ਵੱਕਾਰੀ ਸਨਮਾਨ ਸ੍ਰੀ ਅਰਜਨ ਸਿੰਘ ਨੂੰ ਦਿੱਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਕਿਉਂਕਿ ਫੌਜ ਦੇ ਜਰਨੈਲ ਫੀਲਡ ਮਾਰਸ਼ਲ ਸੈਮ ਮਾਣਕਸ਼ਾਅ ਅਤੇ ਫੀਲਡ ਮਾਰਸ਼ਲ ਕੇ.ਐਮ. ਕਰੀਅੱਪਾ ਤੋਂ ਬਾਅਦ ਸਿਰਫ ਅਰਜਨ ਸਿੰਘ ਹੀ ਹਨ ਜੋ ਅਜੇ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ ਅਤੇ ਹਵਾਈ ਸੈਨਾ ਵਿੱਚ ਵੱਖ-ਵੱਖ ਰੂਪ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਉਨਾਂ ਨੂੰ ਰੱਖਿਆ ਸੇਵਾਵਾਂ ਦੀ ਕੈਟਾਗਰੀ ਵਿੱਚ ‘ਭਾਰਤ ਰਤਨ’ ਦੇ ਯੋਗ ਬਣਾਉਂਦੀਆਂ ਹਨ ਜਦਕਿ ਇਹ ਐਵਾਰਡ ਹੁਣ ਤੱਕ ਵੱਖ-ਵੱਖ ਖੇਤਰ ਦੇ ਉੱਘੇ ਸਿਵਲੀਅਨਾਂ ਨੂੰ ਦਿੱਤਾ ਜਾਂਦਾ ਹੈ।

4
ਇੱਕ ਰੈਂਕ-ਇੱਕ ਪੈਨਸ਼ਨ’ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਉਣ ਦਾ ਭਰੋਸਾ

ਲੱਖਾਂ ਦੀ ਗਿਣਤੀ ਵਿੱਚ ਸੇਵਾਵਾਂ ਨਿਭਾਅ ਰਹੇ ਸੈਨਿਕਾਂ ਅਤੇ ਸੇਵਾ-ਮੁਕਤ ਸੈਨਿਕਾਂ ਦੀਆਂ ਮੰਗਾਂ ਪ੍ਰਤੀ ਆਵਾਜ਼ ਉਠਾਉਂਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ‘ਇਕ ਰੈਂਕ, ਇਕ ਪੈਨਸ਼ਨ’ ਦੀ ਚਿਰੋਕਣੀ ਮੰਗ ਫੌਰੀ ਤੌਰ ‘ਤੇ ਪ੍ਰਵਾਨ ਕੀਤੀ ਜਾਵੇ ਤਾਂ ਕਿ ਉਹ ਸੇਵਾ-ਮੁਕਤੀ ਉਪਰੰਤ ਸੁੱਖਾਂ ਭਰੀ ਜ਼ਿੰਦਗੀ ਬਤੀਤ ਕਰ ਸਕਣ। ਰੱਖਿਆ ਸੇਵਾਵਾਂ ਵਿੱਚ ਪੰਜਾਬੀਆਂ ਦੀ ਭਰਤੀ ਬਾਰੇ ਇਕ ਹੋਰ ਮੰਗ ਉਠਾਉਂਦਿਆਂ ਸ. ਬਾਦਲ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਪੰਜਾਬ ਦੇ ਬਹਾਦਰੀ ਭਰੇ ਲਾਮਿਸਾਲ ਵਿਰਸੇ ਦੇ ਮੱਦੇਨਜ਼ਰ ਭਰਤੀ ਪ੍ਰਕ੍ਰਿਆ ਵਿੱਚ ਪੁਰਸ਼ਾਂ ਦੀ ਆਬਾਦੀ ਅਧਾਰਿਤ ਪ੍ਰਣਾਲੀ ਨੂੰ ਵਾਪਸ ਲਿਆ ਜਾਵੇ ਤਾਂ ਕਿ ਪੰਜਾਬ ਜਿਸ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ 2.5 ਫੀਸਦੀ ਬਣਦਾ ਹੈ, ਦੇ ਨੌਜਵਾਨ ਵੀ ਵੱਧ ਤੋਂ ਵੱਧ ਆਪਣੀਆਂ ਸੇਵਾਵਾਂ ਨਿਭਾਅ ਸਕਣ ਸੈਨਿਕਾਂ ਤੇ ਸਾਬਕਾ ਸੈਨਿਕਾਂ ਲਈ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਵੱਖ-ਵੱਖ ਵਿਭਾਗਾਂ ਵਿੱਚ ਸੇਵਾ-ਮੁਕਤ ਸੈਨਿਕਾਂ ਲਈ ਰਾਖਵੀਂਆਂ ਅਸਾਮੀਆਂ ਦਾ ਬੈਕਲਾਗ ਪੂਰਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਜੰਗੀ ਵਿਧਵਾਵਾਂ ਲਈ ਮਕਾਨ ਦੀ ਉਸਾਰੀ ਲਈ ਕਰਜ਼ਾ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤਾ ਜਾਵੇਗਾ। ਇਸੇ ਤਰਾਂ ਜੰਗੀ ਜਗੀਰ ਵੀ ਪੰਜ ਹਜ਼ਾਰ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕੀਤੀ ਜਾਵੇਗੀ।

ਪ੍ਰਾਪਰਟੀ ਟੈਕਸ ਖਤਮ ਕਰਨ ਤੇ ਸੀ.ਐਸ.ਡੀ. ਵਸਤੂਆਂ ‘ਤੇ ਵੈਟ ਘਟਾਉਣ ਦਾ ਐਲਾਨ

ਸ. ਬਾਦਲ ਨੇ ਇਸ ਮੌਕੇ ਸੈਨਿਕਾਂ ਤੇ ਸਾਬਕਾ ਸੈਨਿਕਾਂ ਦਾ ਪ੍ਰਾਪਰਟੀ ਟੈਕਸ ਵੀ ਖਤਮ ਕਰਨ ਦਾ ਐਲਾਨ ਕੀਤਾ।ਸਾਬਕਾ ਸੈਨਿਕਾਂ ਦੀ ਇਕ ਹੋਰ ਮੰਗ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਸੀ.ਡੀ.ਐਸ. ਦੀਆਂ ਵਸਤੂਆਂ ਦੀ ਵਿਕਰੀ ‘ਤੇ ਵੈਟ ਦਰ 6.5 ਫੀਸਦੀ ਤੋਂ ਘਟਾ ਕੇ ੪ ਫੀਸਦੀ ਕਰਨ ਦਾ ਐਲਾਨ ਵੀ ਕੀਤਾ। ਫੌਜੀਆਂ ਤੇ ਸੇਵਾ-ਮੁਕਤ ਫੌਜੀਆਂ ਨੂੰ ਵੱਡੀਰਾਹਤ ਦਿੰਦਿਆਂ ਸ. ਬਾਦਲ ਨੇ ਐਲਾਨ ਕੀਤਾ ਕਿ ਜਲੰਧਰ ਵਿੱਚ ਫੌਜੀਆਂ ਲਈ ਵਿਸ਼ੇਸ਼ ਅਦਾਲਤ ਸਥਾਪਤ ਕੀਤੀ ਜਾਵੇਗੀ ਤਾਂ ਕਿ ਉਨਾਂ ਨੂੰ ਨਿਆਂ ਛੇਤੀ ਮਿਲ ਸਕੇ। ਇਸ ਦੇ ਨਾਲ ਹੀ ਜਲੰਧਰ ਤੇ ਅੰਮ੍ਰਿਤਸਰ ਵਿਖੇ ਦੋ ਪੁਲੀਸ ਥਾਣੇ ਵੀ ਖੋਲਣ ਦਾ ਐਲਾਨ ਕੀਤਾ, ਜਿੱਥੇ ਕਿਸੇ ਵੀ ਮਾਮਲੇ ਦੀ ਸੁਣਵਾਈ ਘੱਟੋ-ਘੱਟ ਐਸ.ਪੀ. ਦੇ ਰੈਂਕ ਦਾ ਅਧਿਕਾਰੀ ਕਰੇਗਾ।
ਸ. ਬਾਦਲ ਨੇ ਚੰਡੀਗੜ ਵਿਖੇ ਵਿੱਤ ਕਮਿਸ਼ਨਰ ਮਾਲ ਦੇ ਦਫਤਰ ਵਿੱਚ ਟੋਲ ਫਰੀ ਨੰਬਰ ਚਾਲੂ ਕਰਨ ਦਾ ਐਲਾਨ ਕੀਤਾ ਤਾਂ ਕਿ ਫੌਜੀਆਂ ਤੇ ਸਾਬਕਾ ਫੌਜੀਆਂ ਨੂੰ ਸਾਰੇ ਜ਼ਮੀਨੀ ਮਾਮਲੇ ਖਾਸ ਕਰਕੇ ਮਕਾਨ ਖਾਲੀ ਕਰਵਾਉਣ ਬਾਰੇ ਕੋਈ ਮੁਸ਼ਕਲ ਦੂਰ ਕੀਤੀ ਜਾ ਸਕੇ।
ਮੁਹਾਲੀ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਅਕੈਡਮੀ ਦੀ ਸਫਲਤਾ ਤੇ ਬਿਹਤਰ ਕਾਰਗੁਜ਼ਾਰੀ ਤੋਂ ਕਾਇਲ ਹੁੰਦਿਆਂ ਮੁੱਖ ਮੰਤਰੀ ਨੇ ਲੜਕੀਆਂ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਅਕੈਡਮੀ ਖੋਲਣ ਦਾ ਐਲਾਨ ਕੀਤਾ ਤਾਂ ਕਿ ਲੜਕੀਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਸੇਵਾ ਨਿਭਾਉਣ ਲਈ ਸਿਖਲਾਈ ਦਿੱਤੀ ਜਾ ਸਕੇ।
ਮੁੱਖ ਮੰਤਰੀ ਨੇ ਆਖਿਆ ਕਿ ਫੌਜ ਦਾ ਸਰਵਿਸ ਸਿਲੈਕਸ਼ਨ ਸੈਂਟਰ (ਨਾਰਥ) ਪੰਜਾਬ ਵਿੱਚ ਸਥਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਰੂਪਨਗਰ ਵਿਖੇ 200 ਏਕੜ ਜ਼ਮੀਨ ਮੁਹੱਈਆ ਕਰਵਾਈ ਜਾ ਚੁੱਕੀ ਹੈ ਜਿੱਥੇ ਰੱਖਿਆ ਸੇਵਾਵਾਂ ਵਿੱਚ ਅਫਸਰਾਂ ਦੀ ਭਰਤੀ ਕੀਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਰੂਪਨਗਰ ਵਿਖੇ ਉਚ ਦਰਜੇ ਦੀ ਨੇਵਲ ਅਕੈਡਮੀ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ ਤਾਂ ਕਿ ਨੌਜਵਾਨਾਂ ਨੂੰ ਜਲ ਸੈਨਾ ਵਿੱਚ ਭਰਤੀ ਲਈ ਸਿਖਲਾਈ ਦਿੱਤੀ ਜਾ ਸਕੇ।

ਸੈਨਿਕਾਂ, ਸਾਬਕਾ ਸੈਨਿਕਾਂ, ਜੰਗੀ ਵਿਧਵਾਵਾਂ ਤੇ ਐਨ.ਸੀ.ਸੀ. ਕੈਡਿਟਾਂ ਲਈ ਅਹਿਮ ਐਲਾਨ

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਐਨ.ਸੀ.ਸੀ. ਕੈਡਿਟਾਂ ਦੀ ਰਿਫੈਰਸ਼ਮੈਂਟ ੬ ਰੁਪਏ ਪ੍ਰਤੀ ਕੈਡਿਟ ਤੋਂ ਵਧਾ ਕੇ ੨੫ ਰੁਪਏ ਅਤੇ ਕੈਂਪਾਂ ਦੌਰਾਨ ਖੁਰਾਕ ਲਈ ੭੫ ਰੁਪਏ ਤੋਂ ਵਧਾ ਕੇ ੯੫ ਰੁਪਏ ਕਰਨ ਕੀਤੀ ਜਾਵੇਗੀ। ਇਸ ਮੌਕੇ ਕੈਡਿਟਾਂ ਨੇ ਮੁੱਖ ਮੰਤਰੀ ਦਾ ਤਾੜੀਆਂ ਨਾਲ ਧੰਨਵਾਦ ਕੀਤਾ।
ਦੇਸ਼ ਦੀ ਰਾਖੀ ਲਈ ਪੰਜਾਬ ਦੇ ਰੱਖਿਆ ਅਧਿਕਾਰੀਆਂ ਤੇ ਸੈਨਿਕਾਂ ਵੱਲੋਂ ਪਾਏ ਮਿਸਾਲੀ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇੱਥੇ ਅੰਮ੍ਰਿਤਸਰ-ਅਟਾਰੀ ਰੋਡ ‘ਤੇ 100 ਕਰੋੜ ਰੁਪਏ ਦੀ ਲਾਗਤ ਨਾਲ ਸੱਤ ਏਕੜ ਰਕਬੇ ਵਿੱਚ ਬਣਾਈ ਜਾ ਰਹੀ ਇਹ ਵਿਸ਼ਵ ਪੱਧਰੀ ਯਾਦਗਾਰ ਤੇ ਸਮਾਰਕ ਉਨਾਂ ਮਹਾਨ ਯੋਧਿਆਂ ਨੂੰ ਸਮਰਪਿਤ ਹੋਵੇਗਾ ਜਿਨਾਂ ਨੇ ਆਪਣੀ ਮਾਤ ਭੂਮੀ ਲਈ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਉਨਾਂ ਆਖਿਆ ਕਿ ਇਨਾਂ ਸੈਨਿਕਾਂ ਨੂੰ ਕੁਰਬਾਨੀ ਦੀ ਗੁੜਤੀ ਸਾਡੇ ਮਹਾਨ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂਂ ਮਿਲੀ ਹੈ ਜਿਨਾਂ ਨੇ ਮੁਗਲਾਂ ਹਾਕਮਾਂ ਦੇ ਜਬਰ, ਜ਼ੁਲਮ ਅਤੇ ਅਨਿਆਂ ਖਿਲਾਫ ਲੜਾਈ ਲੜੀ ਅਤੇ ਸਦਾ ਹੀ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਮਨੁੱਖਤਾ ਦੀ ਭਲਾਈ ‘ਤੇ ਪਹਿਰਾ ਦਿੱਤਾ।ਫੌਜੀਆਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਬਾਦਲ ਨੇ ਆਖਿਆ ਕਿ ਸੂਬਾ ਸਰਕਾਰ ਆਪਣੇ ਮਹਾਨ ਸਪੂਤਾਂ ਦੀ ਭਲਾਈ ਲਈ ਹਮੇਸ਼ਾ ਹੀ ਤਤਪਰ ਹੈ ਜਿਨਾਂ ਵੱਲੋਂ ਦੇਸ਼ ਵਾਸੀਆਂ ਦੀ ਸੁਖਦਾਇਕ ਜ਼ਿੰਦਗੀ ਲਈ ਔਖੀ ਤੋਂ ਔਖੀ ਸਥਿਤੀ ਨਾਲ ਵੀ ਨਿਪਟਿਆ ਜਾਂਦਾ ਹੈ।

PPP120206
ਆਪਣੇ ਸੰਬੋਧਨ ਵਿੱਚ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਫੌਜੀਆਂ ਦੀ ਚਿਰੋਕਣੀ ਮੰਗ ‘ਇਕ ਰੈਂਕ, ਇਕ ਪੈਨਸ਼ਨ’ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ। ਮੁੱਖ ਮਤੰਰੀ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨਾਂ ਆਖਿਆ ਕਿ ਅਜਿਹੀਆਂ ਜੰਗੀ ਯਾਦਗਾਰਾਂ ਹੋਰਨਾਂ ਸੂਬਿਆਂ ਵਿੱਚ ਵੀ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੇ ਨੌਜਵਾਨਾਂ ਵਿੱਚ ਦੇਸ਼ ਭਗਤੀ ਤੇ ਰਾਸ਼ਟਰਵਾਦ ਦੀ ਚਿਣਗ ਜਗਾਈ ਜਾ ਸਕੇ। ਸ. ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਦਿਲਾਂ ਵਿੱਚ ਵਸਾਉਂਦੀਆਂ ਤੇ ਸਤਿਕਾਰ ਦਿੰਦੀਆਂ ਹਨ।

ਉਪ ਮੁੱਖ ਮੰਤਰੀ ਵੱਲੋਂ ਵਿਸ਼ਵ ਪੱਧਰੀ ਯਾਦਗਾਰ ਦੀ ਸਥਾਪਨਾ ਲਈ ਮੁੱਖ ਮੰਤਰੀ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ

ਉਪ ਮੁੱਖ ਮੰਤਰੀ ਨੇ ਆਖਿਆ ਕਿ ਸਾਡੀ ਮਾਤ ਭੂਮੀ ਦੀ ਸੁਰੱਖਿਆ ਲਈ ਫੌਜ ਦੇ ਜਰਨੈਲਾਂ ਦੀ ਭੂਮਿਕਾ ਨੂੰ ਨਾ ਸਿਰਫ ਸੂਬੇ ਦੀ ਸਗੋਂ ਕੇਦਰੀ ਸਕੂਲਾਂ ਦੀ ਸਿੱਖਿਆ ਦਾ ਹਿੱਸਾ ਬਣਾਇਆ ਜਾਵੇ। ਉਨਾਂ ਨੇ ਫੌਜ ਵੱਲੋਂ ਸ਼ਾਂਤਮਈ ਖਾਸ ਕਰਕੇ ਹੜਾਂ, ਭੂਚਾਲ ਤੇ ਹੋਰ ਕੁਦਰਤੀ ਆਫ਼ਤਾਂ ਸਮੇਂ ਰਾਹਤ ਤੇ ਮੁੜ ਵਸੇਬੇ ਦੇ ਕਾਰਜਾਂ ਦੌਰਾਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਚੇਤੇ ਕੀਤਾ।

ਮਜੀਠੀਆ ਵੱਲੋਂ ਪਵਿੱਤਰ ਨਗਰੀ ਵਿੱਚ ਯਾਦਗਾਰ ਦੀ ਸਥਾਪਨਾ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ
PPP120204
ਸੂਚਨਾ ਤੇ ਲੋਕ ਸੰਪਰਕ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਧੰਨਵਾਦੀ ਸ਼ਬਦ ਬੋਲਦਿਆਂ ਆਖਿਆ ਕਿ ਪਵਿੱਤਰ ਨਗਰੀ ਵਿੱਚ ਬਣਨ ਵਾਲਾ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਲਗਪਗ ਇਕ ਲੱਖ ਸ਼ਰਧਾਲੂਆਂ ਨੂੰ ਆਪਣੇ ਮਹਾਨ ਨਾਇਕਾਂ ਨੂੰ ਸਿਜਦਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ ਇੱਥੇ ਆਉਂਦੇ ਹਨ। ਉਨਾਂ ਆਖਿਆ ਕਿ ਇਸ ਪਵਿੱਤਰ ਨਗਰੀ ਨੂੰ ਹੁਣ ਤੱਕ ਦੁਨੀਆ ਭਰ ਵਿੱਚ ਬਰਾਬਰਤਾ ਤੇ ਸ਼ਹਿਣਸ਼ੀਲਤਾ ਵਾਲੀ ਧਰਤੀ ਕਰਕੇ ਜਾਣਿਆ ਜਾਂਦਾ ਹੈ ਅਤੇ ਅੱਗੇ ਤੋਂ ਇਹ ਧਰਤੀ ਫੌਜ ਦੇ ਜਰਨੈਲਾਂ ਤੇ ਸੈਨਿਕਾਂ ਦੀਆਂ ਲਾਮਿਸਾਲ ਕੁਰਬਾਨੀਆਂ ਤੇ ਬਹਾਦਰੀ ਨੂੰ ਮੂਰਤੀਮਾਨ ਕਰਨ ਵਾਲੀ ਧਰਤੀ ਕਰਕੇ ਵੀ ਜਾਣੀ ਜਾਇਆ ਕਰੇਗੀ। ਉਨਾਂ ਕਿਹਾ ਕਿ ਇਹ ਪੰਜਾਬ ਲਈ ਹੋਰ ਵੀ ਜ਼ਰੂਰੀ ਤੇ ਸਾਰਥਿਕ ਹੈ ਜਿਸ ਨੂੰ ਸ਼ਹੀਦਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ।
ਇਸ ਮੌਕੇ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਸ਼ੰਕਰ ਰਾਏ ਚੌਧਰੀ ਨੇ ਫੌਜ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਮੂਰਤੀਮਾਨ ਕਰਦੀ ਇਸ ਯਾਦਗਾਰ ਦੀ ਉਸਾਰੀ ਲਈ ਕੀਤੇ ਯਤਨ ਬਦਲੇ ਮੁੱਖ ਮੰਤਰੀ ਦੀ ਭਰਵੀਂ ਸ਼ਲਾਘਾ ਕੀਤੀ। ਜਨਰਲ ਰਾਏ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਇਸ ਯਾਦਗਾਰ ਦਾ ਨੀਂਹ ਪੱਥਰ ਰੱਖ ਕੇ ਅੱਜ ਉਹ ਕੰਮ ਕਰ ਵਿਖਾਇਆ ਜਿਸ ਨੂੰ ਕੇਂਦਰ ਸਰਕਾਰ ਹੁਣ ਤੱਕ ਨਹੀਂ ਕਰ ਸਕੀ ਅਤੇ ਇਸ ਨਾਲ ਪੰਜਾਬ ਸਰਕਾਰ ਨੇ ਲੱਖਾਂ ਲੋਕਾਂ ਦੀਆਂ ਇਛਾਵਾਂ ‘ਤੇ ਫੁੱਲ ਚੜਾਏ ਹਨ। ਇਕ ਕਦਮ ਹੋਰ ਅੱਗੇ ਜਾਂਦਿਆਂ ਉਨਾਂ ਆਖਿਆ ਕਿ ਇਹ ਯਾਦਗਾਰ ਕੌਮੀ ਯਾਦਗਾਰ ਕਹਾਉਣ ਦੀ ਹੱਕਦਾਰ ਹੈ ਜਿਸ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।

ਪੰਜਾਬ ‘ਯੋਧਿਆਂ, ਜੇਤੂਆਂ ਤੇ ਸ਼ਹੀਦਾਂ’ ਦੀ ਪਵਿੱਤਰ ਧਰਤੀ-ਜਨਰਲ ਜੇ.ਜੇ. ਸਿੰਘ
PPP120205
ਇਸ ਮੌਕੇ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਪੰਜਾਬੀਆਂ ਦੀ ਸ਼ਹਾਦਤ ਵਾਲੇ ਜਜ਼ਬੇ ਨੂੰ ਸਿਜਦਾ ਕਰਦਿਆਂ ਆਖਿਆ ਕਿ ਪੰਜਾਬ ਸਿਰਫ ਪੰਜ ਦਰਿਆਵਾਂ ਦੀ ਧਰਤੀ ਨਹੀਂ ਸਗੋਂ ਇਹ ‘ਯੋਧਿਆਂ, ਜੇਤੂਆਂ ਤੇ ਸ਼ਹੀਦਾਂ’ ਦੀ ਪਵਿੱਤਰ ਧਰਤੀ ਵੀ ਹੈ। ਉਨਾਂ ਆਖਿਆ ਕਿ ਸਾਨੂੰ ਉਨਾਂ ਦੇ ਮਹਾਨ ਯੋਗਦਾਨ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਜਿਨਾਂ ਨੇ ਆਪਣੀ ਮਾਤ ਭੂਮੀ ਦੀ ਰੱਖਿਆ ਲਈ ਜੀਵਨ ਤੱਕ ਕੁਰਬਾਨ ਕਰ ਦਿੱਤਾ। ਉਨਾਂ ਆਖਿਆ ਕਿ ਇਹ ਵਿਲੱਖਣ ਯਾਦਗਾਰ ਰੱਖਿਆ ਸੇਵਾਵਾਂ ਦੇ ਸੈਨਿਕ ਤੋਂ ਲੈ ਕੇ ਜਰਨੈਲਾਂ ਦੇ ਮਹਾਨ ਵਿਰਸੇ ਤੇ ਕੁਰਬਾਨੀਆਂ ਨੂੰ ਮੂਰਤੀਮਾਨ ਕਰੇਗੀ। ਇਸ ਤੋਂ ਇਲਾਵਾ ਇਹ ਯਾਦਗਾਰ ਕੌਮੀ ਪੱਧਰ ‘ਤੇ ਅਜਿਹੀ ਯਾਦਗਾਰ ਕਇਮ ਕਰਨ ਲਈ ਮੁਹਿੰਮ ਛੇੜੇਗੀ। ਉਨਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਣ ਦੇ ਰੁਝਾਨ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਕਿਉਂਕਿ ਪੰਜਾਬ ਵਿੱਚ ਵੀ ਚੰਗੇ ਰੁਜ਼ਗਾਰ ਦੇ ਅਥਾਹ ਮੌਕੇ ਹਨ ਜਿਸ ਕਰਕੇ ਉਨਾਂ ਨੂੰ ਵਿਦੇਸ਼ਾਂ ਵਿੱਚ ਛੋਟੇ-ਮੋਟੇ ਕੰਮ-ਧੰਦਿਆਂ ਦੀ ਬਜਾਏ ਇੱਥੇ ਮਾਣ-ਸਤਿਕਾਰ ਵਾਲੀ ਜ਼ਿੰਦਗੀ ਬਤੀਤੀ ਕਰਨੀ ਚਾਹੀਦੀ ਹੈ। ਜਨਰਲ ਜੇ.ਜੇ. ਸਿੰਘ ਨੇ ਸਮੂਹ ਫੌਜੀਆਂ ਨੂੰ ਗਰੀਬ ਤੇ ਲੋੜਵੰਦ ਪਰਿਵਾਰਾਂ ਦਾ ਘੱਟੋ-ਘੱਟ ਇਕ-ਇਕ ਬੱਚਾ ਅਪਣਾਉਣ ਦੀ ਅਪੀਲ ਕੀਤੀ ਤਾਂ ਕਿ ਇਹ ਬੱਚੇ ਵੀ ਚੰਗੀ ਤਾਲੀਮ ਹਾਸਲ ਕਰਕੇ ਦੇਸ਼ ਦੀ ਸੇਵਾ ਕਰ ਸਕਣ।

PPP120203
ਇਸ ਮੌਕੇ ਮੁੱਖ ਮੰਤਰੀ ਨੇ ਸਮਾਰੋਹ ਵਿੱਚ ਖਿੱਚ ਦੇ ਕੇਂਦਰ ਰਹੇ ਮਾਰਸ਼ਲ ਆਫ ਦੀ ਏਅਰ ਫੋਰਸ ਸ੍ਰੀ ਅਰਜਨ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਜਨਰਲ (ਸੇਵਾ-ਮੁਕਤ) ਐਸ.ਕੇ ਸਿਨਹਾ, ਜਨਰਲ (ਸੇਵਾ-ਮੁਕਤ) ਜੇ.ਜੇ. ਸਿੰਘ, ਜਨਰਲ (ਸੇਵਾ-ਮੁਕਤ) ਸ਼ੰਕਰ ਰਾਏ ਚੌਧਰੀ, ਜਨਰਲ (ਸੇਵਾ-ਮੁਕਤ) ਦੀਪਕ ਕਪੂਰ, ਐਡਮਿਰਲ (ਸੇਵਾ-ਮੁਕਤ) ਵੀ.ਐਸ. ਸ਼ੇਖਾਵਤ ਅਤੇ ਮਾਧਵੇਂਦਰ ਸਿੰਘ ਨੂੰ ਸ਼ਾਲ ਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੇਵਾਵਾਂ ਨਿਭਾਅ ਰਹੇ ਤੇ ਸੇਵਾ-ਮੁਕਤ ਸੈਨਿਕਾਂ ਤੇ ਅਧਿਕਾਰੀਆਂ ਅਤੇ ਜੰਗੀ ਵਿਧਵਾਵਾਂ (ਵੀਰ ਨਾਰੀਆਂ) ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਚੁਨੀ ਲਾਲ ਭਗਤ, ਸ. ਗੁਲਜ਼ਾਰ ਸਿੰਘ ਰਣੀਕੇ ਤੇ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ, ਸ. ਅਮਰਪਾਲ ਸਿੰਘ ਬੋਨੀ ਤੇ ਸ. ਇੰਦਰਬੀਰ ਸਿੰਘ ਬੁਲਾਰੀਆ, ਭਾਜਪਾ ਦੇ ਸੂਬਾਈ ਪ੍ਰਧਾਨ ਸ੍ਰੀ ਕਮਲ ਸ਼ਰਮਾ, ਮੁੱਖ ਮਤੰਰੀ ਦੇ ਕੌਮੀ ਮਾਮਲਿਆਂ ਬਾਰੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਅਜੀਤ ਅਖਬਾਰ ਸਮੂਹ ਦੇ ਮੁੱਖ ਸੰਪਾਦਕ ਸ੍ਰੀ ਬਰਜਿੰਦਰ ਸਿੰਘ ਹਮਦਰਦ, ਇੰਡੀਅਨ ਐਕਸਪ੍ਰੈਸ ਦੇ ਰੈਜ਼ੀਡੈਂਟ ਐਡੀਟਰ ਸ੍ਰੀ ਵਿਪਨ ਪੱਬੀ, ਡੇਲੀ ਪੋਸਟ ਦੇ ਮੁੱਖ ਸੰਪਾਦਕ ਸ੍ਰੀ ਮਨੀਸ਼ ਤਿਵਾੜੀ, ਸਾਬਕਾ ਮੰਤਰੀ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਨਿਰਮਲ ਸਿੰਘ ਕਾਹਲੋਂ, ਸ. ਸੇਵਾ ਸਿੰਘ ਸੇਖਵਾਂ, ਕੈਪਟਨ ਬਲਬੀਰ ਸਿੰਘ ਬਾਠ ਤੇ ਬੀਬੀ ਜਗੀਰ ਕੌਰ, ਵਿਧਾਇਕ ਡਾ. ਦਲਜੀਤ ਸਿੰਘ ਚੀਮਾ,  ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਆਰ. ਲੱਧੜ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਅਸ਼ਵਨੀ ਕੁਮਾਰ ਤੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …

Leave a Reply