Monday, December 23, 2024

ਭਾਰਤੀ ਪੋਸਟ ਕਾਰਡ ਦੇ 135 ਸਾਲਾਂ ਦੀ ਕਹਾਣੀ- ਸ਼ੇਖ਼ ਇਫ਼ਤਿਖ਼ਾਰ ਹੁਸੈਨ ਦੀ ਜ਼ੁਬਾਨੀ

Post Card

ਲੋਕਾਂ ਵੱਲੋਂ ਵੱਖ-ਵੱਖ ਤਰਾਂ ਦੀਆਂ ਵਸਤੂਆਂ ਇਕੱਠੀਆਂ ਕਰਨ ਦੇ ਸ਼ੌਕ ਬਾਰੇ ਤੁਸੀਂ ਪੜਿਆ ਜਾਂ ਸੁਣਿਆ ਹੋਵੇਗਾ।ਪਰ ਮਲੇਰਕੋਟਲੇ ਦੇ ਰਹਿਣ ਵਾਲਾ ਸ਼ੇਖ਼ ਇਫ਼ਤਿਖ਼ਾਰ ਹੁ ਸੈਨ ਇੱਕ ਅਜਿਹਾ ਵਿਅਕਤੀ ਹੈ ਜਿਸ ਦਾ ਸ਼ੌਕ ਕੁੱਝ ਹੋਰਾਂ ਨਾਲੋਂ ਨਵੇਕਲਾ ਅਤੇ ਅਲੱਗ ਹੈ।ਸ਼ੇਖ਼ ਭਾਰਤ ਵਿਚ ਚੱਲਣ ਵਾਲੇ ਵੱਖ ਵੱਖ ਤਰਾਂ ਦੇ ਪੋਸਟ ਕਾਰਡ ਇਕੱਠੇ ਕਰ ਰਿਹਾ ਹੈ। ਉਸ ਦੇ ਇਸ ਸ਼ੌਕ ਬਾਰੇ ਗੱਲ ਕਰਨ ਤੇ ਉਸਨੇ ਦੱਸਿਆ ਕਿ ਭਾਰਤ ਵਿਚ ਸਭ ਤੋਂ ਪਹਿਲਾਂ ਸੰਨ 1879 ਈ. ਵਿਚ ਈਸਟ ਇੰਡੀਆ ਕੰਪਨੀ ਵੱਲੋਂ  ਚਲਾਇਆ ਗਿਆ। ਇਹ ਪੋਸਟ ਕਾਰਡ ਅਕਾਰ ਵਿਚ ਛੋਟਾ ਹੈ ਇਸ ਉੱਤੇ ਮਹਾਰਾਣੀ ਵਿਕਟੋਰੀਆ ਦੀ ਫੋਟੋ ਛਪੀ ਹੈ ਅਤੇ ਉਸ ਸਮੇਂ ਇਸ ਦੀ ਕੀਮਤ ਇਕ ਪੈਸਾ ਰੱਖੀ ਗਈ ਸੀ। ਮਹਾਰਾਣੀ ਵਿਕਟੋਰੀਆ ਤੋਂ ਬਾਦ ਆਉਣ ਵਾਲੇ ਸਾਰੇ ਹੀ ਅੰਗਰੇਜ਼ ਸ਼ਾਸ਼ਕਾਂ ਦੇ ਨਾਂ ਹੇਠ ਪੋਸਟ ਕਾਰਡ ਚੱਲੇ, ਜਿਹਨਾਂ ਵਿਚ ਐਡਵਰਡ ਸੱਤਵਾਂ, ਜਾਰਜ ਪੰਜਵਾਂ ਅਤੇ ਜਾਰਜ ਛੇਵਾਂ ਦੇ ਨਾਂ ਜ਼ੀਕਰ ਯੋਗ ਹਨ।ਐਡਵਰਡ ਸੱਤਵੇਂ ਦੇ ਸ਼ਾਸ਼ਨਕਾਲ ਵਿਚ ਪੋਸਟ ਕਾਰਡ ਦਾ ਆਕਾਰ ਵੱਡਾ ਕਰ ਦਿੱਤਾ ਗਿਆ।ਸਰਕਾਰੀ ਦਫ਼ਤਰਾਂ ਵਿਚ ਵਰਤੋਂ ਲਈ ਜਿਹੜੇ ਪੋਸਟ ਕਾਰਡ ਤਿਆਰ ਕੀਤੇ ਜਾਂਦੇ ਸਨ ਉਹਨਾਂ ਦੀ ਛਪਾਈ ਵੱਖਰੇ ਰੰਗ ਵਿਚ ਕੀਤੀ ਜਾਂਦੀ ਸੀ ਇਹ ਕਾਰਡ ਸਿਰਫ ਸਰਕਾਰੀ ਕੰਮ ਲਈ ਹੀ ਇਸਤੇਮਾਲ ਕੀਤੇ ਜਾਂਦੇ ਸਨ। ਸਮੇਂ ਦੇ ਨਾਲ ਪੋਸਟ ਕਾਰਡ ਦੀ ਕੀਮਤ ਵਿਚ ਵਾਧਾ ਵੀ ਹੁੰਦਾ ਰਿਹਾ। ਜਿਵੇਂ ਇਕ ਪੈਸਾ, 3 ਪਾਈ, ਅੱਧਾ ਆਨਾ, 9 ਪਾਈ, ਇਕ ਆਨਾਂ, ਸਵਾ ਆਨਾ, ਡੇਢ ਆਨਾ ਆਦਿ। ਅੰਗਰੇਜ਼ਾਂ ਦੇ ਭਾਰਤ ਉੱਤੇ ਸ਼ਾਸ਼ਨ ਕਾਲ ਸਮੇਂ ਉਹਨਾਂ ਵਲੋਂ ਭਾਰਤ ਦੀਆਂ ਵੱਖ ਵੱਖ ਦੇਸੀ ਰਿਆਸਤਾਂ ਦੇ ਰਾਜੇ, ਮਹਾਂਰਾਜਿਆਂ ਨੂੰ ਆਪਣੇ ਨਾਂ ਹੇਠ ਪੋਸਟ ਕਾਰਡ ਚਲਾਉਣ ਦੀ ਆਗਿਆ ਦਿੱਤੀ ਗਈ ਸੀ। ਇਹ ਆਗਿਆ ਦੋ ਤਰਾਂ ਦੀ ਸੀ। ਪਹਿਲੀ- ਕੁਝ ਵਿਸ਼ੇਸ਼ ਰਿਆਸਤਾਂ ਨੂੰ ਪੂਰਾ ਅਧਿਕਾਰ ਸੀ ਕਿ ਉਹ ਆਪਣੇ ਅਤੇ ਆਪਣੀ  ਰਿਆਸਤ ਦੇ ਨਾਂ ਤੇ ਪੋਸਟ ਕਾਰਡ ਛਪਾ ਕੇ ਚਲਾ ਸਕਦੇ ਸਨ। ਕਾਰਡਾਂ ਦੇ ਨਾਲ ਨਾਲ ਡਾਕ ਟਿਕਟਾਂ ਛਾਪਣ ਤੇ ਚਲਾਉਣ ਦੀ ਆਗਿਆ ਵੀ ਕੁਝ ਰਿਆਸਤਾਂ ਦੇ ਰਾਜਿਆਂ ਨੂੰ ਦਿੱਤੀ ਗਈ ਸੀ। ਦੂਜੀਆਂ ਕੁੱਝ ਰਿਆਸਤਾਂ ਨੂੰ ਇਹ ਅਧਿਕਾਰ ਅੱਧੇ ਸਨ। ਉਹਨਾਂ ਲਈ ਇਹ ਹੁਕਮ ਸੀ ਕਿ ਉਹ ਅੰਗਰੇਜ਼ਾਂ ਵਲੋਂ ਚਲਾਏ ਗਏ ਪੋਸਟ ਕਾਰਡ ਉੱਤੇ ਹੀ ਓਵਰ ਪ੍ਰਿੰਟ ਕਰਵਾ ਕੇ ਆਪਣੀ ਰਿਆਸਤ ਦਾ ਨਾਂ ਤੇ ਲੋਗੋ ਛਪਾ ਕੇ ਚਲਾ ਸਕਦੇ ਸਨ। ਜੇਕਰ ਵਾਧੂ ਡਾਕ ਟਿਕਟਾਂ ਲਗਾਉਣ ਦੀ ਲੋੜ ਪਏ ਤਾਂ ਉਹ ਅੰਗਰੇਜ਼ਾਂ ਵੱਲੋਂ ਚਲਾਈਆਂ ਡਾਕ ਟਿਕਟਾਂ ਉੱਤੇ ਹੀ ਆਪਣੀਰਿਆਸਤ ਦਾ ਨਾਂ ਓਵਰ ਪ੍ਰਿੰਟ ਕਰਵਾ ਸਕਦੇ ਸਨ।ਜਿਹਨਾਂ ਰਿਆਸਤਾ ਨੂੰ ਪੂਰੇ ਅਧਿਕਾਰ ਪ੍ਰਾਪਤ ਸਨ ਉਹਨਾਂ ਵਿਚ ਹੈਦਰਾਬਾਦ, ਟਰੈਵਨਕੋਰ-ਕੋਚੀਨ, ਜੂਨਾਗੜ, ਇੰਦੌਰ, ਜੈਪੁਰ, ਬਹਾਵਲ ਪੁਰ ਅਤੇ ਜਿਹਨਾਂ ਨੂੰ ਅੱਧੇ ਅਧਿਕਾਰ ਪ੍ਰਾਪਤ ਸਨ ਉਹਨਾਂ ਵਿਚ ਪਟਿਆਲਾ, ਜੀਂਦ, ਨਾਭਾ, ਫ਼ਰੀਦਕੋਟ, ਚੰਬਾ, ਗਵਾਲੀਅਰ ਸ਼ਾਮਲ ਸਨ ਆਦਿ।
ਅੰਗਰੇਜ਼ ਸ਼ਾਸ਼ਕਾਂ ਤੇ ਇਹਨਾਂ ਰਿਆਸਤਾਂ ਦੇ ਪੋਸਟ ਕਾਰਡ ਭਾਰਤ ਦੇ ਆਜ਼ਾਦ ਹੋਣ ਤੱਕ ਸੰਨ 1947 ਈ. ਤੱਕ ਚੱਲਦੇ ਰਹੇ। ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦੇ ਪਹਿਲੇ ਪੋਸਟ ਕਾਰਡ ਉੱਤੇ ਚਾਰ ਸ਼ੇਰਾਂ ਵਾਲੇ ਅਸ਼ੋਕ ਚਿੰਨ ਦੀ ਫੋਟੋ ਛਾਪੀ ਗਈ ਅਤੇ ਇਸ ਦੀ ਕੀਮਤ 3 ਪਾਈ ਅਰਥਾਤ ਇਕ ਪੈਸਾ ਰੱਖੀ ਗਈ।ਸੰਨ 1957 ਈ. ਤੱਕ ਦੇ ਪੋਸਟ ਕਾਰਡਾਂ ਉੱਤੇ ਕੀਮਤ ਪਾਈਆਂ ਅਤੇ ਆਨਿਆਂ ਵਿਚ ਹੀ ਛਪਦੀ ਰਹੀ।ਇਸ ਤੋਂ ਮਗਰੋਂ ਕੀਮਤ ਨਵੇਂ ਪੈਸਿਆਂ ਵਿਚ ਛਾਪੀ ਜਾਣ ਲੱਗ ਪਈ ਜਿਵੇਂ:- ਦਸ ਨਵੇਂ ਪੈਸੇ, 15 ਨਵੇਂ ਪੈਸੇ, 25 ਪੈਸੇ, 30 ਪੈਸੇ ਅਤੇ 50 ਪੈਸੇ।
ਭਾਰਤ ਸਰਕਾਰ ਵੱਲੋਂ ਸੰਨ 1969 ਈ. ਵਿਚ ਮਹਾਤਮਾ ਗਾਂਧੀ ਦੇ ਜਨਮ ਦੇ ਸੌ ਸਾਲ ਪੂਰੇ ਹੋਣ `ਤੇ ਮਹਾਤਮਾ  ਗਾਂਧੀ ਦੀਆਂ ਫੋਟੋਆਂ ਵਾਲੇ ਵੱਖ-ਵੱਖ ਤਰਾਂ ਦੇ ਪੋਸਟ ਕਾਰਡਾਂ ਦੇ ਤਿੰਨ ਸੈਟ ਵੀ ਜਾਰੀ ਕੀਤੇ ਗਏ।ਸੰਨ 1979 ਈ. ਵਿਚ ਭਾਰਤੀ ਪੋਸਟ ਕਾਰਡ ਨੂੰ ਚਲਦਿਆਂ ਸੌ ਸਾਲ ਹੋ ਗਏ ਸਨ।ਇਸ ਸੌ ਵੀ ਵਰੇ ਗੰਢ ਨੂੰ ਮਨਾਉਦਿਆਂ ਭਾਰਤੀ ਪੋਸਟ ਵਿਭਾਗ ਨੇ 15 ਪੈਸੇ ਕੀਮਤ ਦਾ ਇਕ ਸ਼ਪੈਸ਼ਲ ਪੋਸਟ ਕਾਰਡ ਜਾਰੀ ਕੀਤਾ।ਇਸ ਸ਼ਪੈਸ਼ਲ ਕਾਰਡ `ਤੇ ਹਾਥੀ ਦੀ ਫੋਟੋ ਛਾਪੀ ਗਈ।ਇਸ ਅਵਸਰ ਤੇ ਇਕ ਸ਼ਪੈਸ਼ਲ ਡਾਕ ਟਿਕਟ ਵੀ ਜ਼ਾਰੀ ਕੀਤੀ ਗਈ।ਇਸ ਟਿਕਟ ਉੱਤੇ 1879 ਈ. ਵਿਚ ਭਾਰਤ ਦੇ ਚੱਲੇ ਪਹਿਲੇ ਪੋਸਟ ਕਾਰਡ ਮਹਾਰਾਣੀ ਵਿਕਟੋਰੀਆ ਦੀ ਫੋਟੋ ਵਾਲੇ ਅਤੇ 1979 ਈ. ਵਿਚ ਚਲਾਏ ਹਾਥੀ ਵਾਲੇ ਪੋਸਟ ਕਾਰਡ ਦੀ ਫੋਟੋ ਛਾਪੀ ਗਈ।ਆਜ਼ਾਦੀ ਤੋਂ ਬਾਅਦ ਹੁਣ ਤੱਕ ਚੱਲਣ ਵਾਲੇ ਪੋਸਟ ਕਾਰਡਾਂ ਉੱਤੇ ਛਪੀਆ ਫੋਟੋਆਂ ਵਿਚ ਅਸ਼ੋਕ ਚਿੰਨ, ਤ੍ਰਿਮੂਰਤੀ, ਕੋਨਾਰਕ ਘੋੜਾ, ਸ਼ੇਰ, ਗੁਲਿਹਰੀ, ਗਾਂਧੀ ਜੀ, ਮੋਰ, ਹਾਥੀ, ਪੰਚ ਮਹਿਲ ਫ਼ਤਿਹ ਪੁਰ ਸੀਕਰੀ, ਰਥ ਮਹਾਬਲੀ ਪਰਮ, ਮੇਘਦੂਤ ਕਾਰਡ, ਹੋਮੀ ਭਾਭਾ ਆਦਿ ਵਰਨਣ ਯੋਗ ਹਨ।
ਅੰਤ ਵਿਚ ਮੈਂ ਪਾਠਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮਲੇਰਕੋਟਲਾ ਦੇ ਵਸਨੀਕ ਸ਼ੇਖ਼ ਇਫ਼ਤਿਖ਼ਾਰ ਹੁਸੈਨ ਦੀ ਕੁਲੈਕਸ਼ਨ ਵਿਚ 1879 ਈ. ਤੋਂ ਲੈ ਕੇ 2015 ਈ. ਤੱਕ ਦੇ 135 ਵਰਿਆਂ ਵਿਚ ਚੱਲਣ ਵਾਲੇ ਸਾਰੇ ਪੋਸਟ ਕਾਰਡ ਮੌਜੂਦ ਹਨ।

Taswinder Singh

 

 

 
ਪੇਸ਼ਕਸ਼
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ. ਸਮਰਾਲਾ
ਜਿਲਾ- ਲੁਧਿਆਣਾ
ਮੋ: 98763-22677

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply